ਸਥਾਈ ਤੌਰ ’ਤੇ ਲਾਕਡਾਊਨ ਜਾਰੀ ਨਹੀਂ ਰੱਖ ਸਕਦੇ, ਲੋਕ ਜਿਥੇ ਹਨ, ਉਥੇ ਹੀ ਰਹਿਣ : ਜਾਵਡੇਕਰ

04/19/2020 8:35:42 PM

ਨਵੀਂ ਦਿੱਲੀ (ਭਾਸ਼ਾ) – ਕੌਮੀ ਲਾਕਡਾਊਨ ਦੌਰਾਨ ਦੇਸ਼ ’ਚ ਆਰਥਿਕ ਗਤੀਵਿਧੀਆਂ ਨੂੰ ਗਤੀ ਦੇਣ ਲਈ ਕੁਝ ਛੋਟ ਦਿੱਤੇ ਜਾਣ ਦੇ ਇਕ ਦਿਨ ਪਹਿਲਾਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਜੇਕਰ ਦੇਸ਼ ਕੋਰੋਨਾ ਵਾਇਰਸ ਦੇ ਸੰਕਟ ਨਾਲ ਬਿਹਤਰ ਢੰਗ ਨਾਲ ਨਜਿੱਠਣ ’ਚ ਸਫਲ ਰਹਿੰਦਾ ਹੈ ਤਾਂ ਲਾਕਡਾਊਨ ਦੇ ਨਿਯਮਾਂ ’ਚ ਹੋਰ ਛੋਟ ਦਿੱਤੀ ਜਾ ਸਕਦੀ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਥਾਈ ਤੌਰ ’ਤੇ ਲਾਕਡਾਊਨ ਜਾਰੀ ਨਹੀਂ ਰੱਖ ਸਕਦੇ। ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿੱਥੇ ਹਨ ਉਥੇ ਹੀ ਰਹਿਣ ਅਤੇ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦੀ ਪੂਰੀ ਤਰ੍ਹਾਂ ਪਾਲਣਾ ਕਰਨ। ਕੇਂਦਰੀ ਮੰਤਰੀ ਦੀ ਇਹ ਟਿੱਪਣੀ ਅਜਿਹੇ ਸਮੇਂ ’ਚ ਆਈ ਹੈ ਜਦੋਂ ਰਾਜਸਥਾਨ ਦੇ ਕੋਟਾ ’ਚ ਫਸੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਬੱਸਾਂ ਭੇਜਣ ਲਈ ਉੱਤਰ ਪ੍ਰਦੇਸ਼ ਸਰਕਾਰ ਦੇ ਫੈਸਲੇ ’ਤੇ ਵਿਵਾਦ ਪੈਦਾ ਹੋ ਗਿਆ ਹੈ।

 

ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹੀ ਸਮੇਂ ’ਤੇ ਲਾਕਡਾਊਨ ਕਰਨ ਦਾ ਸੱਦਾ ਦਿੱਤਾ ਅਤੇ ਹੁਣ ਲਾਕਡਾਊਨ ਜਾਰੀ ਰੱਖਦੇ ਹੋਏ ਅੰਸ਼ਿਕ ਤੌਰ ’ਤੇ ਆਰਥਿਕ ਗਤੀਵਿਧੀਆਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨਫੈਕਸ਼ਨ ਦੀ ਵਧਦੀ ਦਰ ਉਮੀਦ ਤੋਂ ਕਾਫੀ ਘੱਟ ਹੈ ਜਿਸ ਦੀ ਦੁਨੀਆ ਸ਼ਲਾਘਾ ਕਰ ਰਹੀ ਹੈ। 1.3 ਅਰਬ ਆਬਾਦੀ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਹੁਣ ਤਕ ਇਸ ਨਾਲ ਚੰਗੀ ਤਰ੍ਹਾਂ ਨਜਿੱਠ ਸਕੇ ਹਾਂ।

ਪੇਂਡੂ ਅਰਥਵਿਵਸਥਾ ਨੂੰ ਗਤੀ ਦੇਣ ਲਈ ਅੱਜ ਤੋਂ ਦਿੱਤੀਆਂ ਜਾਣ ਵਾਲੀਆਂ ਛੋਟਾਂ

ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਜੇਕਰ ਇਹ ਸੁਧਾਰ ਜਾਰੀ ਰਹਿੰਦਾ ਹੈ ਤਾਂ ਲੋਕਾਂ ਨੂੰ ਹੋਰ ਰਾਹਤ ਮਿਲ ਸਕਦੀ ਹੈ। ਜਾਵਡੇਕਰ ਨੇ ਕਿਹਾ ਕਿ 20 ਅਪ੍ਰੈਲ ਤੋਂ ਦਿੱਤੀਆਂ ਜਾਣ ਵਾਲੀਆਂ ਛੋਟਾਂ ਮੁੱਖ ਤੌਰ ’ਤੇ ਪੇਂਡੂ ਅਰਥਵਿਵਸਥਾ ਨੂੰ ਗਤੀ ਦੇਣ ਲਈ ਹਨ। ਉਨ੍ਹਾਂ ਨੇ ਨਾਲ ਹੀ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ’ਚ ਸਥਿਤੀ ’ਚ ਸੁਧਾਰ ਦੇ ਨਾਲ ਸ਼ਹਿਰਾਂ ’ਚ ਵੀ ਆਰਥਿਕ ਗਤੀਵਿਧੀਆਂ ਸ਼ੁਰੂ ਹੋਣਗੀਆਂ।

28 ਦਿਨ ਬਾਅਦ ਸੜਕ ਤੇ ਰਾਜਮਾਰਗਾਂ ਦਾ ਕੰਮ ਹੋਵੇਗਾ ਸ਼ੁਰੂ

ਕੇਂਦਰੀ ਮੰਤਰੀ ਨੇ ਕਿਹਾ ਕਿ ਸਾਰੇ ਤਰ੍ਹਾਂ ਦੀ ਮਾਲ ਢੁਆਈ ਸ਼ੁਰੂ ਹੋ ਜਾਏਗੀ। ਅਜੇ ਤਕ ਸਿਰਫ ਜ਼ਰੂਰੀ ਵਸਤਾਂ ਦੀ ਢੁਆਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ ’ਚ ਜਿਨ੍ਹਾਂ ਨੂੰ ਰੋਜ਼ਗਾਰ ਦਾ ਨੁਕਸਾਨ ਉਠਾਉਣਾ ਪਿਆ ਹੈ ਉਨ੍ਹਾਂ ਨੂੰ ਤੁਰੰਤ ਕਰੀਬ 200 ਰੁਪਏ ਹਰ ਦਿਨ ਮਿਲਣ ਲੱਗਣਗੇ। ਮੰਤਰੀ ਨੇ ਕਿਹਾ ਕਿ 28 ਦਿਨਾਂ ਤੋਂ ਬਾਅਦ ਸੜਕ ਤੇ ਰਾਜਮਾਰਗਾਂ ਦੇ ਕੰਮ ਨੂੰ ਸ਼ੁਰੂ ਕੀਤਾ ਜਾਵੇਗਾ।


Inder Prajapati

Content Editor

Related News