ਦੁਰਗਾ ਪੂਜਾ ਪੰਡਾਲ ’ਚ ਲਾਠੀਚਾਰਜ, ਥਾਣਾ ਇੰਚਾਰਜ ਨੂੰ ਹਟਾਇਆ, ਜਾਂਚ ਦੇ ਹੁਕਮ

Wednesday, Oct 01, 2025 - 11:37 PM (IST)

ਦੁਰਗਾ ਪੂਜਾ ਪੰਡਾਲ ’ਚ ਲਾਠੀਚਾਰਜ, ਥਾਣਾ ਇੰਚਾਰਜ ਨੂੰ ਹਟਾਇਆ, ਜਾਂਚ ਦੇ ਹੁਕਮ

ਬਲੀਆ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ਦੇ ਉਭਾਂਵ ਖੇਤਰ ਦੇ ਬਿਲਥਰਾ ਰੋਡ ਕਸਬੇ ਵਿਚ ਦੁਰਗਾ ਪੂਜਾ ਪੰਡਾਲ ਕੰਪਲੈਕਸ ਵਿਚ ਕਥਿਤ ਲਾਠੀਚਾਰਜ ਅਤੇ ਗਲਤ ਰਵੱਈਏ ਦੇ ਦੋਸ਼ਾਂ ਵਿਚ ਥਾਣਾ ਇੰਚਾਰਜ ਨੂੰ ਹਟਾਕੇ ਉਨ੍ਹਾਂ ਵਿਰੁੱਧ ਜਾਂਚ ਦੇ ਹੁਕਮ ਦਿੱਤੇ ਗਏ ਹਨ। ਸੂਤਰਾਂ ਅਨੁਸਾਰ, ਬਿਲਥਰਾ ਰੋਡ ’ਤੇ ਕ੍ਰਿਸ਼ੀ ਮੰਡੀ ਨੇੜੇ ਸਥਿਤ ਇੰਡੀਅਨ ਕਲੱਬ ਦੇ ਦੁਰਗਾ ਪੂਜਾ ਪੰਡਾਲ ਨੇੜੇ 2 ਮੋਟਰਸਾਈਕਲਾਂ ਵਿਚਾਲੇ ਟੱਕਰ ਹੋ ਗਈ ਸੀ। ਇਸਦੀ ਸੂਚਨਾ ਮਿਲਦਿਆਂ ਹੀ ਥਾਣਾ ਇੰਚਾਰਜ ਇੰਸਪੈਕਟਰ ਰਾਜਿੰਦਰ ਪ੍ਰਸਾਦ ਸਿੰਘ ਮੌਕੇ ’ਤੇ ਪਹੁੰਚੇ। ਦੋਸ਼ ਹੈ ਕਿ ਉਨ੍ਹਾਂ ਨੇ ਉੱਥੇ ਮੌਜੂਦ ਲੋਕਾਂ ’ਤੇ ਬਿਨਾਂ ਕਾਰਨ ਲਾਠੀਚਾਰਜ ਕੀਤਾ ਅਤੇ ਗਲਤ ਵਿਵਹਾਰ ਕੀਤਾ।

ਇਸ ਘਟਨਾ ਤੋਂ ਨਾਰਾਜ਼ ਕਲੱਬ ਦੇ ਮੈਂਬਰ ਪੰਡਾਲ ਕੰਪਲੈਕਸ ਵਿਚ ਧਰਨੇ ’ਤੇ ਬੈਠ ਗਏ। ਦੇਖਦਿਆਂ ਹੀ ਦੇਖਦਿਆਂ ਹੋਰ ਦੁਰਗਾ ਪੂਜਾ ਕਮੇਟੀਆਂ ਦੇ ਮੈਂਬਰ ਵੀ ਉਨ੍ਹਾਂ ਦੀ ਹਮਾਇਤ ਵਿਚ ਆ ਗਏ। ਇਸਨੂੰ ਦੇਖਦਿਆਂ ਪੰਡਾਲ ਵਿਚ ਲਾਈਟ ਬੰਦ ਕਰ ਦਿੱਤੀ ਗਈ। ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਤਕਰੀਬਨ 5 ਘੰਟੇ ਤੱਕ ਧਰਨਾ-ਪ੍ਰਦਰਸ਼ਨ ਚੱਲਦਾ ਰਿਹਾ।

ਸੂਚਨਾ ਮਿਲਣ ’ਤੇ ਵਧੀਕ ਪੁਲਸ ਸੁਪਰਡੈਂਟ ਦਿਨੇਸ਼ ਕੁਮਾਰ ਸ਼ੁਕਲਾ ਅਤੇ ਰਸੜਾ ਖੇਤਰ ਦੇ ਡਿਪਟੀ ਸੁਪਰਡੈਂਟ ਆਲੋਕ ਗੁਪਤਾ ਮੌਕੇ ’ਤੇ ਪਹੁੰਚੇ। ਦੇਰ ਰਾਤ ਹੋਈ ਗੱਲਬਾਤ ਤੋਂ ਬਾਅਦ ਏ. ਐੱਸ. ਪੀ. ਸ਼ੁਕਲਾ ਨੇ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਮੰਨ ਲਈਆਂ। ਉਨ੍ਹਾਂ ਨੇ ਥਾਣਾ ਇੰਚਾਰਜ ਰਾਜਿੰਦਰ ਪ੍ਰਸਾਦ ਸਿੰਘ ਨੂੰ ਹਟਾਉਣ ਅਤੇ ਦੋਸ਼ਾਂ ਦੀ ਜਾਂਚ ਡੀ. ਐੱਸ. ਪੀ. ਆਲੋਕ ਗੁਪਤਾ ਨੂੰ ਸੌਂਪਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਖਤਮ ਹੋ ਗਿਆ ਅਤੇ ਸਥਿਤੀ ਆਮ ਵਾਂਗ ਹੋ ਗਈ।


author

Rakesh

Content Editor

Related News