ਕੇਜਰੀਵਾਲ ਦੀ PM ਮੋਦੀ ਨੂੰ ਅਪੀਲ, ਦਿੱਲੀ ''ਚ ਹੋਣ ਦਿਓ ਨਗਰ ਨਿਗਮ ਚੋਣਾਂ

Friday, Mar 11, 2022 - 02:45 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰੀ ਰਾਜਧਾਨੀ 'ਚ ਨਗਰ ਨਿਗਮ ਚੋਣਾਂ ਹੋਣ ਦੇਣ। ਉਨ੍ਹਾਂ ਕਿਹਾ ਕਿ ਚੋਣਾਂ ਟਾਲਣ ਨਾਲ ਲੋਕਤੰਤਰੀ ਪ੍ਰਣਾਲੀ ਕਮਜ਼ੋਰ ਹੁੰਦੀ ਹੈ। ਦਿੱਲੀ ਰਾਜ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਨਗਰ ਨਿਗਮਾਂ ਦੇ ਰਲੇਵੇਂ ਬਾਰੇ ਕੇਂਦਰ ਤੋਂ ਸੂਚਨਾ ਮਿਲਣ ਤੋਂ ਬਾਅਦ ਦੱਖਣੀ ਦਿੱਲੀ ਨਗਰ ਨਿਗਮ, ਉੱਤਰੀ ਦਿੱਲੀ ਨਗਰ ਨਿਗਮ ਅਤੇ ਪੂਰਬੀ ਦਿੱਲੀ ਨਗਰ ਨਿਗਮ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਟਾਲ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਉਹ ਦਿੱਲੀ ਦੀਆਂ ਤਿੰਨ ਨਗਰ ਨਿਗਮਾਂ ਦੇ ਰਲੇਵੇਂ ਲਈ ਬਿੱਲ ਲਿਆਉਣ ਦੀ ਕੇਂਦਰ ਦੀ ਯੋਜਨਾ ਤੋਂ ਬਾਅਦ ਚੋਣਾਂ ਕਰਵਾਉਣ ਦੇ ਮੁੱਦੇ 'ਤੇ ਕਾਨੂੰਨੀ ਸਲਾਹ ਲਵੇਗਾ। ਕੇਜਰੀਵਾਲ ਨੇ ਪੁੱਛਿਆ,''ਜਨਤਾ ਇਸ ਕਦਮ 'ਤੇ ਸਵਾਲ ਉਠਾ ਰਹੀ ਹੈ। ਕੇਂਦਰ ਪਿਛਲੇ 7-8 ਸਾਲਾਂ ਤੋਂ ਸੱਤਾ 'ਚ ਹੈ, ਉਨ੍ਹਾਂ ਨੇ ਪਹਿਲਾਂ ਇਨ੍ਹਾਂ ਨੂੰ ਏਕੀਕਰਨ ਕਿਉਂ ਨਹੀਂ ਕੀਤਾ?'' ਮੁੱਖ ਮੰਤਰੀ ਨੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ,'' ਤੈਅ ਪੱਤਰਕਾਰ ਸੰਮੇਲਨ (ਬੁੱਧਵਾਰ ਨੂੰ) ਤੋਂ ਇਕ ਘੰਟੇ ਪਹਿਲਾਂ ਹੀ ਉਨ੍ਹਾਂ ਨੂੰ ਇਹ ਕਿਉਂ ਯਾਦ ਆਇਆ ਕਿ ਉਨ੍ਹਾਂ ਨੇ ਤਿੰਨ ਨਗਰ ਨਿਗਮਾਂ ਦਾ ਏਕੀਕਰਨ ਕਰਨਾ ਹੈ? ਭਾਰਤੀ ਜਨਤਾ ਪਾਰਟੀ (ਭਾਜਪਾ) ਜਾਣਦੀ ਹੈ ਕਿ ਦਿੱਲੀ 'ਚ ਆਮ ਆਦਮੀ ਪਾਰਟੀ (ਆਪ) ਦੀ ਲਹਿਰ ਹੈ ਅਤੇ ਉਹ ਚੋਣਾਂ ਹਾਰ ਜਾਵੇਗੀ।''

 

ਚੋਣਾਂ ਅਤੇ ਤਿੰਨ ਨਗਰ ਨਿਗਮਾਂ ਦੇ ਏਕੀਕਰਨ 'ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ,''ਚੋਣਾਂ ਦਾ ਤਿੰਨ ਨਗਰ ਨਿਗਮਾਂ ਦੇ ਏਕੀਕਰਨ ਨਾਲ ਕੀ ਲੈਣਾ-ਦੇਣਾ ਹੈ? ਚੋਣਾਂ ਤੋਂ ਬਾਅਦ ਚੁਣੇ ਗਏ ਨਵੇਂ ਕੌਂਸਲਰ ਤਿੰਨ ਨਗਰ ਨਿਗਮ ਹੋਣ 'ਤੇ ਆਪਣੇ-ਆਪਣੇ ਦਫ਼ਤਰ 'ਚ ਬੈਠਣਗੇ। ਜੇਕਰ ਉਹ ਇਕੱਠੇ ਹੋ ਜਾਂਦੇ ਹਨ, ਤਾਂ ਉਹ ਇਕੱਠੇ ਬੈਠਣਗੇ।'' ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚੋਣਾਂ ਯਕੀਨੀ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,''ਮੈਂ ਹੱਥ ਜੋੜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੋਣਾਂ ਯਕੀਨੀ ਕਰਵਾਉਣ ਦੀ ਅਪੀਲ ਕਰਦਾ ਹਾਂ। ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ। ਦੇਸ਼ ਸਰਵਉੱਚ ਹੈ, ਸਿਆਸੀ ਪਾਰਟੀ ਨਹੀਂ। ਜੇਕਰ ਅਸੀਂ ਚੋਣ ਕਮਿਸ਼ਨ 'ਤੇ ਦਬਾਅ ਪਾਇਆ ਤਾਂ ਸੰਸਥਾਵਾਂ ਕਮਜ਼ੋਰ ਹੋ ਜਾਣਗੀਆਂ। ਸਾਨੂੰ ਸੰਸਥਾਵਾਂ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਇਸ ਨਾਲ ਲੋਕਤੰਤਰ ਅਤੇ ਦੇਸ਼ ਕਮਜ਼ੋਰ ਹੁੰਦਾ ਹੈ।'' ਸ਼ਹਿਰ ਦੀਆਂ ਤਿੰਨ ਨਿਗਮਾਂ 'ਤੇ ਇਸ ਸਮੇਂ ਭਾਜਪਾ ਦਾ ਰਾਜ ਹੈ, ਜੋ 2012 'ਚ ਉਸ ਸਮੇਂ ਏਕੀਕ੍ਰਿਤ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੀ ਵੰਡ ਤੋਂ ਬਾਅਦ ਨਗਰ ਨਿਗਮਾਂ ਨੂੰ ਕੰਟਰੋਲ ਕਰ ਰਹੀ ਹੈ। ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਦੀਆਂ ਤਿੰਨ ਨਗਰ ਨਿਗਮਾਂ ਨੂੰ ਰਲੇਵੇਂ ਕਰਨ ਲਈ ਸੰਸਦ ਦੇ ਬਜਟ ਸੈਸ਼ਨ 'ਚ ਇਕ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਚੋਣ ਕਮਿਸ਼ਨ ਨੇ ਉਪ ਰਾਜਪਾਲ ਅਨਿਲ ਬੈਜਲ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਇਹ ਫ਼ੈਸਲਾ ਲਿਆ ਹੈ। ਇਸ ਲਈ ਉਸ ਨੇ ਤਾਰੀਖ਼ਾਂ ਦਾ ਐਲਾਨ ਟਾਲਣ ਦਾ ਫ਼ੈਸਲਾ ਕੀਤਾ ਹੈ।'

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News