ਹੁਣ ਘਰ ਬੈਠੇ ਮਿਲੇਗੀ ਜ਼ਮੀਨ/ਫਲੈਟ ਦੀ ਰਜਿਸਟਰੀ ਦੀ ਸਹੂਲਤ, ਇਸ ਸੂਬੇ ਦੇ CM ਦਾ ਵੱਡਾ ਐਲਾਨ
Wednesday, Jan 14, 2026 - 08:14 AM (IST)
ਪਟਨਾ (ਭਾਸ਼ਾ) - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੰਗਲਵਾਰ ਨੂੰ ਸੂਬੇ ਦੇ 80 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰ ’ਤੇ ਹੀ ਜ਼ਮੀਨ ਜਾਂ ਫਲੈਟ ਦੀ ਰਜਿਸਟਰੀ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਇਹ ਸਹੂਲਤ ‘ਮਨਾਹੀ, ਆਬਕਾਰੀ ਅਤੇ ਰਜਿਸਟ੍ਰੇਸ਼ਨ ਵਿਭਾਗ’ ਵੱਲੋਂ ਚਲਾਈ ਜਾ ਰਹੀ ਮੋਬਾਈਲ ਰਜਿਸਟ੍ਰੇਸ਼ਨ ਇਕਾਈ ਰਾਹੀਂ ਇਕ ਤੈਅ ਸਮਾਂ-ਹੱਦ ਦੇ ਅੰਦਰ ਮੁਹੱਈਆ ਕਰਵਾਈ ਜਾਵੇਗੀ, ਜਿਸ ਲਈ ਬਿਨੈਕਾਰ ਆਨਲਾਈਨ ਅਪਲਾਈ ਕਰ ਸਕਣਗੇ।
ਇਹ ਨਵੀਂ ਵਿਵਸਥਾ 1 ਅਪ੍ਰੈਲ 2026 ਤੋਂ ਲਾਗੂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕਰ ਕੇ ਦੱਸਿਆ ਕਿ ਕਈ ਵਾਰ ਇਹ ਦੇਖਿਆ ਗਿਆ ਹੈ ਕਿ 80 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਜ਼ਮੀਨ ਜਾਂ ਫਲੈਟ ਦੀ ਰਜਿਸਟਰੀ ਨਾਲ ਸਬੰਧਤ ਕੰਮਾਂ ਨੂੰ ਪੂਰਾ ਕਰਨ ’ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਗੱਲ ਨੂੰ ਧਿਆਨ ’ਚ ਰੱਖਦਿਆਂ, ਉਨ੍ਹਾਂ ਨੂੰ ਸਹੂਲਤ ਦੇਣ ਅਤੇ ਬੇਲੋੜੀਆਂ ਪ੍ਰੇਸ਼ਾਨੀਆਂ ਤੋਂ ਬਚਾਉਣ ਦੇ ਉਦੇਸ਼ ਨਾਲ ਇਹ ਫੈਸਲਾ ਲਿਆ ਗਿਆ ਹੈ।
