ਲਖੀਮਪੁਰ ਖੀਰੀ ਘਟਨਾ: ਵਰੁਣ ਗਾਂਧੀ ਨੇ CM ਯੋਗੀ ਨੂੰ ਲਿਖੀ ਚਿੱਠੀ, ਕਿਹਾ- CBI ਤੋਂ ਕਰਵਾਈ ਜਾਵੇ ਜਾਂਚ

Monday, Oct 04, 2021 - 11:15 AM (IST)

ਲਖਨਊ (ਭਾਸ਼ਾ)— ਭਾਜਪਾ ਪਾਰਟੀ ਦੇ ਪੀਲੀਭੀਤ ਤੋਂ ਸੰਸਦ ਮੈਂਬਰ ਵਰੁਣ ਗਾਂਧੀ ਨੇ ਲਖੀਮਪੁਰ ਖੀਰੀ ਦੇ ਤਿਕੋਨੀਆ ਖੇਤਰ ਵਿਚ ਵਾਪਰੀ ਹਿੰਸਾ ’ਚ ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਚਿੱਠੀ ਵਿਚ ਘਟਨਾ ਦੇ ਸਬੰਧ ਵਿਚ ਕਤਲ ਦਾ ਮੁਕੱਦਮਾ ਦਰਜ ਕਰਨ ਅਤੇ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਸੀ. ਬੀ. ਆਈ. ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਵਰੁਣ ਗਾਂਧੀ ਨੇ ਮੁੱਖ ਮੰਤਰੀ ਨੂੰ ਲਿਖੀ ਆਪਣੀ ਚਿੱਠੀ ਨੂੰ ਟਵਿੱਟਰ ’ਤੇ ਸਾਂਝਾ ਕੀਤਾ ਅਤੇ ਘਟਨਾ ਦੀ ਸੀ. ਬੀ. ਆਈ. ਜਾਂਚ ਦੀ ਮੰਗ ਨਾਲ ਹੀ ਪੀੜਤ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਮੁਆਵਜ਼ਾ ਦਿੱਤੇ ਜਾਣ ਦੀ ਸਿਫਾਰਸ਼ ਵੀ ਕੀਤੀ ਹੈ।

ਇਹ ਵੀ ਪੜ੍ਹੋ : ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਣ ਤੱਕ ਨਹੀਂ ਕਰਾਂਗੇ ਸ਼ਹੀਦ ਕਿਸਾਨਾਂ ਦਾ ਅੰਤਿਮ ਸੰਸਕਾਰ : ਰਾਕੇਸ਼ ਟਿਕੈਤ

PunjabKesari

ਵਰੁਣ ਗਾਂਧੀ ਨੇ ਚਿੱਠੀ ’ਚ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹੋਏ ਲਿਖਿਆ ਕਿ ਇਸ ਘਟਨਾ ਵਿਚ ਸ਼ਾਮਲ ਲੋਕਾਂ ’ਤੇ ਆਈ. ਪੀ. ਸੀ. ਦੀ ਧਾਰਾ-302 ਤਹਿਤ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਲਿਖਿਆ ਕਿ ਕ੍ਰਿਪਾ ਕਰ ਕੇ ਇਹ ਯਕੀਨੀ ਕੀਤਾ ਜਾਵੇ ਕਿ ਭਵਿੱਖ ’ਚ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਕੋਈ ਵੀ ਅਨਿਆਂ ਨਾ ਹੋਵੇ। ਲਖੀਮਪੁਰ ਖੀਰੀ ਵਿਚ 3 ਅਕਤੂਬਰ ਨੂੰ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੁਚਲਣ ਦੀ ਜੋ ਦਰਦਨਾਕ ਘਟਨਾ ਹੋਈ ਹੈ, ਉਸ ਤੋਂ ਸਾਰੇ ਦੇਸ਼ ਦੇ ਨਾਗਰਿਕਾਂ ’ਚ ਰੋਹ ਹੈ। ਵਰੁਣ ਗਾਂਧੀ ਨੇ ਚਿੱਠੀ ਵਿਚ ਇਹ ਵੀ ਲਿਖਿਆ ਕਿ ਅੰਦੋਲਨਕਾਰੀ ਕਿਸਾਨ ਭਰਾ ਸਾਡੇ ਆਪਣੇ ਨਾਗਰਿਕ ਹਨ। ਜੇਕਰ ਕੁਝ ਮੁੱਦਿਆਂ ਨੂੰ ਲੈ ਕੇ ਕਿਸਾਨ ਭਰਾ ਪੀੜਤ ਹਨ ਅਤੇ ਆਪਣੇ ਲੋਕਤੰਤਰੀ ਅਧਿਕਾਰਾਂ ਤਹਿਤ ਵਿਰੋਧ-ਪ੍ਰਦਰਸ਼ਨ ਕਰ ਰਹੇ ਹਨ ਤਾਂ ਸਾਨੂੰ ਬਹੁਤ ਹੀ ਧੀਰਜ ਨਾਲ ਵਰਤਾਅ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ ਦਬਾਉਣ ਲਈ ਸਰਕਾਰ ਕਿਸ ਹੱਦ ਤੱਕ ਡਿੱਗ ਸਕਦੀ ਹੈ, ਅੱਜ ਫਿਰ ਹੋਇਆ ਸਾਬਤ : ਟਿਕੈਤ

ਜ਼ਿਕਰਯੋਗ ਹੈ ਕਿ ਲਖੀਮਪੁਰ ਖੀਰੀ ’ਚ ਐਤਵਾਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਟੇਨੀ ਦੇ ਵਿਰੋਧ ਵਿਚ ਅੰਦੋਲਨਕਾਰੀ ਕਿਸਾਨਾਂ ਨੇ ਉਨ੍ਹਾਂ ਦੇ ਜੱਦੀ ਪਿੰਡ ਬਨਬੀਰਪੁਰ ’ਚ ਆਯੋਜਿਤ ਇਕ ਸਮਾਰੋਹ ’ਚ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਈਆ ਦੇ ਜਾਣ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਹਿੰਸਾ ਭੜਕ ਗਈ, ਜਿਸ ’ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਮਿਸ਼ਰਾ ਦੇ ਪੁੱਤਰ ਜਿਸ ਕਾਰ ਵਿਚ ਸੀ, ਉਸ ਨੇ ਕਿਸਾਨਾਂ ਨੂੰ ਕੁਚਲ ਦਿੱਤਾ। 

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ’ਚ ਵੱਡਾ ਹਾਦਸਾ: ਕੇਂਦਰੀ ਮੰਤਰੀ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਚੜ੍ਹਾਈ ਕਾਰ, 3 ਦੀ ਮੌਤ

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News