ਲੋਕਲ ਬਾਡੀ ਚੋਣਾਂ: ਕਸ਼ਮੀਰ ’ਚ ਖਿੜਿਆ ਕਮਲ, ਪਹਿਲੀ ਵਾਰ ਭਾਜਪਾ ਦੇ 5 ਉਮੀਦਵਾਰ ਬਿਨਾਂ ਵਿਰੋਧ ਜਿੱਤੇ

09/29/2018 12:38:07 PM

ਸ਼੍ਰੀਨਗਰ, (ਮਜੀਦ, ਏਜੰਸੀਆਂ)–ਜੰਮੂ-ਕਸ਼ਮੀਰ ’ਚ ਲੋਕਲ ਬਾਡੀ ਚੋਣਾਂ ਵਿਚ ਅਜਿਹਾ ਪਹਿਲਾਂ ਵਾਰ ਹੋਇਆ ਹੈ, ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 5 ਉਮੀਦਵਾਰਾਂ ਨੇ ਕਸ਼ਮੀਰ ਵਿਚ ਜਿੱਤ ਦਰਜ ਕੀਤੀ ਹੈ। ਉਕਤ ਸਾਰੇ ਉਮੀਦਵਾਰ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ  ਹਨ।
ਸੂਬੇ ਵਿਚ ਹੋਈਆਂ ਲੋਕਲ ਬਾਡੀ ਚੋਣਾਂ ਦਾ ਦੋ ਪ੍ਰਮੁੱਖ ਪਾਰਟੀਆਂ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਅਤੇ ਨੈਸ਼ਨਲ ਕਾਨਫਰੰਸ ਨੇ ਬਾਈਕਾਟ ਕੀਤਾ ਸੀ। ਇਸ ਦੇ ਨਾਲ ਹੀ ਵੱਖਵਾਦੀਆਂ  ਨੇ ਵੀ ਵਾਦੀ ਵਿਚ ਇਨ੍ਹਾਂ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਹਾਲਾਂਕਿ ਕਸ਼ਮੀਰ ਵਿਚ  ਚੋਣ ਬਾਈਕਾਟ ਤੋਂ ਬਾਅਦ ਵੀ ਪਹਿਲੀ ਵਾਰ ਕਮਲ ਖਿੜਿਆ ਹੈ। ਸੂਬੇ ਵਿਚ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਲਾਭ ਸਿੱਧਾ ਜਨਤਾ ਨੂੰ ਮਿਲ ਰਿਹਾ ਹੈ, ਜਿਸ ਦਾ ਪ੍ਰਭਾਵ ਜਨਤਾ ’ਤੇ ਪਿਆ ਹੈ। ਕੇਂਦਰ ਨੇ ਉਜਵਲਾ ਯੋਜਨਾ ਦੇ ਤਹਿਤ ਰਸੋਈ ਗੈਸ, ਟਾਇਲਟ ਦੀ ਸਹੂਲਤ, ਰਾਸ਼ਨ ਦੀ ਸਪਲਾਈ, ਪ੍ਰਧਾਨ ਮੰਤਰੀ ਅਵਾਸ ਯੋਜਨਾ ਦਾ ਲਾਭ ਜਨਤਾ ਨੂੰ ਦਿੱਤਾ ਹੈ।


ਕਸ਼ਮੀਰ ਵਿਚ ਲੋਕਲ ਬਾਡੀ ਚੋਣਾਂ ਲਈ ਪਰਚਾ ਭਰਨ ਦੀ ਨਿਰਧਾਰਿਤ ਮਿਤੀ ਖਤਮ ਹੋ ਗਈ ਹੈ। 8 ਅਕਤੂਬਰ ਨੂੰ ਉਥੇ ਚੋਣਾਂ ਹੋਣੀਆ ਹਨ ਪਰ ਭਾਜਪਾ ਵਲੋਂ ਪਰਚਾ ਭਰਨ ਵਾਲੇ ਇਨ੍ਹਾਂ ਪੰਜੇ ਉਮੀਦਵਾਰਾਂ ਵਿਰੁੱਧ ਕਿਸੇ ਦੂਸਰੀ ਪਾਰਟੀ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਨਹੀਂ ਭਰੀ ਹੈ। ਅਜਿਹੇ ਵਿਚ  ਇਹ  ਤਾਂ ਸਾਫ  ਹੋ ਗਿਆ ਹੈ ਕਿ ਜਿੱਤ ਭਾਜਪਾ ਦੀ ਹੀ ਹੋਵੇਗੀ। ਨਾਮਜ਼ਦਗੀ ਭਰਨ ਦੀ ਆਖਰੀ ਮਿਤੀ 25 ਸਤੰਬਰ ਨਿਰਧਾਰਿਤ ਕੀਤੀ ਗਈ ਸੀ। 
ਬਿਨਾਂ ਕਿਸੇ ਵਿਰੋਧ ਦੇ ਚੁਣੇ ਜਾਣ ਵਾਲੇ ਭਾਜਪਾ ਦੇ 5 ਉਮੀਦਵਾਰਾਂ ਵਿਚੋਂ 3 ਉਮੀਦਵਾਰ ਕਸ਼ਮੀਰ ਦੇ ਕੁਲਗਾਮ ਤੋਂ ਹਨ। ਇਹ ਉਹ ਇਲਾਕਾ ਹੈ, ਜਿਥੇ ਅੱਤਵਾਦੀ ਘਟਨਾਵਾਂ ਜ਼ਿਆਦਾ ਹੁੰਦੀਆਂ ਹਨ, ਜਦਕਿ 2 ਉਮੀਦਵਾਰ ਅਨੰਤਨਾਗ ਜ਼ਿਲੇ ਦੇ ਅਧੀਨ ਅੱਛਾਬਲ ਨਗਰ ਸੰਮਤੀ ਤੋਂ ਹਨ। ਭਾਜਪਾ ਲਈ ਇਹ ਜਿੱਤ ਕਿੰਨੀ ਵੱਡੀ ਹੈ, ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।


ਓਧਰ ਅਨੰਤਨਾਗ ਨਗਰ ਪ੍ਰੀਸ਼ਦ ਚੋਣ ਲਈ ਕੁਲ 36 ਉਮੀਦਵਾਰਾਂ ਨੇ ਪਰਚਾ ਭਰਿਆ ਹੈ। ਇਥੇ ਦੂਸਰੇ ਪੜਾਅ ਵਿਚ ਚੋਣਾਂ 10 ਅਕਤੂਬਰ ਨੂੰ ਹੋਣਗੀਆਂ। ਇਸ ਚੋਣ ਵਿਚ ਭਾਜਪਾ ਦੇ ਨਾਲ-ਨਾਲ ਕਾਂਗਰਸ ਦੇ ਵੀ ਉਮੀਦਵਾਰ ਕਿਸਮਤ ਅਜਮਾ ਰਹੇ ਹਨ। ਇਥੋਂ ਭਾਜਪਾ ਦੇ ਜ਼ਿਲਾ ਮੁਖੀ ਰਫੀਕ ਵਾਨੀ ਅਤੇ ਕਾਂਗਰਸ ਦੇ ਪ੍ਰਦੇਸ਼ ਸਕੱਤਰ ਹਿਲਾਲ ਅਹਿਮਦ ਸ਼ਾਹ ਵੀ ਚੋਣ ਮੈਦਾਨ ਵਿਚ ਹਨ। ਪਹਿਲੇ ਪੜਾਅ ਦੀ ਚੋਣ  ਲਈ ਵਾਦੀ ਵਿਚ ਭਾਜਪਾ ਦੇ ਕੁਲ 74 ਉਮੀਦਵਾਰ ਮੈਦਾਨ ਵਿਚ ਹਨ। 


Related News