ਲਖੀਮਪੁਰ ਖੀਰੀ ਹਿੰਸਾ: ਮਿ੍ਰਤਕ ਕਿਸਾਨ ਦੇ ਪਰਿਵਾਰ ਨੂੰ ਮਿਲਿਆ ‘ਆਪ’ ਵਫ਼ਦ
Wednesday, Oct 06, 2021 - 06:22 PM (IST)
ਲਖੀਮਪੁਰ— ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਬੀਤੀ 3 ਅਕਤੂਬਰ ਨੂੰ ਹੋਈ ਹਿੰਸਾ ਸਿਆਸਤ ਤੇਜ਼ ਹੁੰਦੀ ਜਾ ਰਹੀ ਹੈ। ਮਾਮਲੇ ਨੂੰ ਵੱਧਦਾ ਵੇਖ ਕੇ ਆਖ਼ਰਕਾਰ ਯੋਗੀ ਸਰਕਾਰ ਝੁੱਕ ਗਈ ਅਤੇ ਸਾਰੇ ਸਿਆਸੀ ਦਲਾਂ ਦੇ 5-5 ਨੇਤਾਵਾਂ ਦੇ ਵਫ਼ਦ ਨੂੰ ਲਖੀਮਪੁਰ ਜਾਣ ਦੀ ਇਜਾਜ਼ਤ ਦੇ ਦਿੱਤੀ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਵਫ਼ਦ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਵਿਧਾਇਕ ਰਾਘਵ ਚੱਢਾ ਦੀ ਅਗਵਾਈ ’ਚ ਲਖੀਮਪੁਰ ਖੀਰੀ ਪੁੱਜਾ। ਇਨ੍ਹਾਂ ਨੇਤਾਵਾਂ ਨੇ ਲਖੀਮਪੁਰ ਖੀਰੀ, ਰਾਮਨਗਰ ਲਾਹਬੜੀ ਮਿ੍ਰਤਕ ਕਿਸਾਨ ਨਛਤਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਅਤੇ ਉਨ੍ਹਾਂ ਦਾ ਦੁੱਖ ਸੁਣਿਆ। ਸੰਜੇ ਸਿੰਘ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਦੋਸ਼ੀ ਬੇਟੇ ਆਸ਼ੀਸ਼ ਮਿਸ਼ਰਾ ਦੀ ਹੁਣ ਤੱਕ ਗਿ੍ਰਫ਼ਤਾਰੀ ਨਾ ਹੋਣ ’ਤੇ ਸਵਾਲ ਵੀ ਚੁੱਕੇ।
ਪਾਰਟੀ ਦੇ ਇਸ ਵਫ਼ਦ ਵਿਚ ਸੰਸਦ ਮੈਂਬਰ ਸੰਜੇ ਸਿੰਘ, ਵਿਧਾਇਕ ਰਾਘਵ ਚੱਢਾ, ਪੰਜਾਬ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ, ਵਿਧਾਇਕ ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਧੋਆ ਲਖੀਮਪੁਰ ਖੀਰੀ ਪਹੁੰਚੇ। ਓਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫੋਨ ’ਤੇ ਪਰਿਵਾਰ ਨਾਲ ਗੱਲ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਦੱਸ ਦੇਈਏ ਕਿ ਇਸ ਤੋਂ ਪਹਿਲ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਸਵਾਲ ਚੁੱਕੇ ਸਨ ਕਿ ਅਜੇ ਵੀ ਕਾਤਲਾਂ ਨੂੰ ਗਿ੍ਰਫ਼ਤਾਰ ਕਿਉਂ ਨਹੀਂ ਕੀਤਾ ਗਿਆ? ਆਖ਼ਰ ਕੀ ਮਜ਼ਬੂਰੀ ਹੈ। ਉਨ੍ਹਾਂ ਨੂੰ ਕਿਉਂ ਬਚਾਇਆ ਜਾ ਰਿਹਾ ਹੈ?