ਰਾਮ ਰਹੀਮ ਦੀ ਤੁਲਨਾ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਕਰਨ ਨੂੰ ਲੈ ਕੇ ਨਿਸ਼ਾਨ ਸਿੰਘ ''ਤੇ ਭੜਕੇ ਸਿੱਖ

04/26/2019 12:52:35 PM

ਪਿਹੋਵਾ—ਜਨਨਾਇਕ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਕੰਬੋਜ ਵਲੋਂ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਨਾਲ ਕੀਤੇ ਜਾਣ ਨਾਲ ਸਿੱਖ ਸਮਾਜ ਭੜਕ ਗਿਆ ਹੈ। ਇਸ ਵਿਸ਼ੇ ਨੂੰ ਲੈ ਕੇ ਸਿੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਅਤੇ ਸੰਗਠਨਾਂ ਦੇ ਪ੍ਰਤੀਨਿਧੀਆਂ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਗੁਰਦੁਆਰਾ ਛੇਵੀਂ ਪਾਤਸ਼ਾਹੀ ਕਮੇਟੀ ਦੇ ਸਾਬਕਾ ਹਲਕਾ ਪ੍ਰਧਾਨ ਜਥੇਦਾਰ ਜਗਤਾਰ ਸਿੰਘ ਭਿੰਡਰ ਨੇ ਕੀਤੀ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ, ਜੋ ਕਿ ਕਈ ਦੋਸ਼ਾਂ ਦੇ ਤਹਿਤ ਜੇਲ 'ਚ ਕੈਦ ਹਨ, ਦੀ ਤੁਲਨਾ ਗੁਰੂ ਗੋਬਿੰਦ ਸਿੰਘ ਨਾਲ ਕਰਨਾ ਉਨ੍ਹਾਂ ਦੀ ਬਹੁਤ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਚੰਦ ਵੋਟਾਂ ਖਾਤਿਰ ਇਕ ਦੋਸ਼ੀ ਦੀ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਤੁਲਨਾ ਕਰਨਾ ਸਿਰਫ ਸਿਆਸੀ ਲਾਭ ਲੈਣ ਲਈ ਲੋਕਾਂ ਨੂੰ ਭੜਕਾਉਣਾ ਹੈ।

ਉਨ੍ਹਾਂ ਨੇ ਜੇਜੇਪੀ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਅਕਾਲ ਤਖਤ ਦੇ ਸਾਹਮਣੇ ਪੇਸ਼ ਹੋ ਕੇ ਸਿੱਖ ਭਾਈਚਾਰੇ ਤੋਂ ਮੁਆਫੀ ਨਾ ਮੰਗੀ ਤਾਂ ਸਿੱਖ ਭਾਈਚਾਰੇ ਦੇ ਲੋਕ ਨਿਸ਼ਾਨ ਸਿੰਘ ਦੇ ਵਿਰੋਧ 'ਚ ਸੜਕਾਂ 'ਤੇ ਉਤਰਨਗੇ। ਇਸ ਦੇ ਵਿਰੋਧ 'ਚ ਵਿਆਪਕ ਪੱਧਰ 'ਤੇ ਅੰਦੋਲਨ ਵੀ ਛੇੜਿਆ ਜਾਵੇਗਾ। ਇੰਨਾ ਹੀ ਨਹੀਂ ਅੰਦੋਲਨ ਦੇ ਨਾਲ-ਨਾਲ ਨਿਸ਼ਾਨ ਸਿੰਘ ਦਾ ਪੁਤਲਾ ਵੀ ਫੂਕਿਆ ਜਾਵੇਗਾ। ਇਸ ਮੌਕੇ ਵਰਿਆਮ ਸਿੰਘ, ਪ੍ਰੀਤਮ ਸਿੰਘ, ਪਰਮਜੀਤ ਸਿੰਘ ਛੱਜੂਪੁਰ, ਵਰਿੰਦਰ ਸਿੰਘ ਸੇਠੀ, ਮੁਖਤਿਆਰ ਸਿੰਘ, ਜਗਮੋਹਨ ਸਿੰਘ, ਜੋਗਿੰਦਰ ਬੇਦੀ, ਸ਼ਮਸ਼ੇਰ ਸੰਧੂ, ਕੰਵਲਜੀਤ ਸਿੰਘ, ਸਾਹਿਬ ਸਿੰਘ, ਅਰੂੜ ਸਿੰਘ, ਬਲਜਿੰਦਰ ਸਿੰਘ ਸਮੇਤ ਸਿੱਖ ਭਾਈਚਾਰੇ ਦੇ ਕਈ ਲੋਕ ਹਾਜ਼ਰ ਸਨ।


Iqbalkaur

Content Editor

Related News