MP ਵਿਧਾਨ ਸਭਾ ''ਚ UCC ਬਿੱਲ ਪਾਸ, ਵਿਆਹ ਤੇ ਤਲਾਕ ਨੂੰ ਲੈ ਕੇ ਬਦਲ ਜਾਣਗੇ ਨਿਯਮ

Tuesday, Jul 21, 2026 - 05:40 PM (IST)

MP ਵਿਧਾਨ ਸਭਾ ''ਚ UCC ਬਿੱਲ ਪਾਸ, ਵਿਆਹ ਤੇ ਤਲਾਕ ਨੂੰ ਲੈ ਕੇ ਬਦਲ ਜਾਣਗੇ ਨਿਯਮ

ਭੋਪਾਲ- ਵਿਰੋਧੀ ਦਲ ਕਾਂਗਰਸ ਦੇ ਮੈਂਬਰਾਂ ਦੇ ਭਾਰੀ ਹੰਗਾਮੇ ਵਿਚਾਲੇ ਮੱਧ ਪ੍ਰਦੇਸ਼ ਵਿਧਾਨ ਸਭਾ ਨੇ ਮੰਗਲਵਾਰ ਨੂੰ 'ਮੱਧ ਪ੍ਰਦੇਸ਼ ਯੂਨੀਫਾਰਮ ਸਿਵਲ ਕੋਡ 2026' (UCC) ਬਿੱਲ ਨੂੰ ਆਵਾਜ਼ ਵੋਟ ਨਾਲ ਮਨਜ਼ੂਰੀ ਦੇ ਦਿੱਤੀ। ਮੁੱਖ ਮੰਤਰੀ ਮੋਹਨ ਯਾਦਵ ਨੇ ਇਸ ਮੌਕੇ ਕਿਹਾ ਕਿ ਅੱਜ ਵਿਧਾਨ ਸਭਾ 'ਚ ਸੁਨਹਿਰੀ ਇਤਿਹਾਸ ਲਿਖਿਆ ਜਾ ਰਿਹਾ ਹੈ, ਕਿਉਂਕਿ ਇਸ ਬਿੱਲ ਦੇ ਕਾਨੂੰਨ ਬਣਨ ਨਾਲ ਤਿੰਨ ਤਲਾਕ ਜਾਂ ਹਲਾਲਾ ਨਾਲ ਜੁੜੇ ਮਾਮਲੇ ਅਪਰਾਧ ਦੀ ਸ਼੍ਰੇਣੀ 'ਚ ਆਉਣਗੇ, ਇਕ ਤੋਂ ਵਧ ਵਿਆਹਾਂ 'ਤੇ ਰੋਕ ਲੱਗੇਗੀ, ਵਿਆਹ ਅਤੇ ਤਲਾਕ ਦਾ ਰਜਿਸਟਰੇਸ਼ਨ ਜ਼ਰੂਰੀ ਹੋਵੇਗਾ, ਇਕ ਪਤੀ ਜਾਂ ਪਤਨੀ ਦੇ ਰਹਿੰਦੇ ਦੂਜਾ ਵਿਆਹ ਜਾਇਜ਼ ਨਹੀਂ ਹੋਵੇਗਾ। ਇਸ ਦੇ ਨਾਲ ਹੀ ਕੁਆਰੇ ਜਾਂ ਵਿਆਹੇ ਮਾਤਾ-ਪਿਤਾ ਦੇ ਜੈਵਿਕ ਜਾਂ ਉਨ੍ਹਾਂ ਵਲੋਂ ਗੋਦ ਲਏ ਜਾਣ ਸਮੇਤ ਸਾਰੇ ਤਰ੍ਹਾਂ ਦੇ ਬੱਚਿਆਂ ਦਾ ਉਤਰਾਧਿਕਾਰ 'ਚ ਬਰਾਬਰ ਕਾਨੂੰਨੀ ਦਰਜਾ ਮਿਲੇਗਾ। 

ਉਨ੍ਹਾਂ ਨੇ ਕਾਂਗਰਸ 'ਤੇ ਇਸ ਬਿੱਲ ਦਾ ਵਿਰੋਧ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਿਰਫ਼ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਉਹ ਅਜਿਹਾ ਕਰ ਰਹੀ ਹੈ। ਯਾਦਵ ਨੇ ਕਾਂਗਰਸ ਨੂੰ ਆਦਿਵਾਸੀ ਵਿਰੋਧੀ ਵੀ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਬਿੱਲ ਦੇ ਦਾਇਰੇ ਨਾਲ ਆਦਿਵਾਸੀ ਸਮਾਜ ਨੂੰ ਬਾਹਰ ਰੱਖਿਆ ਗਿਆ ਹੈ। ਤਕਨੀਕੀ ਸਿੱਖਿਆ, ਕੌਸ਼ਲ ਵਿਕਾਸ ਅਤੇ ਰੁਜ਼ਗਾਰ ਮੰਤਰੀ ਗੌਤਮ ਟੇਟਵਾਲ ਨੇ ਸੋਮਵਾਰ ਨੂੰ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਇਹ ਬਿੱਲ ਪੇਸ਼ ਕੀਤਾ ਸੀ, ਜਿਸ 'ਤੇ ਅੱਜ ਸਦਨ 'ਚ ਚਰਚਾ ਹੋਈ। ਚਰਚਾ ਦੀ ਸ਼ੁਰੂਆਤ 'ਚ ਹੀ ਕਾਂਗਰਸ ਦੇ ਸੀਨੀਅਰ ਮੈਂਬਰ ਆਰਿਫ ਮਸੂਦ ਨੇ ਬਿੱਲ 'ਚ ਸੋਧ ਪੇਸ਼ ਕੀਤਾ ਅਤੇ ਸਪੀਕਰ ਨਰੇਂਦਰ ਸਿੰਘ ਤੋਮਰ ਤੋਂ ਇਸ ਬਿੱਲ ਨੂੰ ਸਿਲੈਕਟ ਕਮੇਟੀ 'ਚ ਭੇਜਣ ਦੀ ਮੰਗ ਕੀਤੀ।

ਵਿਰੋਧੀ ਧਿਰ ਦੇ ਨੇਤਾ ਉਮੰਗ ਸਿੰਘਾਰ ਨੇ ਕਿਹਾ ਕਿ ਮੱਧ ਪ੍ਰਦੇਸ਼ 'ਚ ਅਜੇ ਇਕਸਾਰ ਸਿਵਲ ਕੋਡ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਮਹੱਤਵਪੂਰਨ ਹੋਰ ਪਿਛੜਾ ਵਰਗ (ਓਬੀਸੀ) ਲਈ 27 ਫੀਸਦੀ ਰਾਖਵਾਂਕਰਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਬਿੱਲ ਨੂੰ ਸਿਲੈਕਟ ਕਮੇਟੀ ਨੂੰ ਭੇਜਣਾ ਚਾਹੀਦਾ। ਇਸ ਤੋਂ ਬਾਅਦ ਸਾਰੇ ਕਾਂਗਰਸ ਮੈਂਬਰ ਆਸਨ ਨੇੜੇ ਆ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹੰਗਾਮੇ ਅਤੇ ਨਾਅਰੇਬਾਜ਼ੀ ਵਿਚਾਲੇ ਹੀ ਮੁੱਖ ਮੰਤਰੀ ਦੇ ਜਵਾਬ ਤੋਂ ਬਾਅਦ ਤੋਮਰ ਨੇ ਬਿੱਲ ਨੂੰ ਆਵਾਜ਼ ਵੋਟ ਨਾਲ ਪਾਸ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News