ਕੋਝੀਕੋਡ ਜਹਾਜ਼ ਹਾਦਸਾ: ਪਰਿਵਾਰਾਂ ਨੂੰ ਸੌਂਪੀਆਂ ਗਈਆਂ 16 ਯਾਤਰੀਆਂ ਦੀਆਂ ਲਾਸ਼ਾਂ
Sunday, Aug 09, 2020 - 05:01 PM (IST)
ਨਵੀਂ ਦਿੱਲੀ— ਏਅਰ ਇੰਡੀਆ ਐਕਸਪ੍ਰੈੱਸ ਨੇ ਐਤਵਾਰ ਨੂੰ ਕਿਹਾ ਹੈ ਕਿ ਕੋਝੀਕੋਡ ਜਹਾਜ਼ ਹਾਦਸੇ ਵਿਚ ਮਾਰੇ ਗਏ 16 ਯਾਤਰੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਪਾਇਲਟ ਇਨ ਕਮਾਂਡ ਦੀਪਕ ਵਸੰਤ ਸਾਠੇ ਦਾ ਮਰਹੂਮ ਸਰੀਰ ਕੋਚੀਨ ਕੌਮਾਂਤਰੀ ਹਵਾਈ ਅੱਡੇ ਤੋਂ ਮੁੰਬਈ 'ਚ ਏਅਰ ਇੰਡੀਆ ਇਮਾਰਤ 'ਚ ਲਿਜਾਇਆ ਗਿਆ।
ਬਿਆਨ 'ਚ ਕਿਹਾ ਗਿਆ ਹੈ ਕਿ ਸਹਿ-ਪਾਇਲਟ ਅਖਿਲੇਸ਼ ਕੁਮਾਰ ਦਾ ਐਤਵਾਰ ਨੂੰ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਗ੍ਰਹਿ ਪ੍ਰਦੇਸ਼ ਮਥੁਰਾ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਹੀ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੇ ਅਧਿਕਾਰੀ ਮੌਜੂਦ ਰਹੇ। ਚਾਲਕ ਦਲ ਦੇ 6 ਮੈਂਬਰਾਂ ਸਮੇਤ 190 ਲੋਕਾਂ ਨਾਲ ਦੁਬਈ ਤੋਂ ਆ ਰਹੇ ਏਅਰ ਇੰਡੀਆ ਐਕਸਪ੍ਰੈੱਸ ਦਾ ਇਕ ਜਹਾਜ਼ ਸ਼ੁੱਕਰਵਾਰ ਰਾਤ ਭਾਰੀ ਮੀਂਹ ਦਰਮਿਆਨ ਕੋਝੀਕੋਡ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਹਵਾਈ ਪੱਟੀ ਤੋਂ ਫਿਸਲਣ ਤੋਂ ਬਾਅਦ 35 ਫੁੱਟ ਡੂੰਘੀ ਖੱਡ 'ਚ ਡਿੱਗ ਗਿਆ ਅਤੇ ਉਸ ਦੇ ਦੋ ਹਿੱਸੇ ਹੋ ਗਏ।
ਇਸ ਜਹਾਜ਼ ਹਾਦਸੇ ਵਿਚ ਦੋਹਾਂ ਪਾਇਲਟਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਸੀ। ਏਅਰਲਾਈਨ ਨੇ ਕਿਹਾ ਕਿ ਜਹਾਜ਼ ਹਾਦਸਾ ਜਾਂਚ ਬਿਓਰੋ (ਏ. ਆਈ. ਬੀ.) ਨੇ ਜਹਾਜ਼ ਸੁਰੱਖਿਆ ਅਧਿਕਾਰੀਆਂ ਦੇ ਸਹਿਯੋਗ ਨਾਲ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਨੇ ਕਿਹਾ ਕਿ ਮ੍ਰਿਤਕ ਯਾਤਰੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਉਨ੍ਹਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਨੀਵਾਰ ਨੂੰ ਕੋਝੀਕੋਡ ਮੈਡੀਕਲ ਕਾਲਜ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਕੁੱਲ 149 ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। 23 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ 3 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।