LG ਦਫਤਰ ''ਚ ਧਰਨੇ ''ਤੇ ਕੇਜਰੀਵਾਲ, ਭੁੱਖ ਹੜਤਾਲ ''ਤੇ ਬੈਠੇ ਮਨੀਸ਼ ਸਿਸੋਦੀਆ ਅਤੇ ਸਤਯੇਂਦਰ ਜੈਨ
Wednesday, Jun 13, 2018 - 12:04 PM (IST)

ਨੈਸ਼ਨਲ ਡੈਸਕ— ਆਮ ਆਦਮੀ ਪਾਰਟੀ ਦੇ ਮੁਖੀਆ ਅਤੇ ਰਾਜ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ 3 ਦਿਨਾਂ ਤੋਂ ਐਲ.ਜੀ ਦਫਤਰ 'ਤੇ ਧਰਨੇ 'ਤੇ ਬੈਠੇ ਹਨ। ਕੇਜਰੀਵਾਲ ਦੇ ਨਾਲ ਧਰਨੇ 'ਤੇ ਬੈਠੇ ਸਤਯੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਨੇ ਅੱਜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਧਰਨੇ ਨੂੰ ਦੇਖਦੇ ਹੋਏ ਐਲ.ਜੀ ਹਾਊਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀਆਂ ਨੇ ਆਈ.ਏ.ਐਸ ਅਧਿਕਾਰੀਆਂ ਨੂੰ ਹੜਤਾਲ ਖਤਮ ਕਰਨ ਦਾ ਨਿਰਦੇਸ਼ ਦੇਣ ਅਤੇ ਚਾਰ ਮਹੀਨਿਆਂ ਤੋਂ ਕੰਮਕਾਜ਼ ਰੋਕ ਕੇ ਰੱਖੇ ਅਧਿਕਾਰੀਆਂ ਖਿਲਾਫ ਕਾਰਵਾਈ ਸਮੇਤ ਤਿੰਨ ਮੰਗਾਂ ਰੱਖੀਆਂ ਹਨ। ਸੋਮਵਾਰ ਸ਼ਾਮ ਸੀ.ਐਮ ਆਪਣੇ ਮੰਤਰੀਆਂ ਨਾਲ ਉਪ-ਰਾਜਪਾਲ ਨੂੰ ਮਿਲਣ ਪੁੱਜੇ ਸਨ, ਜਿਸ ਦੇ ਬਾਅਦ ਮੰਗਾਂ ਪੂਰੀਆਂ ਨਾ ਹੋਣ 'ਤੇ ਉਹ ਆਪਣੇ ਮੰਤਰੀਆਂ ਨਾਲ ਐਲ.ਜੀ ਦਫਤਰ 'ਚ ਧਰਨੇ 'ਤੇ ਬੈਠ ਗਏ। ਮੰਗਲਵਾਰ ਨੂੰ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਜਿਸ ਦੇ ਬਾਅਦ ਅੱਜ ਮਨੀਸ਼ ਸਿਸੋਦੀਆ ਨੇ ਵੀ ਹੜਤਾਲ ਦਾ ਐਲਾਨ ਕਰ ਦਿੱਤਾ। ਸਿਸੋਦੀਆ ਨੇ ਆਪਣੀ ਭੁੱਖ ਹੜਤਾਲ ਨੂੰ ਲੈ ਕੇ ਟਵੀਟ ਕਰਦੇ ਹੋਏ ਲਿਖਿਆ ਕਿ ਦਿੱਲੀ ਦੀ ਜਨਤਾ ਨੂੰ ਉਸ ਦਾ ਹੱਕ ਦਿਵਾਉਣ ਅਤੇ ਉਸ ਦੇ ਰੁੱਕੇ ਹੋਏ ਕੰਮ ਕਰਵਾਉਣ ਲਈ ਅੱਜ ਤੋਂ ਮੈਂ ਹੜਤਾਲ 'ਤੇ ਬੈਠ ਰਿਹਾ ਹਾਂ। ਸਤਯੇਂਦਰ ਜੈਨ ਦੀ ਭੁੱਖ ਹੜਤਾਲ ਵੀ ਕੱਲ ਤੋਂ ਜਾਰੀ ਹੈ।