ਇਸ ਸੂਬੇ ਦੀ ਸਰਕਾਰ ਨੇ ਖੰਘ ਦੀ ਦਵਾਈ ਬਣਾਉਣ ਵਾਲੀਆਂ 6 ਕੰਪਨੀਆਂ ਦੇ ਲਾਇਸੈਂਸ ਕੀਤੇ ਸਸਪੈਂਡ

Saturday, Mar 04, 2023 - 11:35 AM (IST)

ਮੁੰਬਈ- ਮਹਾਰਾਸ਼ਟਰ 'ਚ ਨਿਯਮਾਂ ਦੇ ਉਲੰਘਣ ਦੇ ਦੋਸ਼ 'ਚ ਕਫ਼ ਸਿਰਪ (ਖੰਘ ਦੀ ਦਵਾਈ) ਬਣਾਉਣ ਵਾਲੀਆਂ 6 ਕੰਪਨੀਆਂ ਦੇ ਲਾਇਸੈਂਸ ਸਸਪੈਂਡ ਕਰ ਦਿੱਤੇ ਗਏ ਹਨ। ਸੂਬਾਈ ਸਰਕਾਰ ਨੇ ਵਿਧਾਨ ਸਭਾ 'ਚ ਇਹ ਜਾਣਕਾਰੀ ਦਿੱਤੀ। ਖ਼ੁਰਾਕ ਅਤੇ ਡਰੱਗ ਪ੍ਰਸ਼ਾਸਨ ਮੰਤਰੀ ਸੰਜੇ ਰਾਠੌੜ ਨੇ ਭਾਜਪਾ ਦੇ ਵਿਧਾਇਕ ਆਸ਼ੀਸ਼ ਸੇਲਾਰ ਅਤੇ ਹੋਰਨਾਂ ਦੇ ਧਿਆਨ ਆਕਰਸ਼ਣ ਮਤੇ 'ਤੇ ਵਿਧਾਨ ਸਭਾ 'ਚ ਇਹ ਜਾਣਕਾਰੀ ਦਿੱਤੀ।

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਨੋਇਡਾ ਸਥਿਤ ਇਕ ਕੰਪਨੀ ਵਿਚ ਬਣੀ ਕਫ਼ ਸਿਰਪ ਪੀਣ ਨਾਲ ਪਿਛਲੇ ਸਾਲ ਉਜ਼ਬੇਕਿਸਤਾਨ 'ਚ 18 ਬੱਚਿਆਂ ਦੀ ਮੌਤ ਹੋ ਗਈ ਸੀ। ਨੋਇਡਾ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕੰਪਨੀ ਦੇ 3 ਕਾਮਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਠੌੜ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਸੂਬੇ ਵਿਚ ਕਫ਼ ਸਿਰਪ ਦੇ 108 ਨਿਰਮਾਤਾਵਾਂ ਵਿਚੋਂ 84 ਖ਼ਿਲਾਫ਼ ਇਕ ਜਾਂਚ ਸ਼ੁਰੂ ਕੀਤੀ ਸੀ। ਇਨ੍ਹਾਂ 'ਚੋਂ 4 ਨੂੰ ਉਤਪਾਦਨ ਰੋਕਣ ਦਾ ਨਿਰਦੇਸ਼ ਦਿੱਤਾ ਗਿਆ, ਜਦਕਿ 6 ਕੰਪਨੀਆਂ ਦੇ ਲਾਇਸੈਂਸ  ਸਸਪੈਂਡ ਕਰ ਦਿੱਤੇ ਗਏ ਹਨ। 

ਇਸ ਤੋਂ ਇਲਾਵਾ 17 ਕੰਪਨੀਆਂ ਨੂੰ ਨਿਯਮਾਂ ਦੇ ਉਲੰਘਣ ਲਈ ਕਾਰਨ ਦੱਸੋ ਨੋਟਿਸ ਭੇਜੇ ਗਏ। ਸੇਲਾਰ ਨੇ ਭਾਰਤ ਤੋਂ ਇੰਪੋਰਟ (ਆਯਾਤ) ਕਫ਼ ਸਿਰਪ ਪੀਣ ਨਾਲ ਗਾਂਬੀਆ ਵਿਚ 66 ਬੱਚਿਆਂ ਦੀ ਮੌਤ ਹੋਣ ਦਾ ਜ਼ਿਕਰ ਕੀਤਾ ਪਰ ਨਾਲ ਹੀ ਕਿਹਾ ਕਿ ਉਸ ਮਾਮਲੇ ਵਿਚ ਨਿਯਮਾਂ ਦੇ ਉਲੰਘਣ ਦੇ ਦੋਸ਼ ਦਾ ਸਾਹਮਣਾ ਕਰ ਰਹੀ ਕੰਪਨੀ ਹਰਿਆਣਾ 'ਚ ਸਥਿਤ ਸੀ ਅਤੇ ਮਹਾਰਾਸ਼ਟਰ 'ਚ ਉਸ ਦੀ ਕੋਈ ਉਤਪਾਦਨ ਇਕਾਈ ਨਹੀਂ ਸੀ।


Tanu

Content Editor

Related News