ਹੁਣ ਰਾਜਸਥਾਨ ਵਿਚ ਫੁੱਟਿਆ ਲੈਟਰ ਬੰਬ ; ਭ੍ਰਿਸ਼ਟ ਨੇਤਾ ਨੂੰ ਬਰਖਾਸਤ ਕਰਨ ਦੀ ਮੰਗ
Wednesday, Sep 16, 2020 - 11:54 PM (IST)
ਕੋਟਾ (ਇੰਟ.)- ਅਜੇ ਰਾਸ਼ਟਰੀ ਪੱਧਰ 'ਤੇ ਕਾਂਗਰਸ ਵਿਚ ਫੁੱਟਿਆ 'ਲੈਟਰ ਬੰਬ' ਦਾ ਮੁੱਦਾ ਪੂਰੀ ਤਰ੍ਹਾਂ ਨਾਲ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਰਾਜਸਥਾਨ ਕਾਂਗਰਸ ਵਿਚ ਵੀ ਲੈਟਰ ਬੰਬ ਫੁੱਟ ਗਿਆ। ਸਾਬਕਾ ਮੰਤਰੀ ਅਤੇ ਸਾਂਗੋਦ ਤੋਂ ਕਾਂਗਰਸੀ ਵਿਧਾਇਕ ਭਰਤ ਸਿੰਘ ਕੁੰਦਰਪੁਰ ਦੀ ਇਕ ਚਿੱਠੀ ਨੇ ਰਾਜਸਥਾਨ ਦੀ ਰਾਜਨੀਤੀ ਵਿਚ ਗਹਿਮਾਗਹਿਮੀ ਵਧਾ ਦਿੱਤੀ ਹੈ। ਭਰਤ ਸਿੰਘ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਚਿੱਠੀ ਲਿਖ ਕੇ ਸਭ ਤੋਂ ਜ਼ਿਆਦਾ ਭ੍ਰਿਸ਼ਟ ਮੰਤਰੀ ਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ ਹਾਲਾਂਕਿ ਉਨ੍ਹਾਂ ਨੇ ਚਿੱਠੀ ਵਿਚ ਕਿਸੇ ਦਾ ਨਾਂ ਨਹੀਂ ਲਿਖਿਆ ਹੈ।
ਦਰਅਸਲ, ਮੁੱਖ ਮੰਤਰੀ ਨੇ ਮੰਤਰੀਆਂ ਦੇ ਜ਼ਿਲਾ ਇੰਚਾਰਜ ਬਦਲਣ ਦਾ ਫੈਸਲਾ ਲਿਆ ਸੀ। ਜਿਸ ਤੋਂ ਬਾਅਦ ਭਰਤ ਸਿੰਘ ਨੇ ਉਨ੍ਹਾਂ ਨੂੰ ਇਹ ਚਿੱਠੀ ਲਿਖੀ ਹੈ। ਜਾਣਕਾਰਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਨਾਰਾਜ਼ਗੀ ਖਾਨ ਅਤੇ ਗਊਪਾਲਨ ਮੰਤਰੀ ਪ੍ਰਮੋਦ ਜੈਨ ਭਾਇਆ ਨਾਲ ਹੈ, ਜੋ ਕਿ ਉਨ੍ਹਾਂ ਦੇ ਹੀ ਜ਼ਿਲੇ ਤੋਂ ਆਉਂਦੇ ਹਨ। ਐਤਵਾਰ ਨੂੰ ਹੀ ਰਾਜਸਥਾਨ ਕਾਂਗਰਸ ਨੇ ਸੱਤਾ ਅਤੇ ਸਰਕਾਰ ਵਿਚ ਬਿਹਤਰ ਤਾਲਮੇਲ ਲਈ ਪ੍ਰਮੋਦ ਜੈਨ ਭਾਇਆ ਨੂੰ ਅਜਮੇਰ ਦੇ ਇੰਚਾਰਜ ਮੰਤਰੀ ਤੋਂ ਹਟਾਉਂਦੇ ਹੋਏ ਜਾਲੌਰ-ਸਿਰੌਹੀ ਦਾ ਇੰਚਾਰਜ ਮੰਤਰੀ ਬਣਾਇਆ ਹੈ। ਹਾਲਾਂਕਿ ਜਾਲੌਰ-ਸਿਰੌਹੀ ਦਾ ਇਲਾਕਾ ਕੋਟਾ ਦੇ ਸਾਂਗੋਦ ਤੋਂ ਕਾਫੀ ਦੂਰ ਹੈ, ਪਰ ਵਿਧਾਇਕ ਦੀ ਨਾਰਾਜ਼ਗੀ ਇਨ੍ਹਾਂ ਦੋ ਜ਼ਿਲਿਆਂ ਦਾ ਇੰਚਾਰਜ ਇਨ੍ਹਾਂ ਮੰਤਰੀਆਂ ਨੂੰ ਦੇਣ ਨੂੰ ਲੈਕੇ ਹੈ।