ਅਧਿਐਨ ’ਚ ਖੁਲਾਸਾ: ਹਵਾ ਪ੍ਰਦੂਸ਼ਣ ਨਾਲ ਕਿਤੇ ਵਧ ਰਹੀਆਂ, ਕਿਤੇ ਘਟ ਰਹੀਆਂ ਬਿਜਲੀ ਡਿੱਗਣ ਦੀਆਂ ਘਟਨਾਵਾਂ

Sunday, Dec 21, 2025 - 04:02 AM (IST)

ਅਧਿਐਨ ’ਚ ਖੁਲਾਸਾ: ਹਵਾ ਪ੍ਰਦੂਸ਼ਣ ਨਾਲ ਕਿਤੇ ਵਧ ਰਹੀਆਂ, ਕਿਤੇ ਘਟ ਰਹੀਆਂ ਬਿਜਲੀ ਡਿੱਗਣ ਦੀਆਂ ਘਟਨਾਵਾਂ

ਨਵੀਂ ਦਿੱਲੀ – ਭਾਰਤ ’ਚ ਹਵਾ ਪ੍ਰਦੂਸ਼ਣ ਹੁਣ ਸਿਰਫ ਸਿਹਤ ਤੇ ਚੌਗਿਰਦੇ ਤਕ ਸੀਮਿਤ ਸਮੱਸਿਆ ਨਹੀਂ ਰਹਿ ਗਿਆ, ਸਗੋਂ ਇਸ ਦਾ ਅਸਰ ਮੌਸਮ ਤੇ ਕੁਦਰਤੀ ਘਟਨਾਵਾਂ ’ਤੇ ਵੀ ਸਪਸ਼ਟ ਤੌਰ ’ਤੇ ਨਜ਼ਰ ਆਉਣ ਲੱਗਾ ਹੈ। ਹੁਣੇ ਜਿਹੇ ਪ੍ਰਕਾਸ਼ਿਤ ਇਕ ਅਧਿਐਨ ਵਿਚ ਖੁਲਾਸਾ ਹੋਇਆ ਹੈ ਕਿ ਹਵਾ ਵਿਚ ਮੌਜੂਦ ਸੂਖਮ ਕਣ ਭਾਵ ਏਅਰੋਸੋਲ ਬੱਦਲਾਂ ਦੇ ਨਿਰਮਾਣ ਅਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਇਹ ਅਧਿਐਨ ਖਾਸ ਤੌਰ ’ਤੇ ਪੱਛਮੀ-ਮੱਧ ਤੇ ਉੱਤਰ-ਪੂਰਬੀ ਭਾਰਤ ’ਚ ਮੌਸਮੀ ਘਟਨਾਵਾਂ ’ਤੇ ਕੇਂਦਰਤ ਹੈ। ਅਧਿਐਨ ਅਨੁਸਾਰ ਹਵਾ ਪ੍ਰਦੂਸ਼ਣ ਬਿਜਲੀ ਦੀ ਸਰਗਰਮੀ ਨੂੰ ਦੋਵੇਂ ਪਾਸਿਓਂ ਕਦੇ ਵਧਾ ਕੇ ਤੇ ਕਦੇ ਘਟਾ ਕੇ ਪ੍ਰਭਾਵਿਤ ਕਰ ਸਕਦਾ ਹੈ। ਇਸ ਦਾ ਅਸਰ ਪ੍ਰਦੂਸ਼ਣ ਦੇ ਪੱਧਰ ਅਤੇ ਸਥਾਨਕ ਮੌਸਮ ਦੀਆਂ ਸਥਿਤੀਆਂ ’ਤੇ ਨਿਰਭਰ ਕਰਦਾ ਹੈ।

ਏਅਰੋਸੋਲ ਤੇ ਬਿਜਲੀ ਦਾ ਸਬੰਧ
ਅਧਿਐਨ ਵਿਚ ਦੱਸਿਆ ਗਿਆ ਹੈ ਕਿ ਏਅਰੋਸੋਲ ਬੱਦਲਾਂ ਦੇ ਨਿਰਮਾਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਵਿਚ 2 ਪੜਾਅ ਸਾਹਮਣੇ ਆਏ ਹਨ। ਪਹਿਲਾ ਹੈ ‘ਬੂਸਟ ਪੜਾਅ’ ਜਦੋਂ ਪ੍ਰਦੂਸ਼ਣ ਦਾ ਪੱਧਰ ਦਰਮਿਆਨਾ ਹੁੰਦਾ ਹੈ। ਇਸ ਸਥਿਤੀ ’ਚ ਏਅਰੋਸੋਲ ਬੱਦਲਾਂ ਦੇ ਬੀਜ ਦਾ ਕੰਮ ਕਰਦੇ ਹਨ, ਜਿਸ ਨਾਲ ਬੱਦਲ ਤੇਜ਼ੀ ਨਾਲ ਵਿਕਸਿਤ ਹੁੰਦੇ ਹਨ ਅਤੇ ਬਿਜਲੀ ਡਿੱਗਣ ਦੀ ਸਰਗਰਮੀ ਵਧ ਜਾਂਦੀ ਹੈ। 
ਦੂਜਾ ਹੈ ‘ਕ੍ਰੈਸ਼ ਪੜਾਅ’ ਜਦੋਂ ਪ੍ਰਦੂਸ਼ਣ ਦਾ ਲੈਵਲ ਬਹੁਤ ਜ਼ਿਆਦਾ ਹੋ ਜਾਂਦਾ ਹੈ। ਲੱਗਭਗ 7500 ਕਣ ਪ੍ਰਤੀ ਘਣ ਸੈਂਟੀਮੀਟਰ ਤੋਂ ਵੱਧ ਏਅਰੋਸੋਲ ਹੋਣ ’ਤੇ ਤੂਫਾਨੀ ਸਰਗਰਮੀਆਂ ਕਮਜ਼ੋਰ ਪੈਣ ਲੱਗਦੀਆਂ ਹਨ ਅਤੇ ਬਿਜਲੀ ਬਣਨ ਦੀ ਪ੍ਰਕਿਰਿਆ ਮੱਠੀ ਪੈ ਜਾਂਦੀ ਹੈ।

ਭਾਰੀ ਪ੍ਰਦੂਸ਼ਣ ਦਾ ਮਤਲਬ ਜ਼ਿਆਦਾ ਬਿਜਲੀ ਵੀ ਨਹੀਂ
ਉੱਤਰੀ ਭਾਰਤ ’ਚ ਸਰਦੀਆਂ ਦੇ ਮੌਸਮ ਵਿਚ ਬਹੁਤ ਜ਼ਿਆਦਾ ਹਵਾ ਪ੍ਰਦੂਸ਼ਣ ਹੁੰਦਾ ਹੈ ਪਰ ਇਸ ਦੇ ਬਾਵਜੂਦ ਇੱਥੇ ਬਿਜਲੀ ਡਿੱਗਣ ਦੀਆਂ ਘਟਨਾਵਾਂ ਘੱਟ ਹੁੰਦੀਆਂ ਹਨ। ਇਸ ਦਾ ਕਾਰਨ ਇਸ ਮੌਸਮ ਵਿਚ ਘੱਟ ਤਾਪਮਾਨ, ਵਾਯੂਮੰਡਲ ਦੀ ਸਥਿਰਤਾ ਤੇ ਘੱਟ ਅਸਥਿਰਤਾ ਹੈ, ਜੋ ਡੂੰਘੇ ਕਨਵੈਕਸ਼ਨ ਨੂੰ ਰੋਕਦੀਆਂ ਹਨ। ਇਹ ਡੂੰਘਾ ਕਨਵੈਕਸ਼ਨ ਬਿਜਲੀ ਬਣਨ ਲਈ ਜ਼ਰੂਰੀ ਹੁੰਦਾ ਹੈ। ਪੱਛਮੀ-ਮੱਧ ਤੇ ਉੱਤਰ-ਪੂਰਬੀ ਭਾਰਤ ’ਚ ਗਰਮੀਆਂ ਵਿਚ ਤਾਪਮਾਨ ਤੇ ਵਾਯੂਮੰਡਲ ਦੀ ਅਸਥਿਰਤਾ ਵਧਣ ਨਾਲ ਤੂਫਾਨ ਆਉਣ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਲੋਕਾਂ ਲਈ ਕੀ ਮਾਅਨੇ
ਮਾਹਿਰਾਂ ਅਨੁਸਾਰ ਬਦਲਦੇ ਮੌਸਮ ਤੇ ਵਧਦੇ ਹਵਾ ਪ੍ਰਦੂਸ਼ਣ ਕਾਰਨ ਕੁਝ ਖੇਤਰਾਂ ਵਿਚ ਬਿਜਲੀ ਡਿੱਗਣ ਦਾ ਖਤਰਾ ਵਧ ਸਕਦਾ ਹੈ, ਜਦੋਂਕਿ ਕੁਝ ਵਿਚ ਘਟ ਸਕਦਾ ਹੈ। ਇਸ ਨਾਲ ਆਫਤ ਪ੍ਰਬੰਧਨ, ਨੀਤੀ ਨਿਰਮਾਣ ਤੇ ਮੌਸਮ ਦੇ ਅਗਾਊਂ ਅਨੁਮਾਨ ’ਚ ਏਅਰੋਸੋਲ ਦੇ ਅਸਰ ਨੂੰ ਸ਼ਾਮਲ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ‘ਜਿਓਫਿਜ਼ੀਕਲ ਰਿਸਰਚ’ ਜਰਨਲ ’ਚ ਪ੍ਰਕਾਸ਼ਿਤ ਇਹ ਅਧਿਐਨ ਸਪਸ਼ਟ ਸੰਕੇਤ ਦਿੰਦਾ ਹੈ ਕਿ ਹਵਾ ਪ੍ਰਦਸ਼ਣ ਤੇ ਮੌਸਮ ਵਿਚਾਲੇ ਸਬੰਧ ਗੁੰਝਲਦਾਰ ਹੈ, ਜਿਸ ਨੂੰ ਸਮਝ ਕੇ ਹੀ ਭਾਰਤ ਵਿਚ ਜੀਵਨ ਤੇ ਜਾਇਦਾਦ ਦੀ ਸੁਰੱਖਿਆ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।
 


author

Inder Prajapati

Content Editor

Related News