ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ''ਚ ਮੀਂਹ, 41 ਸੜਕਾਂ ਬੰਦ
Monday, Aug 26, 2024 - 03:29 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਮੀਂਹ ਪਿਆ ਹੈ ਅਤੇ ਮੀਂਹ ਕਾਰਨ ਸੂਬੇ 'ਚ 41 ਸੜਕਾਂ ਬੰਦ ਹੋ ਗਈਆਂ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਮੁਤਾਬਕ 27 ਜੂਨ ਨੂੰ ਸੂਬੇ 'ਚ ਮਾਨਸੂਨ ਦੇ ਆਉਣ ਤੋਂ ਬਾਅਦ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ 143 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੂਬੇ ਨੂੰ 1,217 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੰਡੀ ਜ਼ਿਲ੍ਹੇ ਵਿਚ ਸਭ ਤੋਂ ਵੱਧ 14 ਸੜਕਾਂ ਬੰਦ ਹਨ। ਇਸ ਤੋਂ ਬਾਅਦ ਕਾਂਗੜਾ 'ਚ 9, ਸ਼ਿਮਲਾ 'ਚ 8, ਕੁੱਲੂ 'ਚ 6 ਅਤੇ ਚੰਬਾ, ਕਿਨੌਰ, ਲਾਹੌਲ-ਸਪੀਤੀ ਅਤੇ ਊਨਾ ਜ਼ਿਲ੍ਹਿਆਂ ਵਿਚ ਇਕ-ਇਕ ਸੜਕ ਬੰਦ ਹੈ।
ਐਤਵਾਰ ਸ਼ਾਮ ਤੋਂ ਸੂਬੇ ਦੇ ਕੁਝ ਇਲਾਕਿਆਂ 'ਚ ਹਲਕੇ ਤੋਂ ਦਰਮਿਆਨ ਮੀਂਹ ਪੈਣਾ ਜਾਰੀ ਹੈ। ਇਸ ਦੌਰਾਨ ਕੋਟਖਾਈ 'ਚ 24.5 ਮਿਲੀਮੀਟਰ, ਭਰਮੌਰ 'ਚ 20 ਮਿਲੀਮੀਟਰ, ਧੌਲਾਕੂਆਂ 'ਚ 16.5 ਮਿਲੀਮੀਟਰ, ਖਦਰਾਲਾ 'ਚ 15 ਮਿਲੀਮੀਟਰ, ਸੋਲਨ ਅਤੇ ਨਾਰਕੰਡਾ 'ਚ 12-12 ਮਿਲੀਮੀਟਰ, ਮਨਾਲੀ 'ਚ 11 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਸੂਬੇ ਵਿਚ 27 ਜੂਨ ਨੂੰ ਮਾਨਸੂਨ ਦੀ ਆਮਦ ਤੋਂ ਲੈ ਕੇ ਹੁਣ ਤੱਕ 584.2 ਮਿਲੀਮੀਟਰ ਦੀ ਔਸਤ ਮੀਂਹ ਦੇ ਮੁਕਾਬਲੇ 439.9 ਮਿਲੀਮੀਟਰ ਮੀਂਹ ਪਿਆ ਹੈ।