ਲੋਕ ਧਾਰਾ : ਰਾਜਸਥਾਨੀ ਕਹਾਣੀ ''ਚੋਰ ਦੀ ਦਾਸਤਾਨ''

05/09/2020 6:20:42 PM

ਪਿਛਲੀ ਕਹਾਣੀ ਜਾਨਣ ਲਈ ਪੜ੍ਹੋ ਇਹ - ਲੋਕ ਧਾਰਾ : ਰਾਜਸਥਾਨੀ ਕਹਾਣੀ 'ਚੋਰ ਦੀ ਦਾਸਤਾਨ' 

ਬਾਕੀ ਦਾ ਹਿੱਸਾ...

ਅਨੁ.ਹਰਪਾਲ ਸਿੰਘ ਪੰਨੂ

7
ਚਾਰ ਦੀਵਾਰੀ ਅੰਦਰ ਲੰਘਣ ਪਿੱਛੋਂ ਦੂਜਾ ਸਦਰ ਦਰਵਾਜ਼ਾ ਆਇਆ। ਪਹਿਰੇਦਾਰਾਂ ਨੇ ਦੂਹਰੇ ਹੋ ਕੇ ਪ੍ਰਣਾਮ ਕਹੀ। ਅੱਗੇ ਚਲਾ ਗਿਆ। ਸੱਤਵੇਂ ਦਰਵਾਜ਼ੇ ਉੱਪਰ ਸਖ਼ਤ ਪਹਿਰਾ। ਹੱਥ ਜੋੜ ਕੇ ਪਹਿਰੇਦਾਰਾਂ ਨੇ ਕਿਹਾ- ਮਹਾਰਾਜੇ ਦੀ ਆਗਿਆ ਬਗ਼ੈਰ ਅੱਗੇ ਜਾਣਾ ਮਨ੍ਹਾ ਹੈ ਜੀ। ਆਪਣੇ ਮੁਖੋਂ ਕਹੋ ਕੌਣ ਹੋ, ਕਿਵੇਂ ਪਧਾਰਨਾ ਹੋਇਆ? ਅਸੀਂ ਮਹਾਰਾਜ ਨੂੰ ਦੱਸ ਦਿਆਂਗੇ ਕੌਣ ਆਏ ਹਨ ਕੀ ਕੰਮ ਆਏ ਹਨ।

-ਮੈਂ ਚੋਰ ਹਾਂ ਤੇ ਰਾਜ ਦਾ ਖ਼ਜ਼ਾਨਾ ਚੋਰੀ ਕਰਨ ਆਇਆ ਹਾਂ। ਤੁਸੀਂ ਅਤੇ ਤੁਹਾਡੇ ਮਹਾਰਾਜਾ ਰੋਕ ਸਕਦੇ ਹੋ ਤਾਂ ਰੋਕ ਲਉ। ਦਿਲ ਦੀ ਦਿਲ ਵਿਚ ਨਾ ਰੱਖਿਓ! ਪਹਿਰੇਦਾਰ ਡਰ ਗਏ ਕਿ ਪੁੱਛਗਿਛ ਕਰਨ ਕਰਕੇ ਮਹਿਮਾਨ ਨਾਰਾਜ਼ ਹੋ ਗਿਆ। ਸੁਣਿਆ ਸੀ ਨਵੇਂ ਦੀਵਾਨ ਦੀ ਨਿਯੁਕਤੀ ਹੋਈ ਐ, ਕਿਤੇ ਉਤੋ ਹੋਣ। ਏਨੀ ਆਣ ਬਾਣ ਹੋਰ ਕਿਸਦੀ ਹੋਵੇਗੀ? ਨਾਲੇ ਛੇ ਦਰਵਾਜ਼ੇ ਐਵੇਂ ਤਾਂ ਨਹੀਂ ਲੰਘ ਆਇਆ। ਕੁਹਣੀਆਂ ਤੱਕ ਹੱਥ ਜੋੜ ਕੇ ਬੋਲੇ- ਭੁੱਲ ਹੋ ਗਈ ਸਰਕਾਰ! ਮਾਫੀ ਬਖ਼ਸ਼ੋ। ਸਾਡੀ ਕੀ ਜੁਰਅਤ ਤੁਹਾਨੂੰ ਰੋਕਣ ਦੀ ਗੁਸਤਾਖੀ ਕਰੀਏ? 

ਮੁਸਕਰਾ ਕੇ ਅੱਗੇ ਵਧਿਆ। ਪਹਿਰੇਦਾਰ ਖ਼ੁਸ਼ ਹੋਏ ਕਿ ਉਨ੍ਹਾਂ ਨੂੰ ਮਾਫ਼ ਕਰ ਦਿੱਤਾ। ਐਨ ਖ਼ਜ਼ਾਨੇ ਕੋਲ ਜਾ ਕੇ ਘੋੜਾ ਰੋਕਿਆ। ਘੋੜਾ ਹਿਣਕਿਆ ਤਾਂ ਖ਼ਜ਼ਾਨਚੀ ਅੰਦਰੋਂ ਬਾਹਰ ਆਇਆ। ਹੱਥ ਜੋੜ ਕੇ ਬੋਲਿਆ- ਹਜ਼ੂਰ ਨੂੰ ਪਛਾਣਿਆਂ ਨਹੀਂ ਜੀ। ਉਸਨੇ ਕਿਹਾ- ਜਿਸ ਨੇ ਪਹਿਲਾਂ ਕਦੀ ਦੇਖਿਆ ਨਾ ਹੋਵੇ ਉਸਨੂੰ ਪਛਾਣਨ ਦਾ ਕਿਹੜਾ ਰਿਵਾਜ ਹੈ! ਮੈਂ ਚੋਰ ਹਾਂ ਅਤੇ ਖ਼ਜ਼ਾਨੇ ਵਿਚ ਚੋਰੀ ਕਰਨ ਆਇਆ ਹਾਂ।

ਖ਼ਜ਼ਾਨਚੀ ਤੁਰੰਤ ਜਾਣ ਗਿਆ ਕਿ ਨਵੇਂ ਦੀਵਾਨ ਜੀ ਹਨ, ਖ਼ਜ਼ਾਨੇ ਦੀ ਪੜਤਾਲ ਕਰਨ ਆਏ ਨੇ। ਪਛਾਣੇ ਨਹੀਂ ਨਾ, ਖਿਝ ਗਏ! ਤਾਹੀਂ ਟੇਢੀ ਗੱਲ ਕਰ ਰਹੇ ਹਨ। ਨੌਕਰੀ ਗਈ ਸਮਝੋ! ਥਰ ਥਰ ਕੰਬਦੇ ਨੇ ਪੁੱਛਿਆ- ਗਰੀਬ ਪਰਵਰ, ਅੰਨ੍ਹਾ ਅਤੇ ਅਨਜਾਣ ਇੱਕੋ ਜਿਹੇ ਹੋਇਆ ਕਰਦੇ ਹਨ। ਉਮਰ ਢਲਣ ਕਰਕੇ ਨਿਗ੍ਹਾ ਵੀ ਕਮਜ਼ੋਰ ਹੋ ਗਈ। ਇਹ ਕਹਿਕੇ ਲੱਕ ਨਾਲ ਬੰਨ੍ਹੀਆਂ ਹੋਈਆਂ ਚਾਬੀਆਂ ਦਾ ਗੁੱਛਾ ਖੋਲ੍ਹ ਕੇ ਦੀਵਾਨ ਨੂੰ ਸੌਂਪ ਦਿੱਤੀਆਂ। ਜੰਦਰੇ ਖੋਲ੍ਹ ਕੇ ਅੰਦਰ ਚਲਾ ਗਿਆ। ਘਬਰਾਇਆ ਹੋਇਆ ਖ਼ਜ਼ਾਨਚੀ ਬਾਹਰ ਖਲੋਤਾ ਰਿਹਾ। ਚੋਰ ਕੋਲ ਧਨ ਦੀ ਕਮੀ ਤਾਂ ਸੀ ਨਹੀਂ, ਦੁਨੀਆ ਨੂੰ ਦਿਖਾਉਣਾ ਸੀ ਕਿ ਸ਼ਾਹੀ ਖ਼ਜ਼ਾਨੇ ਨੂੰ ਸੰਨ੍ਹ ਲਾ ਸਕਦਾ ਹੈ। ਚੋਰੀ ਦਾ ਨਾਮ ਵੱਡਾ ਕਰਨਾ ਸੀ। ਚੁਣਕੇ ਜੇਬ ਵਿਚ ਪੰਜ ਮੋਤੀ ਪਾ ਲਏ, ਚਾਬੀਆਂ ਖ਼ਜ਼ਾਨਚੀ ਨੂੰ ਫੜਾ ਦਿੱਤੀਆਂ। 

ਵਾਪਸੀ ਵਕਤ ਕਿਸਨੇ ਰੋਕਣਾ ਸੀ? ਚਾਰਦਿਵਾਰੀਓਂ ਬਾਹਰ ਹੋਇਆ, ਘੋੜੇ ਨੂੰ ਅੱਡੀ ਲਾ ਦਿੱਤੀ। ਪਹਿਰੇਦਾਰ ਧੂੜ ਉਡਾਉਂਦੇ ਸਰਪਟ ਦੌੜੇ ਜਾਂਦੇ ਘੋੜੇ ਦੀਆਂ ਟਾੱਪਾਂ ਦੀ ਆਵਾਜ਼ ਸੁਣਦੇ ਰਹੇ। ਫਟਾਫਟ ਅੱਖੋਂ ਪਰੋਖੇ ਹੋ ਗਿਆ। 

ਜੰਦਰੇ ਮੁਹਰਬੰਦ ਕਰਨ ਤੋਂ ਪਹਿਲੋਂ ਖ਼ਜ਼ਾਨਚੀ ਨੇ ਖ਼ਜ਼ਾਨਾ ਪਰਖਿਆ। ਪੰਜ ਮੋਤੀ ਘੱਟ! ਗਿਣਨ ਵਿੱਚ ਕਿਤੇ ਗਲਤੀ ਤਾਂ ਨਹੀਂ ਹੋ ਗਈ? ਦੁਬਾਰਾ ਗਿਣਿਆ, ਤਿਬਾਰਾ ਗਿਣਿਆ। ਪੰਜ ਮੋਤੀ ਘੱਟ! ਕਿਵੇਂ ਪੂਰੇ ਹੋਣਗੇ? ਉਹ ਤਾਂ ਸੱਚਮੁੱਚ ਦਾ ਚੋਰ ਨਿਕਲਿਆ! ਰਾਮ ਜਾਣੇ ਰਾਜਾ ਕੀ ਦੰਡ ਦੇਵੇ। ਚੀਕ ਚਿਹਾੜਾ ਪਾਉਣ ਲੱਗਾ ਹੀ ਸੀ ਕਿ ਅਕਲ ਦੀ ਗੱਲ ਸੁੱਝੀ...! ਸੋਚਿਆ ਚੋਰੀ ਹੋਣੀ ਸੀ ਹੋ ਗਈ। ਇਲਜ਼ਾਮ ਤਾਂ ਸਾਰਾ ਚੋਰ ’ਤੇ ਆਏਗਾ। ਚੋਰਾਂ ’ਤੇ ਕੀ ਇਤਬਾਰ। ਉਨ੍ਹਾਂ ਨਾਲ ਦੇ ਪੰਜ ਮੋਤੀ ਆਪਣੇ ਬੋਝੇ ਵਿਚ ਪਾ ਲਏ। ਇਸ ਪਿੱਛੋਂ ਚੀਕਣ ਲੱਗਾ- ਚੋਰ! ਚੋਰ!

ਕਿਲ੍ਹੇ ਦੇ ਪਹਿਰੇਦਾਰ ਇਸ ਮੌਕੇ ਦੀ ਉਡੀਕ ਵਿਚ ਰਿਹਾ ਹੀ ਕਰਦੇ ਹਨ। ਚੋਰ ਚੋਰ ਦੀਆਂ ਆਵਾਜ਼ਾਂ ਸੁਣਨ ਸਾਰ ਭੱਜੇ ਆਏ। ਖ਼ਜ਼ਾਨੇ ਦੇ ਚਾਰੇ ਪਾਸੇ ਜਮਘਟਾ ਲੱਗ ਗਿਆ, ਸਾਰੇ ਇਕੱਠੇ ਹੋ ਕੇ ਰਾਜੇ ਕੋਲ ਗਏ।

8.
ਖ਼ਜ਼ਾਨਚੀ ਸਾਰਾ ਵਾਕਿਆ ਸੁਣਾ ਕੇ ਰੋਣ ਲੱਗਾ- ਅੰਨਦਾਤਾ, ਦਿਨ ਦਿਹਾੜੇ ਏਨਾ ਅਮੀਰ ਲਿਬਾਸ ਪਹਿਨ ਕੇ ਆਏ, ਸੀਨਾ ਤਾਣ ਕੇ ਖਲੋਵੇ, ਇਸ ਤੋਂ ਤਾਂ ਭਗਵਾਨ ਵੀ ਖ਼ਜ਼ਾਨਾ ਨਹੀਂ ਬਚਾ ਸਕਦਾ। ਮੇਰੀ ਤਾਂ ਔਕਾਤ ਹੀ ਕੀ!

ਸਾਰੇ ਪਹਿਰੇਦਾਰਾਂ ਨੇ ਖ਼ਜ਼ਾਨਚੀ ਦੀ ਪ੍ਰੋੜਤਾ ਕੀਤੀ, ਹੱਥ ਜੋੜ ਕੇ ਬੋਲੇ- ਮਾਈਬਾਪ ਇਹ ਚਾਕਰੀ ਸਾਡੇ ਤੋਂ ਨਹੀਂ ਹੋ ਸਕਦੀ। ਏਡੇ ਵੱਡੇ ਆਦਮੀ ਚੋਰੀ ਕਰਨ ਲੱਗਣ ਤਾਂ ਰਖਵਾਲੀ ਕਰੇਗਾ ਕੌਣ? ਜਿਹੜਾ ਸ਼ਰੇਆਮ ਕਹਿੰਦਾ ਹੈ ਮੈਂ ਚੋਰ ਹਾਂ, ਰੋਕ ਸਕਦੇ ਹੋ ਤਾਂ ਰੋਕ ਲਉ। ਅੰਨਦਾਤਾ ਚੋਰੀ ਦਾ ਨਵਾਂ ਤਰੀਕਾ ਹੈ ਇਹ। ਚੋਰ ਤਾਂ ਗਰੀਬ ਹੋਇਆ ਕਰਦੇ ਨੇ! ਵੱਡੇ ਲੋਕ ਚੋਰੀ ਕਰ ਵੀ ਲੈਣ ਉਨ੍ਹਾਂ ਨੂੰ ਚੋਰ ਕੌਣ ਕਹੇ? ਹਜ਼ੂਰ ਵੱਡੇ ਡਾਕੂ, ਵੱਡੇ ਲੁਟੇਰੇ ਤਾਂ ਰਾਜੇ ਕਹਾਉਂਦੇ ਨੇ। ਉਨ੍ਹਾਂ ਨੂੰ ਡਾਕੂ ਕੌਣ ਕਹੇ? ਕੋਈ ਕਹੇ ਤਾਂ ਸਿਰ ਕਲਮ ਨਾ ਕਰ ਦੇਣ? 

ਇਹ ਰਾਜਾ ਤਾਂ ਬਸ ਸਿੰਘਾਸਨ ਦੀ ਸ਼ੋਭਾ ਹੀ ਸੀ। ਨਿਆਂ, ਅਨਿਆਂ ਅਤੇ ਰਾਜਕਾਜ ਦੇ ਕੰਮਾਂ ਦਾ ਉਸਨੂੰ ਕੋਈ ਪਤਾ ਨਹੀਂ ਸੀ। ਉਲੂ ਵਾਂਗ ਸਭ ਦੀ ਗੱਲਬਾਤ ਸੁਣੀ ਜਾਂਦਾ, ਜਵਾਬ ਕੋਈ ਨਹੀਂ। ਰਾਜਭਾਗ ਰਾਣੀ ਸੰਭਾਲਦੀ। ਬੜੀ ਹੁਸ਼ਿਆਰ। ਸਾਰੀ ਗੱਲ ਸੁਣ ਕੇ ਬੋਲੀ- ਇਸ ਵਾਰਦਾਤ ਵਿਚ ਤੁਹਾਡਾ ਕੋਈ ਕਸੂਰ ਨਹੀਂ। ਤੁਹਾਡੀ ਥਾਂ ਦੀਵਾਨ ਜੀ ਹੁੰਦੇ ਉਹ ਕਿਹੜਾ ਸ਼ੱਕ ਕਰਦੇ? ਹੋਈ ਸੋ ਬੀਤੀ ਪਰ ਚੋਰ ਫੜਨਾ ਬਹੁਤ ਜ਼ਰੂਰੀ ਹੈ ਵਰਨਾ ਹਕੂਮਤ ਦਾ ਡਰ ਕੌਣ ਮੰਨੇਗਾ? ਇਹ ਤਾਂ ਚੋਰ ਦੀ ਮਿਹਰਬਾਨੀ ਜਾਣੋ ਕਿ ਸਾਰਾ ਖ਼ਜ਼ਾਨਾ ਲਿਜਾਣ ਦੀ ਥਾਂ ਬਸ ਦਸ ਮੋਤੀ ਲੈ ਗਿਆ। ਸਾਰਾ ਖ਼ਜ਼ਾਨਾ ਲੈ ਜਾਂਦਾ, ਕੌਣ ਸੀ ਰੋਕਣ ਵਾਲਾ? ਜਿੱਥੇ ਵੀ ਹੋਵੇ, ਫੜਕੇ ਮੇਰੇ ਸਾਹਮਣੇ ਪੇਸ਼ ਕਰੋ। ਚਾਹੇ ਸੱਤ ਆਕਾਸ਼ ਤੇ ਸੱਤ ਪਤਾਲ ਖੋਜਣੇ ਪੈਣ, ਫੜਨਾ ਪਏਗਾ। ਦੇਸ਼ ਦੀ ਇੱਜ਼ਤ ਦਾ ਸਵਾਲ ਹੈ।

ਰਾਣੀ ਦਾ ਹੁਕਮ ਸੁਣਨਸਾਰ ਫੌਜੀ ਟੁਕੜੀਆਂ ਚਾਰੇ ਦਿਸ਼ਾਵਾਂ ਵਿਚ ਚੜ੍ਹ ਚੱਲੀਆਂ। ਘੋੜੇ ਦੀਆਂ ਪੈੜਾਂ ਦੇ ਪਾਰਖੂ ਲਭਦੇ ਲਭਦੇ ਚੋਰ ਦੇ ਦਰਵਾਜ਼ੇ ਤੱਕ ਪੁੱਜ ਗਏ। ਆਰਾਮ ਨਾਲ ਉਹ ਆਪਣੀ ਬੈਠਕ ਵਿਚ ਸੌਂ ਰਿਹਾ ਸੀ। ਹਲਚਲ ਸੁਣੀ, ਉਠ ਕੇ ਬਾਹਰ ਆ ਗਿਆ। ਸਿਪਾਹੀਆਂ ਨੇ ਫੌਰਨ ਪਛਾਣ ਲਿਆ, ਇਹ ਤਾਂ ਕੱਲ੍ਹ ਵਾਲਾ ਘੋੜ ਸਵਾਰ ਹੈ! ਉਸਦੇ ਚਿਹਰੇ ਤੇ ਕੋਈ ਘਬਰਾਹਟ ਨਹੀਂ! ਇਹ ਕਿਹੀ ਅਣਹੋਣੀ? ਪੁੱਛਣ ਸਾਰ ਉਸਨੇ ਜੁਰਮ ਦਾ ਇਕਬਾਲ ਕਰ ਲਿਆ। ਕਿਹਾ- ਭਲੇਮਾਣਸੋ ਇਨੀ ਔਖ ਝੱਲਣ ਦੀ ਕੀ ਲੋੜ ਸੀ? ਮੈਂ ਤਾਂ ਤੁਹਾਨੂੰ ਕੱਲ੍ਹ ਹੀ ਦੱਸ ਦਿੱਤਾ ਸੀ ਮੈਂ ਚੋਰ ਹਾਂ ਤੇ ਰਾਜ ਦੇ ਖ਼ਜ਼ਾਨੇ ਵਿਚ ਚੋਰੀ ਕਰਨ ਚੱਲਿਆਂ।

ਸਿਪਾਹੀਆਂ ਨੇ ਜਦੋਂ ਕਿਹਾ ਸਾਡੇ ਨਾਲ ਚੱਲੋ, ਘੋੜਾ ਖੋਲ੍ਹਿਆ, ਬੀੜਿਆ, ਸਵਾਰ ਹੋਇਆ, ਬਿਨ ਕਿਸੇ ਹੀਲ ਹੁੱਜਤ ਇਤਰਾਜ਼ ਉਨ੍ਹਾਂ ਨਾਲ ਚੱਲ ਪਿਆ, ਡਰ ਨਾ ਭੈਅ। ਇਹੋ ਜਿਹਾ ਚੋਰ ਨਾ ਪਹਿਲਾਂ ਦੇਖਿਆ ਨਾ ਸੁਣਿਆ!

ਕਿਲ੍ਹੇ ਅੱਪੜਨ ਸਾਰ ਸ਼ੋਰ ਪੈ ਗਿਆ- ਚੋਰ ਫੜਿਆ ਗਿਆ! ਰਾਣੀ ਦੇ ਹੁਕਮ ਨਾਲ ਦਰਬਾਰ ਸਜਿਆ। ਨਾਮੀ ਗਰਾਮੀ ਚੋਰ ਦੇਖਣ ਵਾਸਤੇ ਦਰਬਾਰ ਹਾਲ ਖਚਾਖਚ ਲੋਕਾਂ ਨਾਲ ਭਰ ਗਿਆ। ਆਖ਼ਰ ਰਾਜਾ ਆਇਆ, ਚੁਪਚਾਪ ਰਾਣੀ ਦੇ ਨਾਲ ਵਾਲੇ ਸਿੰਘਾਸਨ ਤੇ ਬੈਠ ਗਿਆ। ਲੋਕਾਂ ਦੀ ਇੰਨੀ ਭੀੜ ਦੇਖ ਕੇ ਉਸਨੂੰ ਹੈਰਾਨੀ ਹੋਈ। ਤਿਲ ਰੱਖਣ ਵਾਸਤੇ ਥਾਂ ਨਹੀਂ! ਰਾਣੀ ਨੂੰ ਕਿਹਾ- ਚੋਰ ਨੂੰ ਦੇਖਣ ਵਾਸਤੇ ਏਨੀ ਭੀੜ? ਸਾਡੇ ਦਰਸ਼ਨ ਵਾਸਤੇ ਇਸ ਤੋਂ ਚੌਥਾ ਹਿੱਸਾ ਲੋਕ ਵੀ ਨਹੀਂ ਆਉਂਦੇ! ਇਹ ਰਾਜਾ ਹੋਣ ਦੇ ਯੋਗ ਹੈ।

ਰਾਣੀ ਨੇ ਅੱਖ ਦਾ ਇਸ਼ਾਰਾ ਕੀਤਾ, ਰਾਜਾ ਹੋਠਾਂ ਤੱਕ ਆਏ ਬੋਲ ਨੂੰ ਨਿਗਲ ਗਿਆ। ਕਦੇ ਚੋਰ ਨੂੰ ਦੇਖ ਕੇ ਮੁਸਕਰਾਉਂਦਾ ਕਦੇ ਪਰਜਾ ਦੇ ਇਕੱਠ ਨੂੰ ਦੇਖ ਕੇ। ਰਾਣੀ ਨੇ ਦੇਖਿਆ ਸਾਰੇ ਦਰਬਾਰ ਵਿਚ ਇੰਨਾ ਸੁਣੱਖਾ, ਰੋਅਬਦਾਬ ਵਾਲਾ ਕੋਈ ਬੰਦਾ ਨਹੀਂ ਜਿੰਨਾ ਚੋਰ। ਫੜੇ ਜਾਣ ਦੇ ਬਾਵਜੂਦ ਨਾ ਸ਼ਿਕਵਾ ਨਾ ਸ਼ਿਕਨ, ਨਾ ਡਰ, ਨਾ ਪਰਵਾਹ। 

9.

ਸ਼ਿਕਵਾ ਨਾ ਸ਼ਿਕਨ, ਨਾ ਡਰ, ਨਾ ਪਰਵਾਹ। ਯਕੀਨ ਨਹੀਂ ਆ ਰਿਹਾ! ਰਾਣੀ ਨੇ ਕਿਹਾ-ਸੱਚ ਦੱਸ ਤੂੰ ਕੌਣ ਹੈ। ਸੱਚ ਬੋਲੇਂਗਾ ਸਾਰੇ ਗੁਨਾਹ ਮਾਫ਼ ਕਰ ਦਿਆਂਗੇ। ਇੱਕੋ ਸਵਾਲ ਦਾ ਜਵਾਬ ਦਿੰਦਾ ਦਿੰਦਾ ਚੋਰ ਅੱਕ ਕੇ ਗੁੱਸੇ ਵਿਚ ਆ ਗਿਆ। ਸੋਨੇ ਦੀ ਛਟੀ ਹਵਾ ਵਿਚ ਹਿਲਾਉਂਦਿਆਂ ਕਿਹਾ- ਕਿੰਨੀ ਬਾਰ ਦੱਸਾਂ ਕਿ ਚੋਰ ਹਾਂ ਚੋਰ! ਸਭ ਨੂੰ ਹੁਸ਼ਿਆਰ ਕਰਕੇ ਖ਼ਜ਼ਾਨੇ ਵਿਚੋਂ ਚੋਰੀ ਕਰਨ ਆਇਆ ਸਾਂ।

-ਕਿੰਨੇ ਮੋਤੀ ਚੁਰਾਏ?
-ਪੰਜ।

ਰਾਣੀ ਨੇ ਖਜ਼ਾਨਚੀ ਨੂੰ ਪੁੱਛਿਆ- ਪਰ ਤੁਸੀਂ ਦੱਸਿਆ ਸੀ ਦਸ ਮੋਤੀ ਚੋਰੀ ਹੋਏ?

ਖ਼ਜ਼ਾਨਚੀ ਨੇ ਹੱਥ ਜੋੜ ਕੇ ਅਰਜ ਕੀਤੀ- ਅੰਨਦਾਤਾ, ਚੋਰਾਂ ਦਾ ਕੀ ਇਤਬਾਰ? ਇਹ ਸਰਾਸਰ ਝੂਠ ਬੋਲ ਰਿਹੈ।

ਚੋਰ ਨੇ ਕਿਹਾ- ਜੋ ਗੱਲ ਸੀ ਮੈਂ ਦੱਸ ਦਿੱਤੀ। ਚੋਰੀ ਕਰਦਾ ਹਾਂ, ਝੂਠ ਨਾ ਬੋਲਣ ਦਾ ਪ੍ਰਣ ਕੀਤਾ ਹੋਇਆ ਹੈ। ਛੇਵੇਂ ਮੋਤੀ ਨੂੰ ਹੱਥ ਨਹੀਂ ਲਾਇਆ।

ਰਾਣੀ ਨੂੰ ਚੋਰ ਦੀ ਗੱਲ ਸਹੀ ਲੱਗੀ। ਖਜ਼ਾਨਚੀ ਦੀ ਸ਼ਕਲ ਦੇਖਣ ਸਾਰ ਤਾੜ ਗਈ, ਦਾਲ ਵਿਚ ਕੁਝ ਕਾਲਾ ਹੈ। ਕੜਕ ਕੇ ਬੋਲੀ- ਖ਼ਜ਼ਾਨਚੀ ਕੋਰਾ ਝੂਠ ਬੋਲ ਰਿਹਾ ਹੈ। ਦੀਵਾਨ ਜੀ ਚਾਰ ਸਿਪਾਹੀ ਲੈ ਕੇ ਖ਼ਜ਼ਾਨਚੀ ਦੇ ਘਰ ਜਾ ਕੇ ਤਲਾਸ਼ੀ ਲਵੋ।

ਚੋਰ ਦੇ ਪੈਰਾਂ ਵਿਚ ਕਿੰਨਾ ਕੁ ਦਮ? ਖ਼ਜ਼ਾਨਚੀ ਦੇ ਮੂੰਹ ਉੱਪਰ ਹਵਾਈਆਂ ਉਡਣ ਲੱਗੀਆਂ। ਉਸ ਨੇ ਆਪਣੀ ਚੋਰੀ ਕਬੂਲ ਕਰ ਲਈ। ਘਰੋਂ ਮੋਤੀ ਲਿਆਕੇ ਕੰਬਦੇ ਹੱਥਾਂ ਨਾਲ ਦੀਵਾਨ ਜੀ ਦੇ ਸਪੁਰਦ ਕਰ ਦਿੱਤੇ। ਲੋਕਾਂ ਦੀ ਹੈਰਾਨੀ ਦੀ ਹੱਦ ਨਾ ਰਹੀ। ਇਸ ਚੋਰ ਨੇ ਤਾਂ ਵੱਡੇ ਵੱਡੇ ਦਿਆਨਤਦਾਰਾਂ ਨੂੰ ਮਾਤ ਦੇ ਦਿੱਤੀ! ਚੋਰ ਦਾ ਗੁਰੂ ਵੀ ਪਰਜਾ ਵਿਚ ਬੈਠਾ ਸੀ। ਚੇਲੇ ਦੀ ਦਲੇਰੀ ਦੇਖ ਦੇਖ ਉਸਦੀ ਛਾਤੀ ਤਣ ਰਹੀ ਸੀ।

ਦਰਬਾਰ ਵਿਚ ਖੜ੍ਹਾ ਹੋ ਕੇ ਫਖਰ ਨਾਲ ਬੋਲਿਆ- ਹਜ਼ੂਰ, ਇਹ ਮੇਰਾ ਚੇਲਾ ਹੈ। ਮੈਂ ਇਸਨੂੰ ਸੱਚ ਬੋਲਣ ਦੀ ਸਹੁੰ ਚੁਕਾਈ ਸੀ। ਉਸ ਦਿਨ ਤਾਂ ਮੈਨੂੰ ਵੀ ਯਕੀਨ ਨਹੀਂ ਸੀ ਕਿ ਇਹ ਆਪਣਾ ਪ੍ਰਣ ਨਿਭਾਵੇਗਾ। ਚੇਲੇ ਹੋਣ ਤਾਂ ਇਹੋ ਜਿਹੇ ਮਹਾਰਾਜ! ਇਹ ਸੁਣ ਕੇ ਰਾਣੀ ਦੀ ਖ਼ੁਸ਼ੀ ਹੋਰ ਵਧ ਗਈ। ਦੀਵਾਨ ਨੇ ਕਿਹਾ- ਇਸ ਚੋਰ ਦੀ ਸੱਚਾਈ ਉੱਪਰ ਅਸੀਂ ਬਹੁਤ ਖ਼ੁਸ਼ ਹਾਂ। ਖ਼ਜ਼ਾਨਚੀ ਤੋਂ ਫੜੇ ਗਏ ਪੰਜ ਮੋਤੀ ਵੀ ਇਸ ਨੂੰ ਦੇ ਦਿਉ ਪਰ ਚੋਰ ਨੇ ਰਾਣੀ ਦੀ ਮਿਹਰਬਾਨੀ ਕਬੂਲ ਨਹੀਂ ਕੀਤੀ। ਬੋਲਿਆ- ਮੈਂ ਕੋਈ ਬਾਹਮਣ ਨਹੀਂ ਜੋ ਦਾਨ ਵਾਸਤੇ ਹੱਥ ਫੈਲਾਵਾਂ!

PunjabKesari

ਨਾਚੀਜ਼ ਚੋਰ... ਸੁਫ਼ਨੇ ਵਿਚ ਵੀ ਕੋਈ ਨਾ ਸੋਚੇ ਭਰੇ ਦਰਬਾਰ ਵਿਚ ਕੋਈ ਰਾਣੀ ਵਲੋਂ ਦਿੱਤੀ ਸੁਗਾਤ ਠੁਕਰਾ ਦਏਗਾ। ਸੱਨਾਟਾ ਛਾ ਗਿਆ। ਰਾਣੀ ਨੂੰ ਗ਼ੁੱਸਾ ਆਇਆ ਕਰਦਾ ਤਾਂ ਸ਼ੇਰ ਵੀ ਉਸ ਨਾਲ ਅੱਖ ਨਾ ਮਿਲਾ ਸਕਦਾ ਹੁੰਦਾ। ਖਿਝ ਜਾਂਦੀ ਤਾਂ ਬਖ਼ਸ਼ੀਸ਼ ਦੀ ਗੱਲ ਛੱਡੋ, ਫਾਂਸੀ ਯਕੀਨਨ!

ਬੇਵਕੂਫ਼ ਸ਼ਾਇਦ ਰਾਣੀ ਦੇ ਸੁਭਾਅ ਤੋਂ ਵਾਕਫ ਨਹੀਂ! ਰਾਣੀ ਨੂੰ ਗ਼ੁੱਸਾ ਤਾਂ ਏਨਾ ਆਇਆ ਕਿ ਜੀਅ ਕੀਤਾ ਸਿਰ ਕਲਮ ਕਰਵਾ ਦਏ ਪਰ ਦੂਜੇ ਪਲ ਗੁੱਸਾ ਪੀ ਕੇ ਫਿਕੀ ਹਾਸੀ ਹਸਦੀ ਬੋਲੀ- ਮੈਨੂੰ ਪਤਾ ਸੀ ਉਲਟੀ ਖੋਪੜੀ ਵਾਲਾ ਚੋਰ ਇਹੋ ਕਹੇਗਾ। ਫਿਰ ਦੀਵਾਨ ਨੂੰ ਹੁਕਮ ਦਿੱਤਾ- ਇਹ ਦਸੇ ਮੋਤੀ ਇਸਦੇ ਗੁਰੂ ਨੂੰ ਦੇ ਦਿਉ। ਇਨ੍ਹਾਂ ਨੇ ਹੀ ਤਾਂ ਚੋਰ ਨੂੰ ਝੂਠ ਨਾ ਬੋਲਣ ਦੀ ਸਹੁੰ ਖਵਾਈ ਸੀ!

10.

ਚੋਰ ਵਾਕਈ ਉਲਟੀ ਖੋਪੜੀ ਦਾ! ਬੇਝਿਜਕ ਬੋਲਿਆ- ਪੰਜ ਮੋਤੀ ਤਾਂ ਮੇਰੀ ਕਮਾਈ ਦੇ ਨੇ, ਕਿਸ ਨੂੰ ਦੇਵਾਂ ਕਿਸ ਨੂੰ ਨਾ ਦੇਵਾਂ ਇਹ ਮੇਰੀ ਮਰਜ਼ੀ! ਇਸ ਵਾਰ ਦੀਵਾਨ ਆਪਣੇ ਆਪ ਨੂੰ ਰੋਕ ਨਾ ਸਕਿਆ। ਤਮਤਮਾ ਕੇ ਬੋਲਿਆ- ਚੰਡਾਲ ਦੀ ਜ਼ੁਬਾਨ ਜ਼ਿਆਦਾ ਲੰਮੀ ਹੋ ਗਈ ਹੈ! ਹਜ਼ੂਰ ਦੀ ਮਿਹਰ ਦਾ ਬੇਵਜਾ ਫਾਇਦਾ ਉਠਾ ਕੇ ਦੇਰ ਦਾ ਬਕਬਕ ਕਰ ਰਿਹਾ ਹੈ। ਚੋਰੀ ਫਿਰ ਸੀਨਾਜ਼ੋਰੀ? ਰਾਜ ਦੇ ਖ਼ਜ਼ਾਨੇ ਵਿਚੋਂ ਸ਼ਰੇਆਮ ਚੋਰੀ ਕਰਕੇ ਲੈ ਗਿਆ ਅਤੇ ਬੇਸ਼ਰਮ ਕਹਿੰਦਾ ਹੈ- ਮੇਰੀ ਕਮਾਈ ਹੈ!

ਚੋਰ ਨੇ ਕਿਹਾ- ਦੀਵਾਨ ਜੀ ਕਿਉਂ ਖਾਹਮਖਾਹ ਗੁੱਸਾ ਦਿਖਾ ਰਹੇ ਹੋ? ਅਸੀਂ ਸਭ ਖਾਲੀ ਮੁੱਠੀ ਆਏ, ਖਾਲੀ ਮੁੱਠੀ ਚਲੇ ਜਾਵਾਂਗੇ। ਕਹਿਣ ਨੂੰ ਤਾਂ ਆਪਣਾ ਸਰੀਰ ਵੀ ਆਪਣਾ ਨਹੀਂ! ਜਿਸਦਾ ਜਿੰਨਾ ਵਸ ਚਲਦਾ ਹੈ ਉਨੀ ਦੌਲਤ ਕਬਜ਼ੇ ਵਿਚ ਕਰ ਲੈਂਦਾ ਹੈ। ਕੋਈ ਛੋਟਾ ਚੋਰ ਕੋਈ ਵੱਡਾ ਚੋਰ...! ਵੱਡਾ ਚੋਰ ਛੋਟੇ ਚੋਰਾਂ ਨੂੰ ਸਜ਼ਾ ਦਿਆ ਕਰਦਾ ਹੈ। ਤੁਸੀਂ ਦੱਸੋ ਰਾਜ ਦੇ ਖ਼ਜ਼ਾਨੇ ਵਿਚ ਇਹ ਮੋਤੀ ਕਿੱਥੋਂ ਆਏ? ਰਾਜਾ ਹੋਏ ਜਾਂ ਰੰਕ, ਸਭ ਦੇ ਮੂੰਹੋਂ ਥੁੱਕ ਨਿਕਲਦਾ ਹੈ। ਜਿੰਨਾ ਕੋਈ ਲੁੱਟ ਸਕਦੈ, ਲੁੱਟ ਲੈਂਦੈ। ਖਾਲੀ ਹੱਥੀਂ ਲੁੱਟ ਨਹੀਂ ਹੋ ਸਕਦੀ। ਧਨ, ਧਰਤੀ ਤੇ ਤਲਵਾਰ ਦੀ ਤਾਕਤ ਹੋਵੇ, ਵਧੀਕ ਲੁੱਟ ਹੋ ਸਕਦੀ ਹੈ। ਵੱਡੇ ਚੋਰ ਤੇ ਛੋਟੇ ਚੋਰ ਵਿਚ ਇੰਨਾ ਕੁ ਫਰਕ ਹੈ ਬਸ। ਮੇਰੀ ਹੀ ਗੱਲ ਲੈ ਲਉ। ਝੂਠ ਬੋਲਿਆ ਕਰਦਾ, ਦੁਨੀਆ ਵੀ ਉਸਨੂੰ ਝੂਠ ਮੰਨਦੀ। ਬੁਰਕੀ ਬੁਰਕੀ ਦਾ ਮੁਥਾਜ ਸਾਂ। ਹੁਣ ਖਰਾ ਸੱਚ ਬੋਲਦਾ ਹਾਂ, ਦੁਨੀਆ ਝੂਠ ਮੰਨਦੀ ਹੈ! ਸੱਚ ਮੰਨਣ ਦੀ ਹਿੰਮਤ ਨਹੀਂ ਹੁੰਦੀ!

ਦੁਨੀਆ ਦੇ ਇਸ ਅਜਬ ਰਵੱਈਏ ਦਾ ਮੈਨੂੰ ਬੜਾ ਫਾਇਦਾ ਹੋਇਆ। ਬੇਅੰਤ ਧਨ ਹੱਥ ਲੱਗਾ। ਉਸਦੀਆਂ ਗੱਲਾਂ ਸੁਣ ਸੁਣ ਸਭ ਹੈਰਾਨ! ਰਾਣੀ ਉੱਪਰ ਜਿਵੇਂ ਜਾਦੂ ਹੋ ਗਿਆ ਹੋਵੇ। ਸੁਫ਼ਨਿਆਂ ਵਿਚ ਖੋਇਆ ਰਾਜਾ ਵੀ ਮੰਦ ਮੰਦ ਮੁਸਕਾਉਂਦਾ ਰਿਹਾ। ਖਜਾਂਚੀ ਨੂੰ ਸ਼ਰੇਆਮ ਸੌ ਜੁੱਤੀਆਂ ਦੀ ਸਜ਼ਾ ਮਿਲੀ। ਚੋਰ ਦੇ ਗੁਰੂ ਨੂੰ ਪੰਜ ਮੋਤੀ ਇਨਾਮ ਮਿਲੇ, ਉਸਨੇ ਖ਼ੁਸ਼ੀ-ਖ਼ੁਸ਼ੀ ਪ੍ਰਵਾਨ ਕੀਤੇ, ਸਿਰ ਨਿਵਾਇਆ। ਗੁੱਸੇ ਵਿਚ ਆ ਕੇ ਉਸ ਦਿਨ ਜੇ ਚੋਰ ਨੂੰ ਚੇਲਾ ਨਾ ਮੁੰਨਦਾ, ਇਹ ਸਹੁੰ ਨਾ ਖੁਆਉਂਦਾ, ਅੱਜ ਇੱਜ਼ਤ ਕਿਥੇ ਮਿਲਣੀ ਸੀ?

ਡੂੰਘੇ ਤਹਿਖਾਨੇ ਵਿਚ ਸੰਗਲਾਂ ਨਾਲ ਨੂੜਿਆ ਚੋਰ ਸੋਚਣ ਲੱਗਾ- ਸੂਰਜ ਦੇ ਹੁੰਦੇ ਸੁੰਦੇ ਇੱਥੇ ਘੁੱਪ ਹਨੇਰਾ ਹੈ। ਬੇਰਹਿਮ ਤਕੜੇ ਜਾਬਰਾਂ ਨੇ ਏਨੀ ਮਨਮਾਨੀ ਕੀਤੀ ਕਿ ਕਮਜ਼ੋਰ ਤੋਂ ਸੂਰਜ ਦੀ ਰੌਸ਼ਨੀ ਅਤੇ ਹਵਾ ਵੀ ਖੋਹ ਲਈ। ਵਸ ਚਲੇ ਜ਼ਮੀਨ ਜਾਇਦਾਦ ਨੇੜੇ ਫਟਕਣ ਨਾ ਦੇਣ ਕਦੀ!

ਹੌਲੀ-ਹੌਲੀ ਹਨੇਰਾ ਹੋਰ ਸੰਘਣਾ ਹੋਣ ਲੱਗਾ, ਲੱਗਿਆ ਰਾਤ ਹੋ ਗਈ। ਚਾਰੇ ਪਾਸੇ ਹਨੇਰੇ ਵਿਚ ਲਿਪਟਿਆ ਹਨੇਰਾ! ਅੱਜ ਤਾਂ ਤਾਰੇ ਦੀ ਹਲਕੀ ਰੌਸ਼ਨੀ ਵੀ ਕਿਸਮਤ ਵਿਚ ਨਹੀਂ ਲਿਖੀ! ਅਚਾਨਕ ਉਸਦੀਆਂ ਅੱਖਾਂ ਅੱਗੇ ਸ਼ਮਸ਼ਾਨਘਾਟ ਵਾਲੇ ਪਿੱਪਲ ਦੇ ਪੱਤੇ ਝਿਲਮਿਲਾਉਣ ਲੱਗੇ। ਪੂਰਨਮਾਸ਼ੀ ਦਾ ਚੰਦ ਚੜ੍ਹ ਆਇਆ। ਟਿੰਮ ਟਿੰਮ ਕਰਦੀ ਗਾਹੜੀ ਚਾਨਣੀ! ਅਨੰਤ... ਅਸੀਮ...!

ਸਾਂ ਸਾਂ ਕਰਦੀ ਵਗਦੀ ਹਵਾ! ਪੱਤੇ-ਪੱਤੇ ਦਾ ਫਰ-ਫਰ ਸੰਗੀਤ! ਪੱਤੇ ਪੱਤੇ ਉੱਪਰ ਛਮ ਛਮ ਨੱਚਦੀ ਚਾਨਣੀ! ਇਸ ਨਜ਼ਾਰੇ ਬਦਲੇ ਸਾਰੀ ਦੁਨੀਆ ਦੀ ਦੌਲਤ ਵੀ ਕਿਸ ਕੰਮ? ਅੱਖਾਂ ਦੇ ਐਨ ਸਾਹਮਣੇ ਹੋਣ ਦੇ ਬਾਵਜੂਦ ਨਜ਼ਾਰਾ ਕਿੰਨਾ ਅਗਮ, ਕਿੰਨਾ ਅਗੋਚਰ! ਦਿਸਦਾ ਹੋਇਆ ਵੀ ਨਹੀਂ ਦਿਸਦਾ! ਹੁੰਦਾ ਹੋਇਆ ਵੀ ਨਹੀਂ ਹੁੰਦਾ! ਅੱਜ ਇਸ ਹਨੇਰੇ ਵਿਚ ਉਸ ਨਜ਼ਾਰੇ ਦੀ ਮਹਾਨਤਾ ਦਾ ਪਤਾ ਲੱਗਿਆ!

11.

ਦਰਵਾਜ਼ਾ ਚਰਮਕਾਇਆ। ਹਲਕੀ ਰੌਸ਼ਨੀ ਦਿਸੀ। ਇਕ ਕੁੜੀ ਹੱਥ ਵਿੱਚ ਦੀਵਾ ਫੜੀ ਉਸ ਤੱਕ ਆਈ। ਰਾਣੀ ਦੀ ਖ਼ਾਸ ਭਰੋਸੇਮੰਦ ਬਾਂਦੀ। ਬੋਲੀ- ਤੁਹਾਨੂੰ ਰਾਣੀ ਸਾਹਿਬਾ ਨੇ ਯਾਦ ਫਰਮਾਇਆ ਹੈ।

-ਕਿਉਂ? ਚੋਰ ਦੇ ਮੂੰਹੋਂ ਸਵਾਲ ਨਿਕਲਿਆ।

-ਮੋਤੀਆਂ ਦੀ ਚੋਰੀ ਦਾ ਫੈਸਲਾ ਤਾਂ ਕਰਨਾ ਹੀ ਹੈ...! ਬਾਂਦੀ ਮੁਸਕਾਨ ਦਬਾਉਂਦੀ ਹੋਈ ਬੋਲੀ। ਇਹ ਕਹਿਕੇ ਦੀਵਾ ਫ਼ਰਸ਼ ਤੇ ਰੱਖਿਆ, ਸੰਗਲ ਖੋਲ੍ਹਣ ਲੱਗੀ। ਤਹਿਖਾਨੇ ਵਿੱਚ ਖਣਖਣਾਹਟ ਗੂੰਜੀ। ਚੁਪ ਚਾਪ ਨਾਲ ਤੁਰ ਪਿਆ। ਬਾਹਰ ਨਿਕਲਦਿਆਂ ਹੀ ਉੱਪਰ ਵੱਲ ਦੇਖਿਆ। ਤੇਰ੍ਹਵੀਂ ਦੇ ਚੰਦ ਦੀ ਧੌਲੀ ਚਾਨਣੀ ਚਾਰੇ ਦਿਸ਼ਾਵਾਂ ਵਿੱਚ ਇਕੋ ਜਿਹੀ ਫੈਲੀ ਹੋਈ! ਬਰੀਕ ਮਲਮਲ ਦੇ ਘੁੰਡ ਵਿਚ ਊਂਘਦੇ ਹੋਏ ਬੇਅੰਤ ਤਾਰੇ। ਅੱਧੀਆਂ ਪਲਕਾਂ ਮੁੰਦੀਆਂ ਹੋਈਆਂ। ਮਧੁਰ ਮਧੁਰ ਠੰਢੀ ਪੌਣ ਜਿਵੇਂ ਊਂਘਦੇ ਤਾਰਿਆਂ ਨੂੰ ਲੋਰੀ ਸੁਣਾਏ। ਜੇ ਹਨੇਰੇ ਦੀ ਸਜ਼ਾ ਨਾ ਹੁੰਦੀ, ਕੁਦਰਤ ਦੀ ਅਥਾਹ, ਅਸੀਮ, ਅਨਮੋਲ ਦੌਲਤ ਕਿਵੇਂ ਹੱਥ ਲਗਦੀ! ਹੈ ਕੋਈ ਅਜਿਹਾ ਜੌਹਰੀ ਜਿਹੜਾ ਅਸਮਾਨੀ ਖਿਲਰੇ ਮੋਤੀਆਂ ਦੀ ਪਰਖ ਕਰ ਸਕੇ, ਕਿਸੇ ਇਕ ਮੋਤੀ ਦੀ ਕੀਮਤ ਚੁਕਾ ਸਕੇ? ਉਹ ਕੁਦਰਤ ਦੀ ਸਾਰੀ ਮਾਇਆ ਦਾ ਮਾਲਕ ਬਣ ਗਿਆ। ਕਿਤੇ ਸੰਨ ਲਾਉਣ ਦੀ ਲੋੜ ਨਹੀਂ ਪਈ...!

ਬਾਂਦੀ ਪਿੱਛੇ ਪਿੱਛੇ ਧਮ ਧਮ ਪੌੜੀਆਂ ਚੜ੍ਹਦਾ ਰਾਣੀ ਦੇ ਰੰਗ ਮਹਿਲ ਵਿਚ ਪੁੱਜਾ! ਚਾਰੇ ਕੋਨਿਆਂ ਵਿਚ ਜਗਮਗਾਉਂਦੇ ਸੋਨੇ ਦੇ ਦੀਵੇ। ਸ਼ਿੰਗਾਰ ਨਾਲ ਲੱਦੀ ਰਾਣੀ! ਇਤਰ ਫੁਲੇਲ ਦੀ ਧੀਮੀ ਧੀਮੀ ਮਹਿਕ। ਚਾਂਦੀ ਦੀ ਚੌਕੀ ਉੱਪਰ ਸੋਨੇ ਦਾ ਥਾਲ, ਵਿਚ ਸੋਨੇ ਦੀਆਂ ਕੌਲੀਆਂ, ਕੌਲੀਆਂ ਵਿਚ ਬੱਤੀ ਪਰਕਾਰ ਦੇ ਪਕਵਾਨ। ਮਹਿਲ ਵਿਚ ਆਉਣ ਸਾਰ ਬਾਂਦੀ ਥਾਲ ਉੱਪਰ ਚੌਰ ਕਰਨ ਲੱਗੀ।

ਰਾਣੀ ਨੇ ਕਿਹਾ- ਦੱਸ ਨਹੀਂ ਸਕਦੀ ਤੁਹਾਡੀਆਂ ਗੱਲਾਂ ਸੁਣਕੇ ਕਿੰਨੀ ਖ਼ੁਸ਼ੀ ਹੋਈ। ਇਹੋ ਜਿਹੇ ਨੇਕਬਖ਼ਤ ਨੂੰ ਸਜ਼ਾ ਦੇਣੀ ਕਿੱਡਾ ਪਾਪ। ਮੇਰੇ ਹੁੰਦਿਆਂ ਰਾਜ ਵਿੱਚ ਅਨਿਆਂ ਨਹੀਂ ਹੋ ਸਕਦਾ। ਪਰ ਤੂੰ ਮੇਰੀ ਬਖ਼ਸ਼ੀਸ਼ ਮਨਜ਼ੂਰ ਨਹੀਂ ਕੀਤੀ! ਤੇਰੀ ਥਾਂ ਮੋਤੀ ਤੇਰੇ ਗੁਰੂ ਜੀ ਵੀ ਨਾ ਲੈਂਦੇ, ਮੇਰੀ ਤਾਂ ਸ਼ਾਨ ਮਿੱਟੀ ਵਿਚ ਮਿਲ ਜਾਂਦੀ? ਉਨ੍ਹਾਂ ਨੇ ਮੇਰੀ ਲਾਜ ਰੱਖੀ। ਚੇਲਾ ਇਹੋ ਜਿਹਾ ਹੈ ਤਾਂ ਗੁਰੂ ਅਜਿਹਾ ਕਿਉਂ ਨਾ ਹੋਵੇ? ਤੇਰੇ ਇਨਕਾਰ ਪਿੱਛੋਂ ਗੁੱਸਾ ਬੜੀ ਮੁਸ਼ਕਲ ਨਾਲ ਕਾਬੂ ਕੀਤਾ। ਪਰ ਹੁਣ ਮੇਰੀ ਕੋਈ ਗੱਲ ਨੀ ਟਾਲਣੀ। ਤੇਰੇ ਵਰਗਾ ਨੇਕ, ਸਮਝਦਾਰ ਤੇ ਖਰਾ ਦੀਵਾਨ ਮਿਲ ਜਾਵੇ ਤਾਂ ਰਾਜ ਕਰਨ ਦਾ ਕੁਝ ਹੋਰ ਈ ਮਜ਼ਾ ਆਏ!

ਚੋਰ ਨੇ ਕਿਹਾ-ਏਨੇ ਨਿਰਮਲ ਹਿਰਦੇ ਵਾਲੇ ਰਾਜੇ ਦੇ ਹੁੰਦੇ ਸੁੰਦੇ ਤੁਸੀਂ ਇਸ ਰਾਜਕਾਜ ਦੇ ਚਿੱਕੜ ਵਿਚ ਫਸਦੇ ਹੀ ਕਿਉਂ ਹੋ? ਉਨ੍ਹਾਂ ਦੀ ਮੁਸਕਾਨ ਦੇਖਣ ਸਾਰ ਮੈਂ ਜਾਣ ਗਿਆ ਸੀ ਉਨ੍ਹਾਂ ਵਰਗਾ ਉਜਲਾ ਹਿਰਦਾ ਕਿਸੇ ਰਾਜੇ ਦਾ ਨਹੀਂ ਹੋ ਸਕਦਾ! ਰਾਜਾ ਕਿੱਥੇ, ਉਹ ਤਾਂ ਦੇਵਤਾ ਹਨ। ਰਾਜਾ ਇਹੋ ਜਿਹਾ ਨਿਰਮਲ ਬੁੱਧ ਹੋਵੇ ਫਿਰ ਰਾਜ ਚਲਦਾ ਵੀ ਤਾਂ ਨਹੀਂ। ਉਨ੍ਹਾਂ ਦੀ ਮੁਸਕਾਨ ਮੈਨੂੰ ਦੇਸ਼ ਦੇ ਖ਼ਜ਼ਾਨੇ ਤੋਂ ਵਧੀਕ ਕੀਮਤੀ ਲੱਗੀ।

ਰਾਣੀ ਮੁਸਕਾਈ, ਬੋਲੀ- ਤੁਸੀਂ ਸਾਰੇ ਇਕੋ ਥੈਲੀ ਦੇ ਚੱਟੇ-ਵੱਟੇ ਹੋ। ਉਹ ਤੁਹਾਡੀ ਵਡਿਆਈ ਕਰਦੇ ਹਨ ਤੁਸੀਂ ਉਨ੍ਹਾਂ ਦੀ। ਕਿਸੇ ਨੂੰ ਨਹੀਂ ਪਤਾ ਤੁਹਾਨੂੰ ਦੇਖ ਕੇ ਉਨ੍ਹਾਂ ਕੀ ਕਿਹਾ ਸੀ। ਸੁਣਕੇ ਤੁਸੀਂ ਵੀ ਹੱਸੋਗੇ। ਇਸ਼ਾਰੇ ਨਾਲ ਮੈਂ ਚੁੱਪ ਨਾ ਕਰਵਾਉਂਦੀ ਪਤਾ ਨਹੀਂ ਕੀ ਅੰਟ ਸ਼ੰਟ ਬੋਲੀ ਜਾਂਦੇ। ਉਨ੍ਹਾਂ ਨੇ ਤਾਂ ਸੋਚ ਲਿਆ ਸੀ ਕਿ ਰਾਜਾ ਤੁਹਾਨੂੰ ਹੀ ਥਾਪ ਦਿੱਤਾ ਜਾਏ! ਉਨ੍ਹਾਂ ਨੇ ਵਸ ਹੋਵੇ ਉਹ ਇਹੀ ਕਰ ਦੇਣ। ਮੈਨੂੰ ਪਤੈ ਰਿਆਸਤ ਦੇ ਇਨੇ ਲੋਕ ਦਰਬਾਰ ਵਿਚ ਕਦੀ ਇਕੱਠੇ ਨਹੀਂ ਹੋਏ ਪਰ ਨਿਰੀ ਭੀੜ ਕੀ ਕਰਨੀ? ਭੀੜ ਦੇਖ ਕੇ ਭੋਲਾ ਰਾਜਾ ਹੈਰਾਨ ਹੋ ਗਿਆ! ਕਹਿੰਦੇ ਜਿਸ ਰਾਜੇ ਦੇ 

12.

ਦਰਬਾਰ ਵਿਚ ਇਸ ਤੋਂ ਇਕ ਚੁਥਾਈ ਪਰਜਾ ਹਾਜਰ ਨਹੀਂ ਹੁੰਦੀ ਉਸ ਨੂੰ ਸਿੰਘਾਸਨ ’ਤੇ ਬੈਠਣ ਦਾ ਹੱਕ ਨਹੀਂ। ਧਾਨ ਦਾ ਗੱਡਾ ਭਰਿਆ ਹੋਵੇ, ਇਕ ਮੁੱਠੀ ਵਿਚਲੇ ਦਾਣੇ ਦੱਸ ਦਿੰਦੇ ਨੇ ਵੰਨਗੀ ਕਿਹੋ ਜਿਹੀ ਹੈ। ਦੇਖ ਲਏ ਰਾਜਾ ਜੀ? ਬੱਚੇ ਵਰਗੇ ਮਾਸੂਮ, ਨਾ ਸਮਝ!

ਚੋਰ ਬੋਲਿਆ- ਮੈਂ ਤੁਹਾਡੀ ਗੱਲ ਨਹੀਂ ਮੰਨਦਾ। ਵੱਡੇ ਤੋਂ ਵੱਡੇ ਚੱਕਰਵਾਤੀ ਰਾਜੇ ਦਾ ਸਿੰਘਾਸਨ ਇਨਾ ਦੁੱਭਰ ਨਹੀਂ ਪਰ ਇਹੋ ਜਿਹਾ ਰਾਜਾ ਮੁਸ਼ਕਲ ਨਾਲ ਮਿਲਦਾ ਹੈ। ਤੁਸੀਂ ਭਾਗਾਂ ਵਾਲੇ ਹੋ, ਇਹੋ ਜਿਹੇ ਰਾਜਾ ਦੀ ਰਾਣੀ ਹੋ...!

ਫਿਰ ਸੋਨੇ ਦੇ ਥਾਲ ਵੱਲ ਇਸ਼ਾਰਾ ਕਰਕੇ ਚੋਰ ਬੋਲਿਆ- ਅੱਧੀ ਰਾਤ ਹੋਣ ਨੂੰ ਹੈ, ਫਿਰ ਵੀ ਖਾਣੇ ਨੂੰ ਹੱਥ ਨਹੀਂ ਲਾਇਆ ਮਾਲਕਣ?

ਮੁਸਕਾਉਂਦਿਆਂ ਬਾਂਦੀ ਨੇ ਕਿਹਾ- ਇਹ ਥਾਲ ਤਾਂ ਤੁਹਾਡੇ ਲਈ ਸਜਿਆ ਹੈ...!

ਤੇਜ਼ੀ ਨਾਲ ਚੋਰ ਬੋਲਿਆ- ਮੇਰੇ ਵਾਸਤੇ? ਮੈਂ ਤਾਂ ਕਸਮ ਖਾ ਰੱਖੀ ਹੈ ਸੋਨੇ ਦੇ ਥਾਲ ਵਿਚ ਖਾਣਾ ਨਹੀਂ ਖਾਣਾ। ਮੇਰੇ ਵਾਸਤੇ ਇਹ ਖਾਤਰਦਾਰੀ ਹੈ ਈ ਕਿਸ ਵਾਸਤੇ? ਯਕੀਨ ਨਹੀਂ ਹੁੰਦਾ ਚੋਰ ਦੀ ਇੰਨੀ ਖਾਤਰਦਾਰੀ ਹੋ ਸਕਦੀ ਹੈ! ਹੱਥ ਵਿਚ ਸੁੱਕੀ ਰੋਟੀ ਫੜਕੇ ਖਾਂਦਾ ਰਿਹਾਂ ਮੈਂ ਤਾਂ। ਇਹੋ ਜਿਹਾ ਖਾਣਾ ਨੀ ਪਚਦਾ ਮੈਨੂੰ, ਨਾ ਹੀ ਸਾਰੀ ਉਮਰ ਦੁਤਕਾਰੇ ਚੋਰ ਦੇ ਸੰਘ ਵਿਚੋਂ ਇਹ ਇੱਜ਼ਤ ਉੱਤਰੇ। ਉਸੇ ਤਹਿਖਾਨੇ ਵਿਚ ਕਿਸੇ ਹੱਥ ਦੋ ਟੁਕੜੇ ਭਿਜਵਾ ਦਿੰਦੇ...! ਮੇਰੇ ਵਾਸਤੇ ਉਹੀ ਬੱਤੀ ਪਕਵਾਨ ਹੁੰਦੇ!

ਰਾਣੀ ਬੜੀ ਹੁਸ਼ਿਆਰ। ਕਹਿੰਦੀ- ਹੀਰੇ ਦੀ ਕੀਮਤ ਜੋਹਰੀ ਜਾਣਦਾ ਹੈ। ਆਮ ਲੋਕ ਵਿਚਾਰੇ ਕੰਕਰ ਅਤੇ ਹੀਰੇ ਵਿਚ ਫਰਕ ਕੀ ਜਾਣਨ? ਹੱਕਦਾਰ ਬੰਦੇ ਨੂੰ ਇੱਜ਼ਤ ਨਾ ਮਿਲੇ ਤਾਂ ਅਨਿਆ ਹੈ। ਤੁਹਾਡੇ ਵਰਗਾ ਨੇਕ ਸਾਰੇ ਦੇਸ਼ ਵਿਚ ਇਕ ਵੀ ਨਹੀਂ। ਇਹੋ ਜਿਹੇ ਮਨੁੱਖ ਦੀ ਕਦਰ ਨਾ ਕਰੇ, ਰਾਣੀ ਲਈ ਸ਼ੋਭਨੀਕ ਨਹੀਂ। ਇਸ ਬਾਂਦੀ ਨੂੰ ਪੁੱਛ ਲਵੋ ਬੇਸ਼ੱਕ! ਮੈਂ ਤਾਂ ਇੱਥੋਂ ਤੱਕ ਫੈਸਲਾ ਕਰ ਲਿਆ ਹੈ ਕਿ ਆਉਂਦੀ ਇਕਾਦਸ਼ੀ ਨੂੰ ਠਾਕੁਰ ਜੀ ਵਾਂਗ ਤੁਹਾਡੀ ਝਾਕੀ ਕੱਢਾਂ, ਸੋਨੇ ਦੇ ਹੌਦੇ ਵਿਚ ਹਾਥੀ ਤੇ ਬਿਠਾ ਕੇ, ਚੌਰ ਕਰਦਿਆਂ ਤੁਹਾਡੀ ਸਵਾਰੀ ਗਲੀ ਗਲੀ ਘੁਮਾਵਾਂ...!

ਸੁਣਨਸਾਰ ਚੋਰ ਨੂੰ ਹਾਸਾ ਆ ਗਿਆ। ਹਸਦਿਆਂ ਦੇਖ ਰਾਣੀ ਚੁੱਪ ਹੋ ਗਈ। ਹਾਸਾ ਰੁਕਣ ’ਤੇ ਬੋਲਿਆ- ਮੇਰੇ ਉੱਤੇ ਯਕੀਨ ਨਾ ਆਵੇ ਤਾਂ ਗੁਰੂ ਜੀ ਨੂੰ ਪੁੱਛ ਲਿਉ। ਸੋਨੇ ਦੇ ਹੌਦੇ ਵਿਚ ਹਾਥੀ ’ਤੇ ਨਾ ਚੜ੍ਹਨ ਦੀ ਵੀ ਮੈਂ ਸਹੁੰ ਖਾ ਰੱਖੀ ਹੈ। ਮੇਰੇ ਨਸੀਬ...! ਪਤਾ ਨੀਂ ਕੀ ਸੋਚ ਕੇ ਇਹੋ ਜਿਹੇ ਪ੍ਰਣ ਕਰ ਲਏ, ਅੱਜ ਉਹੀ ਕੁਝ ਸਾਮ੍ਹਣੇ ਆ ਗਿਆ! ਦੇਖੋ, ਹੁਣ ਇਹ ਨਾਚੀਜ਼ ਚੋਰ ਤੁਹਾਡੀ ਗੱਲ ਮੰਨਣੋ ਨਾਂਹ ਕਰ ਰਿਹਾ ਹੈ। ਮੈਂ ਤਾਂ ਗੁਰੂ ਜੀ ਨਾਲ ਚੁਹਲ ਕਰਦੇ ਨੇ ਇਹੋ ਜਿਹੇ ਬਚਨ ਕੀਤੇ ਸਨ। ਉਸ ਦਿਨ ਪਤਾ ਹੁੰਦਾ ਇਹ ਚੀਜ਼ਾਂ ਮਿਲ ਜਾਣਗੀਆਂ ਮੈਂ ਮੂਰਖ ਵਚਨ ਕਿਉਂ ਦਿੰਦਾ? ਹੁਣ ਪਛਤਾਵਾਂ ਬੇਕਾਰ ਹੈ। ਹੁਣ ਤਾਂ ਮਰਕੇ ਵੀ ਪ੍ਰਣ ਨਹੀਂ ਤੋੜ ਸਕਦਾ, ਮਾਫ਼ੀ ਮੰਗਦਾ ਹਾਂ। ਗੁਣੀ ਲੋਕਾਂ ਦੀ ਇੱਜ਼ਤ ਕਰਨ ਦਾ ਗੁਣ ਕੇਵਲ ਤੁਹਾਡੇ ਵਿਚ ਦੇਖਿਆ। ਇਹ ਗੁਣ ਤਾਂ ਦੇਵਤਿਆਂ ਵਿਚ ਵੀ ਨਹੀਂ ਹੁੰਦਾ।

ਮੇਰੀ ਸੱਚਾਈ ਦੀ ਤੁਸੀਂ ਕਿੰਨੀ ਕਦਰ ਪਾਈ! ਉਮਰ ਭਰ ਅਹਿਸਾਨ ਰਹੇਗਾ। ਚੋਰੀ ਤਾਂ ਮੇਰਾ ਹੁਨਰ ਹੈ ਪਰ ਮੈਂ ਗੁਣਚੋਰ ਨਹੀਂ ਹਾਂ। ਗੱਲਾਂ ਸੁਣਕੇ ਰਾਣੀ ਦਾ ਮਨ ਬਾਗੋਬਾਗ ਹੋ ਗਿਆ। ਰਾਣੀ ਨੇ ਬਾਂਦੀ ਨੂੰ ਦੇਖਿਆ, ਬਾਂਦੀ ਨੇ ਰਾਣੀ ਨੂੰ। ਰਾਣੀ ਦੀਆਂ ਅੱਖਾਂ ਵਿਚ ਦਿਲ ਦੀ ਲਹਿਰਾਉਂਦੀ ਛੱਲ ਦੇਖੀ, ਬਿਨਾਂ ਕਹੇ ਬਾਹਰ ਚਲੀ ਗਈ। ਰਾਣੀ ਦਰਵਾਜ਼ਾ ਬੰਦ ਕਰਕੇ ਚੋਰ ਕੋਲ ਆਈ। ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਬੋਲੀਚੋਰ ਤਾਂ ਸੁੱਤੇ ਬੰਦੇ ਦੇ ਸੁਫ਼ਨਿਆਂ ਦਾ ਪਤਾ ਲਾ ਲੈਂਦੇ ਨੇ, ਤੁਸੀਂ ਏਨੇ ਬੇਸਮਝ ਕਿ ਜ਼ਬਾਨ ਤੇ ਆਈ ਗੱਲ ਦਾ ਪਤਾ ਨਹੀਂ ਲੱਗਿਆ? ਇਹ ਸਾਰਾ ਪ੍ਰਪੰਚ ਮੈਂ ਕਿਉਂ ਕੀਤਾ, ਤੁਹਾਨੂੰ ਇਸਦਾ ਰੰਚਕ ਮਾਤਰ ਵੀ ਇਲਮ ਨਹੀਂ ਹੈ? 

13.
ਹੁਣੇ ਤੁਸੀਂ ਕਿਹਾ ਤੁਸੀਂ ਗੁਣਚੋਰ ਨਹੀਂ। ਇਸ ਤੋਂ ਵਧੀਆ ਮੌਕਾ ਫਿਰ ਕਦ ਮਿਲੇਗਾ? ਹੁਣ ਚੋਰ ਇੰਤਜ਼ਾਰ ਨਾ ਕਰਵਾਉ। ਸੇਜ ਤੁਹਾਡੀ ਉਡੀਕਵਾਨ ਹੈ। ਰਾਣੀ ਨੇ ਉਸਦਾ ਹੱਥ ਫੜਿਆ, ਚੋਰ ਨੂੰ ਲੱਗਾ ਜਿਵੇਂ ਨਾਗਣ ਹੱਥ ਦੁਆਲੇ ਲਿਪਟ ਗਈ ਹੋਵੇ! ਰੋਮ-ਰੋਮ ਕੰਬ ਗਿਆ। ਝਟਕੇ ਨਾਲ ਹੱਥ ਛੁਡਾ ਲਿਆ।

ਕਿਹਾ- ਤੁਸੀਂ ਨਾਰਾਜ਼ ਹੋਵੋਗੇ, ਇਸ ਲਈ ਹਾੱਸਾ ਜਬਰਨ ਰੋਕ ਕੇ ਤੁਹਾਨੂੰ ਦੱਸਣਾ ਪੈ ਰਿਹਾ ਹੈ ਕਿ ਅਸਲੀਅਤ ਦਾ ਪਤਾ ਲੱਗਣਾ ਜ਼ਰੂਰੀ ਹੈ। ਵਾਕਈ ਮੈਂ ਰਾਣੀ ਦੀ ਮੰਜੀ ਉੱਪਰ ਨਾ ਸੌਣ ਦੀ ਸਹੁੰ ਖਾ ਰੱਖੀ ਹੈ। ਬਿਫਰੀ ਹੋਈ ਨਾਗਣ ਗੁੱਸੇ ਵਿਚ ਬੋਲੀ- ਉਏ ਬੇਵਕੂਫ਼, ਰਾਣੀ ਦੀ ਮੰਜੀ ਨਹੀਂ ਹੋਇਆ ਕਰਦੀ, ਸੋਨੇ ਦੀ ਸੇਜ ਹੁੰਦੀ ਹੈ।

-ਪਰ ਰਾਣੀ ਸਾਹਿਬਾ ਮਤਲਬ ਤਾਂ ਇੱਕੋ ਹੈ...! ਰਾਣੀ ਦੇ ਦਿਲ ਵਿਚੋਂ ਦੀ ਤੀਰ ਪਾਰ ਲੰਘ ਗਿਆ। ਇਸ ਪੱਥਰ ਨੂੰ ਕੌਣ ਸਮਝਾਵੇ? ਵੈਸੇ ਜੇ ਇਹ ਪੱਥਰ ਹੁੰਦਾ, ਸਮਝ ਵੀ ਜਾਂਦਾ। ਜਿਹੜਾ ਬੰਦਾ ਹੋ ਕੇ ਪੱਥਰ ਹੋ ਜਾਏ ਉਸ ਦਾ ਇਲਾਜ ਨਹੀਂ। ਹੁਣ ਕਰੇ ਤਾਂ ਕੀ ਕਰੇ? ਚਿਹਰਾ ਫੱਕ ਹੋ ਗਿਆ ਜਿਵੇਂ ਦੇਹ ਦਾ ਸਾਰਾ ਖੂਨ ਨੁੱਚੜ ਗਿਆ ਹੋਵੇ!

ਇਨਸਾਨ ਦੀਆਂ ਸਾਰੀਆਂ ਕਮਜ਼ੋਰੀਆਂ ਤੋਂ ਵਾਕਫ ਰਾਣੀ ਨੇ ਆਖ਼ਰੀ ਤੀਰ ਛੱਡਿਆ- ਤੁਸੀਂ ਕਿਹਾ ਸੀ ਰਾਜਾ ਜੀ ਇਨਸਾਨ ਨਹੀਂ ਦੇਵਤੇ ਹਨ... ਤਾਂ ਇਹੋ ਜਿਹੇ ਦੇਵਤੇ ਦੀ ਧਰਤੀ ਉੱਪਰ ਲੋੜ ਨਹੀਂ, ਦੇਵਲੋਕ ਦਾ ਰਾਜਾ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਦੇਵਲੋਕ ਪੁਚਾਣ ਅਤੇ ਤੁਹਾਨੂੰ ਰਾਜ ਸਿੰਘਾਸਨ ਉੱਪਰ ਬਿਰਾਜਮਾਨ ਕਰਨ ਦਾ ਜਿਮਾ ਮੇਰਾ! ਸਿੰਘਾਸਨ ਤੇ ਬੈਠਣ ਦੀ ਤਕਲੀਫ਼ ਤਾਂ ਤੁਹਾਨੂੰ ਕਰਨੀ ਪਵੇਗੀ ਹੀ ਪਵੇਗੀ! ਇਸ ਪਿੱਛੋਂ ਕੋਈ ਖਤਰਾ ਨਹੀਂ ਹੋਵੇਗਾ। ਰਾਣੀ ਹੋ ਕੇ ਤੁਹਾਡੇ ਪੈਰ ਫੜਦੀ ਹਾਂ, ਮੇਰੀ ਇੱਛਾ ਦਾ ਨਿਰਾਦਰ ਨਾ ਕਰੋ।

ਰਾਣੀ ਦਾ ਇਕ ਇਕ ਲਫ਼ਜ਼ ਸਾਫ਼ ਸੁਣਨ ਪਿੱਛੋਂ ਵੀ ਭੋਰਾ ਇਤਬਾਰ ਨਹੀਂ ਹੋਇਆ! ਬੰਦ ਤਹਿਖਾਨੇ ਵਿਚ ਲੇਟਿਆ ਕਿਤੇ ਕੋਈ ਸੁਫ਼ਨਾ ਤਾਂ ਨਹੀਂ ਦੇਖ ਰਿਹਾ? ਅੱਖਾਂ ਮਲ ਮਲ ਬਾਰ ਬਾਰ ਦੇਖਿਆ... ਸਾਫ਼, ਸਾਹਮਣੇ ਰਾਣੀ ਦਾ ਰੰਗ ਮਹਿਲ! ਚਾਰੇ ਕੋਨਿਆਂ ਵਿਚ ਜਗਮਗਾਉਂਦੇ ਸੋਨੇ ਦੇ ਦੀਵਟ। ਸੋਨੇ ਦਾ ਪਲੰਘ, ਉਸਦੇ ਪੈਰ ਫੜੀ ਬੈਠੀ ਰਾਣੀ! ਝਿਜਕਦਿਆਂ ਝਿਜਕਦਿਆਂ ਪੈਰ ਛੁਡਾਏ।

ਬਾਂਹ ਫੜ ਕੇ ਰਾਣੀ ਪਲੰਘ ਤੇ ਬਿਠਾਈ। ਬੋਲਿਆ- ਦੇਸ਼ ਦੀ ਮਾਲਕਣ ਹੋ ਕੇ ਇਹ ਕੀ ਪਾਗਲਪਣ ਕਰ ਰਹੇ ਹੋ? ਮਰਦੇ ਦਮ ਤੱਕ ਝੂਠ ਨਹੀਂ ਬੋਲਾਂਗਾ, ਮੈਂ ਤਾਂ ਇਹ ਸਹੁੰ ਵੀ ਖਾਈ ਬੈਠਾ ਹਾਂ ਕਿ ਮੈਂ ਕਿਸੇ ਦੇਸ਼ ਉੱਪਰ ਰਾਜ ਨਹੀਂ ਕਰਾਂਗਾ! ਕਰਮਹੀਣ ਦੇ ਫੁੱਟੇ ਭਾਗ ਨੂੰ ਵਿਧਾਤਾ ਵੀ ਨਹੀਂ ਬਦਲ ਸਕਦਾ!

ਦੇਸ਼ ਦੀ ਮਾਲਕਣ ਅੱਜ ਭਿਖਾਰਨ ਹੋ ਗਈ! ਸਿਸਕਦੀ ਬੋਲੀ- ਮੇਰੇ ਲੱਖ ਯਤਨ ਕਰਨ ਬਾਅਦ ਵੀ ਨਾ ਤੁਹਾਡਾ ਭਾਗ ਬਦਲਿਆ ਨਾ ਮੇਰਾ! ਵਸ ਲਗਦੇ ਮੈਂ ਤਾਂ ਆਪਣੇ ਵਲੋਂ ਕੋਈ ਕਸਰ ਨਹੀਂ ਛੱਡੀ। ਤੁਸੀਂ ਨਹੀਂ ਮੰਨੇ ਫਿਰ ਮੈਂ ਇਸਦਾ ਕੀ ਇਲਾਜ ਕਰਾਂ? ਤੁਸੀਂ ਮੰਨ ਜਾਂਦੇ ਕਿਸੇ ਦਾ ਕੋਈ ਕਸੂਰ ਨਹੀਂ ਸੀ ਪਰ ਹੁਣ ਤਾਂ ਸਾਰਾ ਕਸੂਰ ਮੇਰਾ ਹੀ ਮੰਨਿਆ ਜਾਏਗਾ ਨਾ? ਤੁਹਾਨੂੰ ਕੋਈ ਪੁੱਛੇ, ਅੱਜ ਦੀ ਰਾਤ ਦਾ ਭੇਦ ਕਿਸੇ ਨੂੰ ਹਰਗਿਜ਼ ਨਹੀਂ ਦੱਸਣਾ! ਮੇਰੀ ਇੱਜ਼ਤ ਹੁਣ ਤੁਹਾਡੇ ਹੱਥ...!

ਚੋਰ ਬੋਲਿਆ- ਪਰ ਮੇਰੇ ਗੁਰੂ ਜੀ ਨੇ ਵਚਨ ਲਿਆ ਹੈ ਕਿ ਮੈਂ ਕਦੀ ਝੂਠ ਨਹੀਂ ਬੋਲਣਾ! ਫਿਰ ਕਿਵੇਂ ਝੂਠ ਬੋਲਾਂਗਾ? ਸੁਣਦਿਆਂ ਅੱਗ ਬਗੂਲਾ ਹੋਈ ਰਾਣੀ ਪਲੰਘ ਤੋਂ ਉੱਠ ਖਲੋਤੀ। ਜਿਵੇਂ ਨਾਗਣ ਦੀ ਪੂਛ ਉੱਪਰ ਕਿਸੇ ਨੇ ਪੈਰ ਰੱਖ ਦਿੱਤਾ ਹੋਵੇ। ਤੁਰੰਤ ਡੱਸਣ ਵਾਸਤੇ ਪਿੱਛੇ ਵੱਲ ਲਪਕੀ, ਫੁੰਕਾਰਦਾ ਫਣ ਉਚਾ ਚੁੱਕਿਆ। 

14.

ਜੇ ਸੱਚ ਪ੍ਰਗਟ ਹੋ ਗਿਆ ਉਸਦਾ ਤਾਂ ਇਖਾਲਕ ਚੌਪਟ ਹੋ ਜਾਵੇਗਾ। ਸੀਲਵੰਤੀ ਰਾਣੀ ਅਤੇ ਸਿੰਘਾਸਨ ਨੂੰ ਆਂਚ ਲੱਗੇ, ਇਹੋ ਜਿਹਾ ਸੱਚ ਕੀ ਕਰਨਾ ਹੋਇਆ? ਇਸ ਸੱਚ ਨੂੰ ਕੌਣ ਸਹੇ? ਕਿਵੇਂ ਸਹੇ? ਜ਼ੋਰ ਜ਼ੋਰ ਦੀ ਚਿੱਲਾਈ- ਚੋਰ!... ਚੋਰ... ਚੋਰ...!

ਪਹਿਰੇਦਾਰ ਅਤੇ ਸਿਪਾਹੀ ਇਸੇ ਮੌਕੇ ਦੀ ਉਡੀਕ ਵਿਚ ਤਾਂ ਖਲੋਤੇ ਹੁੰਦੇ ਨੇ! ਆਵਾਜ਼ ਵੀ ਰੰਗ ਮਹਿਲ ਵਿਚੋਂ ਆਈ! ਉਹ ਵੀ ਰਾਣੀ ਦੇ ਮੁੱਖੋਂ...! ਨੰਗੀਆਂ ਤਲਵਾਰਾਂ ਲਹਿਰਾਉਂਦੇ ਉੱਡਦੇ ਆਏ। ਤਲਵਾਰਾਂ ਨੇ ਝੂਠ ਨਾ ਬੋਲਣ ਦੀ ਸਹੁੰ ਦਾ ਅੰਤ ਕਰ ਦਿੱਤਾ। ਸੱਤਾ ਦੀ ਤਾਕਤ ਅੱਗੇ ਸੱਚ ਕਿੰਨਾ ਕੁ ਚਿਰ ਠਹਿਰੇ? ਰਾਣੀ ਦੇ ਦੇਖਦਿਆਂ ਦੇਖਦਿਆਂ ਸੈਨਿਕਾਂ ਨੇ ਸੱਤਿਆਵਾਨ ਚੋਰ ਦੇ ਟੋਟੇ ਟੋਟੇ ਕਰ ਦਿੱਤੇ। ਸੱਚ ਅਤੇ ਝੂਠ ਦਾ ਨਿਬੇੜਾ ਕਰਨ ਵਾਸਤੇ ਸਮਾਂ ਕਿਸ ਕੋਲ?

ਚਾਹੀਦਾ ਸੀ ਇੱਥੇ ਮੁੱਕ ਜਾਂਦੀ ਪਰ ਰਾਣੀ ਦਾ ਚਰਿੱਤਰ ਕਹਾਣੀ ਕਿਵੇਂ ਖ਼ਤਮ ਹੋਣ ਦੇਵੇ? ਕਦਮ ਕਦਮ ਤੇ ਵਿੰਗੇ ਟੇਢੇ ਢੰਗ ਰਾਹੀਂ ਹੋਣੀ, ਕਹਾਣੀ ਨੂੰ ਅੱਗੇ ਵੱਲ ਖਿਚੀ ਤੁਰੀ ਜਾਂਦੀ ਹੈ। ਦੂਜੇ ਦਿਨ ਸੂਰਜ ਢਲਿਆ, ਫਿਰ ਰਾਤ ਪਈ। ਪਿਛਲੇ ਦਿਨ ਦੀ ਚਾਨਣੀ ਨਾਲੋਂ ਵੀ ਵਧੀਕ ਤਿੱਖੀ ਰੌਸ਼ਨੀ! ਉਹੀ ਰੰਗ ਮਹਿਲ, ਉਹੀ ਸੋਨੇ ਦਾ ਥਾਲ। ਉਹੀ ਦਾਸੀ, ਚੋਰ ਦੇ ਗੁਰੂ ਨੂੰ ਦੀਵੇ ਦੀ ਰੌਸ਼ਨੀ ਨਾਲ ਰਾਣੀ ਦੇ ਰੰਗ ਮਹਿਲ ਵਿਚ ਲੈ ਆਈ। ਗੁਰੂ ਵਾਸਤੇ ਤਾਂ ਕਿਸੇ ਕਸਮ, ਕਿਸੇ ਪ੍ਰਣ ਦਾ ਕੋਈ ਝੰਜਟ ਸੀ ਹੀ ਨਹੀਂ...! ਰਾਣੀ ਜੋ ਜੋ ਕਹਿੰਦੀ ਗਈ, ਗੁਰੂ ਮੰਨਦਾ ਗਿਆ। ਚੇਲੇ ਤੋਂ ਗੁਰੂ ਵੱਡਾ ਹੋਇਆ ਹੀ ਕਰਦਾ ਹੈ! ਰੰਗ ਮਹਿਲ ਦੀ ਉਸ ਅਣਮੋਲ ਰਾਤ ਬਾਅਦ ਫਿਰ ਦਿਨ ਚੜ੍ਹਿਆ।

ਸ਼ੁਭ ਮੰਗਲ ਘੜੀ ਦਾ ਮਹੂਰਤ ਲੱਭਿਆ। ਰਾਜੇ ਹੱਥੋਂ ਭੇਖਧਾਰੀ ਪੂਜਨੀਕ ਮਹਾਤਮਾ ਦੇ ਮੱਥੇ ਤੇ ਰਾਜਗੁਰੂ ਦਾ ਰਾਜਤਿਲਕ ਲੱਗਿਆ...!

ਰਾਜਗੁਰੂ ਦੇ ਰਾਜਤਿਲਕ ਬਾਅਦ ਢੋਲ ਵੱਜੇ...! ਨਗਾਰਿਆਂ, ਸ਼ਹਿਨਾਈਆਂ ਵਾਜਿਆਂ ਗਾਜਿਆਂ ਦੀਆਂ ਗੂੰਜਾਂ ਨਾਲ ਕਹਾਣੀ ਦਾ ਅੰਤ ਹੋਵੇ! ਮਾਮੂਲੀ ਚੋਰ ਦੇ ਖ਼ੂਨ ਵਿੱਚ ਲਥਪਥ ਕਹਾਣੀ ਬਿਲਕੁਲ ਚੰਗੀ ਨਹੀਂ ਲਗਦੀ...! 

94642-51454


rajwinder kaur

Content Editor

Related News