ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਮਗਰੋਂ ਦਿੱਲੀ ਵੱਲ ਵਧਿਆ ਟਿੱਡੀ ਦਲ, ਕਈ ਸੂਬਿਆਂ ''ਚ ਅਲਰਟ ਜਾਰੀ

05/27/2020 2:18:20 PM

ਨਵੀਂ ਦਿੱਲੀ— ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਕਹਿਰ ਵਰ੍ਹਾਉਣ ਤੋਂ ਬਾਅਦ ਟਿੱਡੀ ਦਲ ਰਾਜਧਾਨੀ ਦਿੱਲੀ ਵੱਲ ਆਪਣੇ ਕਦਮ ਵਧਾ ਰਿਹਾ ਹੈ। ਇੱਥੇ ਲੱਖਾਂ ਦੀ ਗਿਣਤੀ ਵਿਚ ਟਿੱਡੀਆਂ ਦੇ ਆਉਣ ਦਾ ਖਦਸ਼ਾ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਕਈ ਸੂਬਿਆਂ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਗਰਮੀ ਦੇ ਇਸ ਮੌਸਮ ਵਿਚ ਟਿੱਡੀ ਦਲ ਦਾ ਹਮਲਾ ਹੋਰ ਤੇਜ਼ ਹੋ ਗਿਆ ਹੈ, ਜਿਸ ਨਾਲ ਫਸਲਾਂ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਦਿੱਲੀ ਵੱਲ ਵੱਧਣ ਲੱਗਾ ਟਿੱਡੀ ਦਲ ਦਾ ਖਤਰਾ—
ਖੇਤੀਬਾੜੀ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਔਰੈਯਾ, ਇਟਾਵਾ, ਏਟਾ, ਫਰੂਖਾਬਾਦ, ਆਗਰਾ, ਫਿਰੋਜ਼ਾਬਾਦ, ਮਥੁਰਾ, ਬੁਲੰਦਸ਼ਹਿਰ ਤੱਕ ਟਿੱਡੀ ਦਲ ਦਾ ਕਾਫਿਲਾ ਪਹੁੰਚਣ ਲੱਗਾ ਹੈ। ਇਸ ਤੋਂ ਇਲਾਵਾ ਰਾਜਸਥਾਨ, ਹਰਿਆਣਾ ਦੇ ਮੇਵਾਤ ਹੁੰਦੇ ਹੋਏ ਟਿੱਡੀ ਦਲ ਰਾਜਧਾਨੀ ਦਿੱਲੀ ਵੱਲ ਵੱਧਣ ਲੱਗਾ ਹੈ। ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਲੈ ਕੇ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ। 

ਖੁਰਾਕ ਸੁਰੱਖਿਆ ਲਈ ਖਤਰਾ ਵਧ ਸਕਦਾ ਹੈ—
ਕੇਂਦਰੀ ਵਾਤਾਵਰਣ ਮੰਤਰਾਲਾ ਮੁਤਾਬਕ ਇਸ ਸਮੇਂ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ 'ਚ ਟਿੱਡੀ ਦਲਾਂ ਦਾ ਕਹਿਰ ਹੈ। ਸਭ ਤੋਂ ਵਧੇਰੇ ਰਾਜਸਥਾਨ ਪ੍ਰਭਾਵਿਤ ਹੋਇਆ ਹੈ। ਮੰਤਰਾਲਾ ਦੇ ਇਕ ਅਧਿਕਾਰੀ ਮੁਤਾਬਕ ਟਿੱਡੀ ਦਲ ਦੇ ਹਮਲੇ ਨਾਲ ਖੁਰਾਕ ਸੁਰੱਖਿਆ ਲਈ ਖਤਰਾ ਵਧ ਸਕਦਾ ਹੈ। ਟਿੱਡੀਆਂ ਦੀ ਦੁਨੀਆ ਭਰ ਵਿਚ 10 ਹਜ਼ਾਰ ਤੋਂ ਵਧੇਰੇ ਪ੍ਰਜਾਤੀਆਂ ਦੱਸੀਆਂ ਜਾਂਦੀਆਂ ਹਨ। ਭਾਰਤ 'ਚ ਮੁੱਖ ਰੂਪ ਤੋਂ ਚਾਰ ਪ੍ਰਜਾਤੀਆਂ ਰੇਗਿਸਤਾਨੀ ਟਿੱਡੀ, ਪ੍ਰਵਾਜਕ ਟਿੱਡੀ, ਬੰਬਈ ਟਿੱਡੀ ਅਤੇ ਦਰੱਖਤ ਵਾਲੀ ਟਿੱਡੀ ਹੀ ਸਰਗਰਮ ਰਹਿੰਦੀ ਹੈ।

ਕਿਸਾਨ ਕਰਨ ਇਹ ਉਪਾਅ—
ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਟਿੱਡੀ ਦਲ ਦੇ ਹਮਲੇ ਤੋਂ ਬਚਾਉਣ ਦੇ ਉਪਾਅ ਦੱਸੇ ਜਾ ਰਹੇ ਹਨ ਅਤੇ ਖੇਤੀਬਾੜੀ ਵਿਗਿਆਨਕ ਸਲਾਹ ਦੇ ਰਹੇ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਟਿੱਡੀ ਦਲ ਨੂੰ ਕੰਟਰੋਲ ਕਰਨ ਲਈ ਕਿਸਾਨ ਦੋ ਪ੍ਰਕਾਰ ਦੇ ਸਾਧਨ ਅਪਣਾ ਸਕਦੇ ਹਨ। ਕਿਸਾਨ ਟੋਲੀ ਬਣਾ ਕੇ ਰੌਲਾ ਪਾ ਸਕਦੇ ਹਨ, ਉੱਚੀ ਆਵਾਜ਼ ਦਾ ਕੋਈ ਯੰਤਰ ਵਜਾ ਕੇ ਟਿੱਡੀ ਦਲ ਨੂੰ ਡਰਾ ਕੇ ਦੌੜਾ ਸਕਦੇ ਹਨ। ਇਸ ਲਈ ਢੋਲ, ਟਰੈਕਟਰ, ਮੋਟਰਸਾਈਕਲ, ਖਾਲੀ ਟੀਨ ਦੇ ਡੱਬੇ, ਥਾਲੀਆਂ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਚੀਜ਼ਾਂ ਨਾਲ ਆਵਾਜ਼ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਕਿਸਾਨ ਟਿੱਡੀ ਦਲ ਦੇ ਕਹਿਰ ਤੋਂ ਬਚਾਅ ਲਈ ਕੀਟਨਾਸ਼ਕ ਦਵਾਈਆਂ ਦਾ ਇਸਤੇਮਾਲ ਕਰ ਸਕਦੇ ਹਨ।


Tanu

Content Editor

Related News