ਇਸ ਤਾਰੀਖ਼ ਨੂੰ ਭਾਜਪਾ ਦਾ ਪੱਲਾ ਫੜ ਸਕਦੇ ਹਨ ਕੁਲਦੀਪ ਬਿਸ਼ਨੋਈ, ਟਵੀਟ ਕਰ ਦਿੱਤੇ ਸੰਕੇਤ
Tuesday, Aug 02, 2022 - 12:21 PM (IST)
ਹਰਿਆਣਾ– ਕਾਂਗਰਸ ਦੇ ਬਾਗੀ ਵਿਧਾਇਕ ਕੁਲਦੀਪ ਬਿਸ਼ਨੋਈ 4 ਅਗਸਤ ਨੂੰ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੇ ਟਵੀਟ ਕਰ ਕੇ ਇਸ ਦੇ ਸੰਕੇਤ ਦਿੱਤੇ ਹਨ। ਮੰਗਲਵਾਰ ਸਵੇਰੇ ਟਵਿੱਟਰ 'ਤੇ ਬਿਸ਼ਨੋਈ ਨੇ ਤਾਰੀਖ ਅਤੇ ਸਮੇਂ ਦੇ ਨਾਲ ਦੋ ਟਵੀਟ ਸਾਂਝੇ ਕੀਤੇ ਅਤੇ 'ਨਵੀਂ ਸ਼ੁਰੂਆਤ' ਦਾ ਸੰਕੇਤ ਦਿੱਤਾ। ਬਿਸ਼ਨੋਈ ਨੇ ਕਿਹਾ ਸੀ ਕਿ ਉਹ ਆਪਣੇ ਅਗਲੇ ਕਦਮ ’ਤੇ ਫ਼ੈਸਲਾ ਕਰਨ ਲਈ ਆਪਣੇ ਸਮਰਥਕਾਂ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ। ਬਿਸ਼ਨੋਈ ਨੇ ਅੱਜ ਖ਼ਾਸ ਅੰਦਾਜ਼ ’ਚ ਟਵੀਟ ਕੀਤਾ, ਜਿਸ ਤੋਂ ਕਿਆਸ ਲਾਏ ਜਾ ਰਹੇ ਹਨ ਕਿ ਉਹ ਭਾਜਪਾ ’ਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਨੇ ਟਵੀਟ ਕਰ ਕੇ ਅਗਸਤ 4, 2022 ਅਤੇ ਨਾਲ ਹੀ ਸਮਾਂ 10:10 am ਲਿਖਿਆ ਹੈ। ਉਨ੍ਹਾਂ ਦੇ ਇਸ ਟਵੀਟ ਨਾਲ ਇਕ ਵਾਰ ਫਿਰ ਚਰਚਾਵਾਂ ਤੇਜ਼ ਹੋ ਗਈਆਂ ਹਨ।
ਬਿਸ਼ਨੋਈ ਨੇ ਇਕ ਹੋਰ ਟਵੀਟ ਕੀਤਾ ਜਿਸ ’ਚ ਉਨ੍ਹਾਂ ਲਿਖਿਆ, ‘‘ਜ਼ਖਮੀ ਤਾਂ ਇੱਥੇ ਹਰ ਪਰਿੰਦਾ ਹੈ, ਪਰ ਜੋ ਫਿਰ ਤੋਂ ਉੱਡ ਸਕਿਆ ਉਹ ਹੀ ਜ਼ਿੰਦਾ ਹੈ....।’
ਆਦਮਪੁਰ ਤੋਂ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਰਾਜ ਸਭਾ ਚੋਣਾਂ 'ਚ ਕਰਾਸ ਵੋਟਿੰਗ ਤੋਂ ਬਾਅਦ ਕਾਂਗਰਸ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਜਦੋਂ ਕਾਂਗਰਸ ਨੇ ਚੌਧਰੀ ਉਦੈਭਾਨ ਨੂੰ ਸੂਬਾ ਪ੍ਰਧਾਨ ਬਣਾਇਆ ਤਾਂ ਬਿਸ਼ਨੋਈ ਨਾਰਾਜ਼ ਹੋ ਗਏ, ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਕਮਾਨ ਉਨ੍ਹਾਂ ਨੂੰ ਸੌਂਪ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੁਲਦੀਪ ਨੂੰ ਸੰਗਠਨ ’ਚ ਕਿਤੇ ਵੀ ਥਾਂ ਨਹੀਂ ਦਿੱਤੀ ਗਈ ਅਤੇ ਨਾ ਹੀ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਮਿਲਣ ਦਾ ਸਮਾਂ ਦਿੱਤਾ। ਫਿਲਹਾਲ ਬਿਸ਼ਨੋਈ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ, ਜੇਕਰ ਉਹ ਅਸਤੀਫਾ ਦਿੰਦੇ ਹਨ ਤਾਂ ਜ਼ਿਮਨੀ ਚੋਣ ਹੋਣੀ ਹੈ।
ਦਰਅਸਲ, ਕੁਲਦੀਪ ਬਿਸ਼ਨੋਈ ਆਪਣੇ ਅਤੇ ਆਪਣੇ ਬੇਟੇ ਭਵਿਆ ਬਿਸ਼ਨੋਈ ਦੇ ਸਿਆਸੀ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਿਸ਼ਨੋਈ ਹਿਸਾਰ ਤੋਂ ਆਪਣੇ ਲਈ ਅਤੇ ਆਦਮਪੁਰ ਤੋਂ ਆਪਣੇ ਪੁੱਤਰ ਲਈ ਸੰਸਦ ਦੀ ਟਿਕਟ ਚਾਹੁੰਦੇ ਹਨ। ਬਿਸ਼ਨੋਈ ਨੇ ਦੋਵਾਂ ਸ਼ਰਤਾਂ ਨੂੰ ਲੈ ਕੇ 10 ਜੁਲਾਈ ਨੂੰ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨਾਲ ਮੁਲਾਕਾਤ ਕੀਤੀ ਸੀ। ਬੈਠਕ ਤੋਂ ਬਾਅਦ ਬਿਸ਼ਨੋਈ ਨੇ ਭਾਜਪਾ ਨੇਤਾਵਾਂ ਦੀ ਤਾਰੀਫ 'ਚ ਇਕ ਤੋਂ ਬਾਅਦ ਇਕ ਕਸੀਦੇ ਪੜ੍ਹੇ ਸਨ ਪਰ ਇਸ ਦੌਰਾਨ ਭਾਜਪਾ ਨੇਤਾ ਸੋਨਾਲੀ ਫੋਗਾਟ ਨੇ ਬਿਸ਼ਨੋਈ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਕਿ ਉਹ ਕਿਸੇ ਵੀ ਹਾਲਤ 'ਚ ਆਦਮਪੁਰ ਖੇਤਰ ਨੂੰ ਨਹੀਂ ਛੱਡੇਗੀ।
ਪਿਛਲੀ ਵਾਰ ਭਾਜਪਾ ਦੀ ਟਿਕਟ 'ਤੇ ਫੋਗਾਟ, ਬਿਸ਼ਨੋਈ ਤੋਂ ਹਾਰ ਗਈ ਸੀ। ਦੂਜਾ, ਚੌਧਰੀ ਬੀਰੇਂਦਰ ਸਿੰਘ ਦਾ ਪੁੱਤਰ ਬਿਜੇਂਦਰ ਸਿੰਘ ਹਿਸਾਰ ਤੋਂ ਸੰਸਦ ਮੈਂਬਰ ਹੈ। ਅਜਿਹੇ 'ਚ ਹਿਸਾਰ ਤੋਂ ਟਿਕਟ ਨੂੰ ਲੈ ਕੇ ਵੀ ਪੇਚ ਫਸਿਆ ਹੋਇਆ ਹੈ, ਇਸ ਲਈ ਬਿਸ਼ਨੋਈ ਭਾਜਪਾ 'ਚ ਸ਼ਾਮਲ ਹੋਣ ਤੋਂ ਪਹਿਲਾਂ ਪਾਰਟੀ ਤੋਂ ਆਪਣੀਆਂ ਸਾਰੀਆਂ ਚੀਜ਼ਾਂ ਸਾਫ਼ ਕਰਨਾ ਚਾਹੁੰਦੇ ਹਨ। ਬਿਸ਼ਨੋਈ ਚਾਹੁੰਦੇ ਹਨ ਕਿ ਜਦੋਂ ਵੀ ਉਹ ਪਾਰਟੀ ਵਿਚ ਸ਼ਾਮਲ ਹੋਣਗੇ ਤਾਂ ਸਾਰੀਆਂ ਚੀਜ਼ਾਂ ਜਨਤਕ ਹੋਣ ਅਤੇ ਉਨ੍ਹਾਂ ਦੇ ਰਾਹ ’ਚੋਂ ਸਾਰੇ ਰੋੜ੍ਹੇ ਹੱਟ ਜਾਣ।