ਲੱਦਾਖ : ਚੀਨ ਪਿੱਛੇ ਹਟਣ ਲਈ ਤਿਆਰ ਨਹੀਂ, ਭਾਰਤ ਨਾਲ ਗੱਲਬਾਤ ਬੇਨਤੀਜਾ
Friday, Aug 07, 2020 - 09:00 AM (IST)

ਨਵੀਂ ਦਿੱਲੀ/ਬੀਜਿੰਗ– ਆਖਿਰ ਗੁਆਂਢੀ ਦੇਸ਼ ਚੀਨ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਹੁਣ ਇਹ ਗੱਲ ਸਾਫ ਹੋ ਗਈ ਹੈ ਕਿ ਵਾਰ-ਵਾਰ ਫੌਜੀ ਕਮਾਂਡਰਾਂ ਦੀ ਬੈਠਕ ਵਿਚ ਸਰਹੱਦ ਤੋਂ ਆਪਣੇ ਫੌਜੀ ਵਾਪਸ ਸੱਦਣ ਦਾ ਭਰੋਸਾ ਦੇ ਕੇ ਵੀ ਉਹ ਸਰਹੱਦ ਤੋਂ ਪਿੱਛੇ ਕਿਉਂ ਨਹੀਂ ਹਟ ਰਿਹਾ। ਦੋਵਾਂ ਦੇਸ਼ਾਂ ਦੇ ਲੈਫਟੀਨੈਂਟ ਜਨਰਲ ਰੈਂਕ ਦੇ ਅਧਿਕਾਰੀਆਂ ਵਿਚਾਲੇ 5ਵੇਂ ਦੌਰ ਦੀ ਗੱਲਬਾਤ ਬੇਨਤੀਜਾ ਰਹੀ। ਬੈਠਕ ਵਿਚ ਚੀਨ ਨੇ ਉਲਟਾ ਭਾਰਤ ਨੂੰ ਪੈਂਗੋਂਗ ਤਸੋ ਝੀਲ ਤੋਂ ਪਿੱਛੇ ਹਟਣ ਲਈ ਕਿਹਾ ਹੈ। ਉਸ ਨੇ ਭਾਰਤ ਨੂੰ ਫਿੰਗਰ-4 ਤੋਂ ਪਿੱਛੇ ਹਟਣ ਲਈ ਕਿਹਾ ਹੈ, ਜਦਕਿ ਭਾਰਤ ਫਿੰਗਰ-8 ਤੱਕ ਪੈਟਰੋਲੀਅਮ ਕਰਦਾ ਰਿਹਾ ਹੈ ਅਤੇ ਫਿੰਗਰ-8 ਨੂੰ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਮੰਨਦਾ ਹੈ।
ਓਧਰ ਚੀਨ ਦਾ ਮਖੌਟਾ ਉਤਰਨ ਪਿੱਛੋਂ ਭਾਰਤ ਨੇ ਆਪਣੇ ਫੌਜੀਆਂ ਨੂੰ ਲੰਬੇ ਟਕਰਾਅ ਲਈ ਤਿਆਰ ਰਹਿਣ ਲਈ ਕਹਿ ਦਿੱਤਾ ਹੈ। ਦੋਵਾਂ ਦੇਸ਼ਾਂ ਵਿਚਾਲੇ ਡੈੱਡਲਾਕ ਲੰਬੇ ਸਮੇਂ ਤੱਕ ਚੱਲ ਸਕਦਾ ਹੈ। ਫੌਜੀਆਂ ਦੀ ਵਾਪਸੀ ਨੂੰ ਲੈ ਕੇ ਚੋਟੀ ਦੇ ਫੌਜੀ ਅਧਿਕਾਰੀਆਂ ਦਰਮਿਆਨ 2 ਅਗਸਤ ਨੂੰ ਆਖਰੀ ਦੌਰ ਦੀ ਗੱਲਬਾਤ ਦਾ ਕੋਈ ਸਿੱਟਾ ਨਾ ਨਿਕਲਣ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਜ਼ਮੀਨੀ ਫੌਜ ਦੇ ਮੁਖੀ ਜਨਰਲ ਐੱਮ. ਐੱਮ. ਨਰਵਾਣੇ ਸਮੇਤ ਚੋਟੀ ਦੇ ਫੌਜੀ ਅਧਿਕਾਰੀਆਂ ਨੇ ਉੱਚ ਪੱਧਰੀ ਬੈਠਕ ਕਰ ਕੇ ਸਾਰੇ ਹਾਲਾਤ ਦੀ ਸਮੀਖਿਆ ਕੀਤੀ।