ਆਸਾਮ CM ਹਿਮੰਤ ਬਿਸਵਾ ਨੇ KLO ਮੁਖੀ ਦੀ ਮੁੱਖ ਧਾਰਾ ''ਚ ਵਾਪਸੀ ਨੂੰ ਦੱਸਿਆ ਵੱਡੀ ਖ਼ਬਰ
Saturday, Jan 21, 2023 - 02:35 PM (IST)
ਗੁਹਾਟੀ- ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਵੀਰਵਾਰ ਨੂੰ ਕਿਹਾ ਕਿ ਇਹ ਵੱਡੀ ਖ਼ਬਰ ਹੈ ਕਿ ਅੱਤਵਾਦੀ ਸੰਗਠਨ ਕਾਮਤਾਪੁਰ ਲਿਬਰੇਸ਼ਨ ਆਰਗਨਾਈਜੇਸ਼ਨ (ਕੇ.ਐੱਲ.ਓ.) ਦੇ ਮੁਖੀ ਜੀਬਨ ਸਿੰਘਾ ਕੋਚ ਮੁੱਖ ਧਾਰਾ 'ਚ ਪਰਤ ਰਹੇ ਹਨ। ਦਿੱਲੀ 'ਚ ਮੀਡੀਆ ਕਰਮੀਆਂ ਨਾਲ ਗੱਲ ਕਰਦੇ ਹੋਏ ਸਰਮਾ ਨੇ ਕਿਹਾ,''ਉਹ (ਜੀਬਨ ਸਿੰਘ) ਕੁਝ ਦਿਨ ਪਹਿਲੇ ਮੁੱਖ ਧਾਰਾ 'ਚ ਸ਼ਾਮਲ ਹੋਏ ਹਨ। ਉਨ੍ਹਾਂ ਨੂੰ ਕੁਝ ਸਮੇਂ ਆਰਾਮ ਕਰਨ ਦਿਓ, ਫਿਰ ਉਹ ਸਰਕਾਰ ਨਾਲ ਗੱਲਬਾਤ ਸ਼ੁਰੂ ਕਰਨਗੇ।'' ਸਿੰਘਾ ਨੇ ਆਪਣੇ ਸੰਗਠਨ ਦੇ 9 ਮੈਂਬਰਾਂ ਨਾਲ ਪਿਛਲੇ ਸ਼ੁੱਕਰਵਾਰ ਨੂੰ ਨਾਗਾਲੈਂਡ ਦੇ ਮੋਨ ਜ਼ਿਲ੍ਹੇ ਦੇ ਲੋਂਗਵਾ ਖੇਤਰ 'ਚ ਸੁਰੱਖਿਆ ਫ਼ੋਰਸਾਂ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਸੀ। ਉਨ੍ਹਾਂ ਦੇ ਜਲਦ ਹੀ ਕੇਂਦਰ ਸਰਕਾਰ ਨਾਲ ਸ਼ਾਂਤੀ ਵਾਰਤਾ 'ਚ ਸ਼ਾਮਲ ਹੋਣ ਦੀ ਉਮੀਦ ਹੈ।
ਸਰਮਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ ਨੇ ਕਿਹਾ ਕਿ ਪਰੇਸ਼ ਬਰੁਆ ਦੀ ਅਗਵਾਈ ਵਾਲੇ ਯੂਨਾਈਟੇਡ ਲਿਬਰੇਸ਼ਨ ਫਰੰਟ ਆਫ਼ ਅਸੋਮ (ਆਜ਼ਾਦ) ਨੂੰ ਸਰਕਾਰ ਨਾਲ ਗੱਲਬਾਤ ਲਈ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ,''ਅਸੀਂ ਉਲਫ਼ਾ ਨਾਲ ਸਾਡੇ ਮੁੱਦਿਆਂ ਬਾਰੇ ਲੋਕਾਂ ਨੂੰ ਦੱਸ ਦਿੱਤਾ ਹੈ। ਹਾਲਾਂਕਿ ਇਸ ਦੇ ਬਾਵਜੂਦ ਅਸੀਂ ਸਿੱਧੇ ਅਤੇ ਅਸਿੱਧੇ ਰੂਪ ਨਾਲ ਉਲਫ਼ਾ ਲੀਡਰਸ਼ਿਪ ਦੇ ਸੰਪਰਕ 'ਚ ਹਾਂ। ਮੈਂ ਇਸ (5 ਸਾਲ ਦੇ) ਕਾਰਜਕਾਲ 'ਚ ਇਸ ਮੁੱਦੇ ਦੇ ਹੱਲ ਨੂੰ ਲੈ ਕੇ ਉਮੀਦ ਕਰ ਰਿਹਾ ਹਾ। ਤਿੰਨ ਪੂਰਬ-ਉੱਤਰ ਰਾਜਾਂ 'ਚ ਵਿਧਾਨ ਸਭਾ ਚੋਣਾਂ ਨਾਲ ਸੰਬੰਧਤ ਵੱਖ-ਵੱਖ ਮੁੱਦਿਆਂ ਨੂੰ ਆਖ਼ਰੀ ਰੂਪ ਦੇਣ ਲਈ ਦਿੱਲੀ ਆਏ ਸਰਮਾ ਨੇ ਪਿਛਲੇ ਸਾਲ ਆਪਣੇ ਆਜ਼ਾਦੀ ਦਿਵਸ ਦੇ ਭਾਸ਼ਣ 'ਚ ਕਿਹਾ ਸੀ ਕਿ ਪ੍ਰਭੂਸੱਤਾ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ। ਕੇ.ਐੱਲ.ਓ. ਮੁਖੀ ਜੀਬਨ ਸਿੰਘਾ ਨੇ 1995 'ਚ ਸਮੂਹ ਦਾ ਗਠਨ ਕੀਤਾ ਸੀ। ਇਸ ਦੀਆਂ ਮੰਗਾਂ 'ਚ ਪੱਛਮੀ ਬੰਗਾਲ ਦੇ ਕੂਚਬਿਹਾਰ, ਮਾਲਦਾ, ਉੱਤਰ ਦਿਨਾਜਪੁਰ, ਦੱਖਣੀ ਦਿਨਾਜਪੁਰ ਅਤੇ ਜਲਪਾਈਗੁੜੀ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਦੇ ਨਾਲ-ਨਾਲ ਆਸਾਮ ਦੇ ਚਾਰ ਜ਼ਿਲ੍ਹੇ- ਕੋਕਰਾਝਾਰ, ਬੋਂਗਾਈਗਾਂਵ, ਧੁਬਰੀ ਅਤੇ ਗੋਲਪਾਰਾ, ਬਿਹਾਰ 'ਚ ਕਿਸ਼ਨਗੰਜ ਅਤੇ ਨੇਪਾਲ 'ਚ ਝਾਪਾ ਜ਼ਿਲ੍ਹਾ ਸ਼ਾਮਲ ਹਨ।