ਗੁਰਨਾਮ ਸਿੰਘ ਚਢੂਨੀ ਦੇ ਵਿਵਾਦ ਬਾਰੇੇ ਸੰਯੁਕਤ ਕਿਸਾਨ ਮੋਰਚਾ ਨੇ ਦਿੱਤਾ ਸਪੱਸ਼ਟੀਕਰਨ
Monday, Jan 18, 2021 - 06:38 PM (IST)
ਨਵੀਂ ਦਿੱਲੀ— ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਦਾ ਅੱਜ ਯਾਨੀ ਕਿ ਸੋਮਵਾਰ ਨੂੰ 54ਵਾਂ ਦਿਨ ਹੈ। ਸਰਕਾਰ ਨਾਲ ਕਿਸਾਨਾਂ ਦੀ ਅਗਲੇ ਦੌਰ ਦੀ ਗੱਲਬਾਤ ਭਲਕੇ ਹੋਣੀ ਹੈ। ਕਿਸਾਨ ਅੰਦੋਲਨ ਨਾਲ ਵਿਰੋਧੀ ਧਿਰ ਦਾ ਸਾਥ ਨਾਲ ਲੈਣ ਦੇ ਮੁੱਦੇ ’ਤੇ ਸੰਯੁਕਤ ਕਿਸਾਨ ਮੋਰਚਾ ’ਚ ਦਰਾਰ ਪੈਂਦੀ ਵੀ ਨਜ਼ਰ ਆ ਰਹੀ ਹੈ। ਇਸ ਵਿਵਾਦ ਦੀ ਸ਼ੁਰੂਆਤ ਹਰਿਆਣਾ ਦੇ ਵੱਡੇ ਕਿਸਾਨ ਨੇਤਾ ਅਤੇ ਭਾਰਤੀ ਕਿਸਾਨ ਯੂਨੀਅਨ (ਚਢੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੂੰ ਲੈ ਕੇ ਹੋਈ। ਚਢੂਨੀ ’ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਕਿਸਾਨ ਅੰਦੋਲਨ ’ਚ ਸਿਆਸੀ ਧਿਰਾਂ ਦਾ ਸਮਰਥਨ ਮੰਗਿਆ ਹੈ, ਇਸ ਤੋਂ ਸੰਯੁਕਤ ਕਿਸਾਨ ਮੋਰਚਾ ਨਾਰਾਜ਼ ਹੈ।
ਇਹ ਵੀ ਪੜੋ੍ਹ: ਸੰਯੁਕਤ ਕਿਸਾਨ ਮੋਰਚਾ ਨੇ ਗੁਰਨਾਮ ਸਿੰਘ ਚਢੂਨੀ ਨੂੰ ਕੀਤਾ ਮੁਅੱਤਲ: ਸੂਤਰ
ਚਢੂਨੀ ਦੇ ਇਸ ਵਿਵਾਦ ਬਾਰੇ ਸੰਯੁਕਤ ਕਿਸਾਨ ਮੋਰਚਾ ਨੇ ਸੋਸ਼ਲ ਮੀਡੀਆ ’ਤੇ ਬਿਆਨ ਜਾਰੀ ਕਰ ਕੇ ਸਪੱਸ਼ਟੀਕਰਨ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਮੋਰਚੇ ਦਾ ਚਢੂਨੀ ਵਲੋਂ ਸੱਦੀ ‘ਸਮੁੱਚੀ ਸਿਆਸੀ ਪਾਰਟੀਆਂ’ ਦੀ ਬੈਠਕ ਨਾਲ ਕੋਈ ਸਬੰਧ ਨਹੀਂ ਹੈ। ਸੰਯੁਕਤ ਕਿਸਾਨ ਮੋਰਚਾ, ਸਿਆਸੀ ਧਿਰਾਂ ਨਾਲ ਚਢੂਨੀ ਦੀਆਂ ਚੱਲ ਰਹੀਆਂ ਗਤੀਵਿਧੀਆਂ ’ਤੇ ਧਿਆਨ ਦੇਣ ਤੋਂ ਬਾਅਦ ਕੱਲ੍ਹ ਮੋਰਚੇ ਦੀ ਇਕ ਬੈਠਕ ਵਿਚ ਵਿਚਾਰ ਮਗਰੋਂ ਇਕ ਕਮੇਟੀ ਦਾ ਗਠਨ ਕੀਤਾ ਹੈ, ਜੋ ਇਸ ਮਸਲੇ ’ਚ ਜਾਂਚ ਕਰੇਗੀ। ਇਹ ਕਮੇਟੀ ਇਸ ਮਾਮਲੇ ਦੀ ਰਿਪੋਰਟ 3 ਦਿਨਾਂ ਵਿਚ ਦੇਵੇਗੀ। ਹਾਲਾਂਕਿ ਮੋਰਚੇ ਨੇ ਨਾਲ ਹੀ ਇਹ ਵੀ ਦੱਸਿਆ ਹੈ ਕਿ ਗੁਰਨਾਮ ਸਿੰਘ ਚਢੂਨੀ ਨੂੰ ਕਿਸਾਨ ਮੋਰਚੇ ’ਚੋਂ ਬਾਹਰ ਨਹੀਂ ਕੱਢਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਲਈ ਉਨ੍ਹਾਂ ’ਤੇ ਇਕ ਕਮੇਟੀ ਬਣਾਈ ਗਈ ਹੈ।
ਇਹ ਵੀ ਪੜੋ੍ਹ: ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨ, ਅੰਦੋਲਨ ਨੂੰ ਮਜ਼ਬੂਤ ਬਣਾ ਰਹੇ ਹਨ ‘ਬੱਚੇ’
ਦੱਸਣਯੋਗ ਹੈ ਕਿ ਕੱਲ੍ਹ ਗੁਰਨਾਮ ਸਿੰਘ ਵਲੋਂ ਦਿੱਲੀ ਵਿਖੇ ਬੈਠਕ ਬੁਲਾਈ ਗਈ ਸੀ। ਇਸ ’ਚ ਕਾਂਗਰਸ ਦੇ ਕਈ ਆਗੂਆਂ ਸਮੇਤ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਵੀ ਸ਼ਾਮਲ ਹੋਏ। ਇਸ ਬੈਠਕ ’ਚ ਉਨ੍ਹਾਂ ਨੇ ਕਿਸਾਨ ਅੰਦੋਲਨ ’ਚ ਸਿਆਸੀ ਧਿਰਾਂ ਦਾ ਸਮਰਥਨ ਮੰਗਿਆ। ਜਿਸ ਤੋਂ ਬਾਅਦ ਅੱਜ ਯਾਨੀ ਕਿ ਸੋਮਵਾਰ ਨੂੰ ਖ਼ਬਰਾਂ ਇਹ ਆਈਆਂ ਕਿ ਗੁਰਨਾਮ ਸਿੰਘ ਚਢੂਨੀ ਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਬਾਹਰ ਦਾ ਰਾਹ ਵਿਖਾਇਆ ਗਿਆ ਹੈ, ਜਦਕਿ ਅਜਿਹਾ ਨਹੀਂ ਹੈ। ਇਨ੍ਹਾਂ ਖ਼ਬਰਾਂ ਦਰਮਿਆਨ ਮੋਰਚੇ ਨੇ ਇਸ ਬਾਬਤ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਬਾਰੇ ਸਪੱਸ਼ਟੀਕਰਨ ਦਿੱਤਾ ਹੈ।
ਇਹ ਵੀ ਪੜੋ੍ਹ: ਕਿਸਾਨੀ ਘੋਲ: 26 ਜਨਵਰੀ ਨੂੰ ਟਰੈਕਟਰ ਪਰੇਡ ਨੂੰ ਲੈ ਕੇ ਪੰਜਾਬ ਦੇ ਪਿੰਡਾਂ ਵਿਚ ਚੱਲ ਰਿਹੈ ‘ਟਰਾਇਲ ਰਨ’
ਇਹ ਵੀ ਪੜੋ੍ਹ: ਕਿਸਾਨ ਅੰਦੋਲਨ: ‘ਟਰੈਕਟਰ ਪਰੇਡ’ ਨੂੰ ਲੈ ਕੇ ਸੁਪਰੀਮ ਕੋਰਟ ’ਚ ਸੁਣਵਾਈ ਟਲੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ