ਕਿਸਾਨਾਂ ਦੇ ਸਮਰਥਨ ਲਈ ਲਗਾਤਾਰ ਪਹੁੰਚ ਰਹੇ ਹਨ ਕਲਾਕਾਰ, ਸੰਨੀ ਦਿਓਲ ਸਣੇ ਇਹ ਸਿਤਾਰੇ ਨਿਸ਼ਾਨੇ ’ਤੇ

03/01/2021 10:26:21 AM

ਸੋਨੀਪਤ (ਦੀਕਸ਼ਿਤ) : 3 ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਡਟੇ ਕਿਸਾਨਾਂ ਦਾ ਜੋਸ਼ ਬਰਕਰਾਰ ਹੈ। ਕਿਸਾਨ ਨੇਤਾਵਾਂ ਨੇ ਮੰਚ ਤੋਂ ਇਕ ਵਾਰ ਫਿਰ ਐਲਾਨ ਕੀਤਾ ਹੈ ਕਿ ਉਹ ਪਿੱਛੇ ਨਹੀਂ ਹਟਣ ਵਾਲੇ। ਸਰਕਾਰ ਗੱਲਬਾਤ ਕਰਨ ’ਚ ਕਿੰਨਾ ਵੀ ਸਮਾਂ ਲਾਏ ਪਰ ਉਹ ਆਪਣਾ ਹੱਕ ਲੈ ਕੇ ਹੀ ਵਾਪਸ ਮੁੜਨਗੇ। ਇਸ ਦੇ ਲਈ ਉਹ ਕਿਸੇ ਵੀ ਹੱਦ ਤਕ ਸੰਘਰਸ਼ ਕਰਨ ਲਈ ਤਿਆਰ ਹਨ। ਕਿਸਾਨ ਨੇਤਾਵਾਂ ਨੇ ਕਿਹਾ ਕਿ ਹੁਣ ਇਹ ਲੜਾਈ ਸਿਰਫ ਕਿਸਾਨਾਂ ਦੀ ਨਹੀਂ, ਸਗੋਂ ਗਰੀਬ, ਮਜ਼ਦੂਰ, ਕਰਮਚਾਰੀ, ਵਕੀਲ ਤੇ ਕਲਾਕਾਰ ਵੀ ਕਿਸਾਨਾਂ ਦੇ ਨਾਲ ਹਨ। ਉੱਧਰ ਦੇਸ਼ ਭਰ ’ਚੋਂ ਕਲਾਕਾਰ ਤੇ ਵਕੀਲ ਮੁੱਖ ਮੰਚ ’ਤੇ ਪਹੁੰਚ ਕੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਅਤੇ ਉਨ੍ਹਾਂ ਦੀ ਲੜਾਈ ਵਿਚ ਸਾਥ ਦੇਣ ਦਾ ਪ੍ਰਣ ਲੈ ਰਹੇ ਹਨ।

PunjabKesari

ਐਤਵਾਰ ਨੂੰ ਕਿਸਾਨਾਂ ਦੇ ਸਮਰਥਨ ’ਚ ਮੁੰਬਈ ਤੋਂ ਟੀ. ਵੀ. ਕਲਾਕਾਰ ਕਾਜਲ ਨਿਸ਼ਾਦ ਪਹੁੰਚੇ। ਉਨ੍ਹਾਂ ਮੰਚ ਤੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਕਿਸਾਨਾਂ ਦੇ ਸੰਜਮ ਦੀ ਪ੍ਰੀਖਿਆ ਨਾ ਲਵੇ। ਜਿੰਨੀ ਸਰਕਾਰ ਦੇਰੀ ਕਰ ਰਹੀ ਹੈ, ਓਨਾ ਹੀ ਕਾਰਵਾਂ ਵਧਦਾ ਜਾ ਰਿਹਾ ਹੈ। ਨਿਸ਼ਾਦ ਨੇ ਕਈ ਟੀ. ਵੀ. ਚੈਨਲਾਂ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਕੁਝ ਚੈਨਲ ਕਿਸਾਨਾਂ ਦੇ ਅੰਦਲਨ ਨੂੰ ਕਮਜ਼ੋਰ ਬਣਾਉਣ ਦੀ ਸਾਜ਼ਿਸ਼ ਵਿਚ ਲੱਗੇ ਹੋਏ ਹਨ ਪਰ ਇਹ ਅੰਦੋਲਨ ਕਮਜ਼ੋਰ ਨਹੀਂ ਪੈਣ ਵਾਲਾ, ਇਹ ਕਈ ਵਾਰ ਸਾਬਤ ਹੋ ਚੁੱਕਾ ਹੈ ਅਤੇ ਕਿਸਾਨ ਇਸ ਨੂੰ ਅੱਗੇ ਵੀ ਸਾਬਤ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਹੀ ਤਾਨਾਸ਼ਾਹ ਸਰਕਾਰ ਤੋਂ ਆਜ਼ਾਦੀ ਦਿਵਾਉਣਗੇ। ਕਿਸਾਨਾਂ ਨੂੰ ਕਦੇ ਅੱਤਵਾਦੀ ਤਾਂ ਕਦੇ ਖਾਲਿਸਤਾਨੀ ਦੱਸਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਵਰਗਲਾਇਆ ਜਾ ਰਿਹਾ ਹੈ ਪਰ ਸਰਕਾਰ ਅੱਜ ਤਕ ਕਿਸਾਨਾਂ ਨੂੰ ਇਹ ਨਹੀਂ ਦੱਸ ਸਕੀ ਕਿ ਆਖਰ ਇਨ੍ਹਾਂ ਕਾਨੂੰਨਾਂ ਵਿਚ ਅਜਿਹਾ ਕੀ ਹੈ, ਜਿਸ ਨੂੰ ਲਾਗੂ ਕਰਨਾ ਇੰਨਾ ਜ਼ਰੂਰੀ ਹੋ ਗਿਆ ਹੈ।

ਸੰਨੀ ਦਿਓਲ, ਅਜੇ ਦੇਵਗਨ, ਅਕਸ਼ੈ ਕੁਮਾਰ ’ਤੇ ਵਿੰਨ੍ਹਿਆ ਨਿਸ਼ਾਨਾ
ਮੁੱਖ ਮੰਚ ’ਤੇ ਪਹੁੰਚੇ ਨਿਸ਼ਾਦ ਤੇ ਹੋਰ ਕਲਾਕਾਰਾਂ ਨੇ ਸੰਨੀ ਦਿਓਲ ’ਤੇ ਖੂਬ ਚੁਟਕੀ ਲਈ। ਉਨ੍ਹਾਂ ਕਿਹਾ ਕਿ ਕੁਝ ਲੋਕ ਸਿਰਫ ਫਿਲਮਾਂ ਵਿਚ ਹੀ ਪਾਕਿਸਤਾਨ ’ਚ ਨਲਕਾ ਉਖਾੜ ਕੇ ਵਾਹੋਵਾਹੀ ਲੁੱਟਦੇ ਹਨ ਅਤੇ ਅਸਲ ਵਿਚ ਨਕਲੀ ਹੀਰੋ ਸਾਬਤ ਹੁੰਦੇ ਹਨ। ਸੰਨੀ ਦਿਓਲ ਨੇ ਆਪਣੇ ਸੰਸਦੀ ਹਲਕੇ ਵਿਚ ਭਾਜਪਾ ਦਾ ਸੂਪੜਾ ਸਾਫ ਕਰਵਾ ਦਿੱਤਾ। ਅਜੇ ਦੇਵਗਨ, ਅਕਸ਼ੈ ਕੁਮਾਰ ਤੇ ਅਮਿਤਾਭ ਬੱਚਨ ਵੀ ਨਕਲੀ ਹੀਰੋ ਸਾਬਤ ਹੋਏ।

ਇਹ ਵੀ ਪੜ੍ਹੋ: ਆਮ ਲੋਕਾਂ ਨੂੰ ਅੱਜ ਤੋਂ ਲੱਗੇਗੀ ਕੋਰੋਨਾ ਵੈਕਸੀਨ, ਜਾਣੋ ਕਿਵੇਂ ਕਰਵਾ ਸਕਦੇ ਹੋ ਰਜਿਸਟ੍ਰੇਸ਼ਨ

ਇਹ ਲੋਕ ਪਿਛਲੀਆਂ ਸਰਕਾਰਾਂ ਵਿਚ ਮਹਿੰਗਾਈ ਨੂੰ ਡਾਇਣ ਦੱਸਦੇ ਸਨ ਪਰ ਹੁਣ ਇਨ੍ਹਾਂ ਲਈ ਮਹਿੰਗਾਈ ‘ਡਾਰਲਿੰਗ’ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਐਕਟਰਾਂ ਨੂੰ ਨੌਜਵਾਨਾਂ ਦੀ ਬੇਰੋਜ਼ਗਾਰੀ ਨਜ਼ਰ ਨਹੀਂ ਆ ਰਹੀ। ਕਲਾਕਾਰਾਂ ਨੇ ਸਰਕਾਰ ’ਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਖੂਬ ਕਿਹਾ ਗਿਆ ਹੈ ਕਿ ਚੀਨ ਨੂੰ ਮੂੰਹ-ਤੋੜ ਜਵਾਬ ਦੇ ਰਹੇ ਹਾਂ ਪਰ ਚੀਨ ਦੇਸ਼ ਦੇ ਅੰਦਰ ਤਕ ਦਾਖਲ ਹੋ ਗਿਆ।

PunjabKesari

ਭਾਜਪਾਈ ਵੋਟ ਮੰਗਣ ਆਉਣ ਤਾਂ ਵਾਪਸ ਭਜਾ ਦੇਣਾ
ਟੀ. ਵੀ. ਕਲਾਕਾਰਾਂ ਨੇ ਮੁੱਖ ਮੰਚ ਤੋਂ ਸਪਸ਼ਟ ਤੌਰ ’ਤੇ ਐਲਾਨ ਕੀਤਾ ਕਿ ਹੁਣ ਕਿਸਾਨਾਂ ਨੂੰ ਸਖਤ ਰਵੱਈਆ ਅਪਨਾਉਣਾ ਪਵੇਗਾ। ਉਨ੍ਹਾਂ ਨੂੰ ਹੁਣ ਜਿਸ ਤਰ੍ਹਾਂ ਤੰਗ ਕੀਤਾ ਜਾ ਰਿਹਾ ਹੈ, ਉਸੇ ਤਰ੍ਹਾਂ ਸਰਕਾਰ ਤੇ ਭਾਜਪਾ ਦੇ ਨੇਤਾਵਾਂ ਨਾਲ ਕੀਤਾ ਜਾਵੇ। ਜਦੋਂ ਇਹ ਲੋਕ ਵੋਟ ਮੰਗਣ ਆਉਣ ਤਾਂ ਉਨ੍ਹਾਂ ਨੂੰ ਵਾਪਸ ਭਜਾ ਦੇਣ। ਕਲਾਕਾਰਾਂ ਨੇ ਕਿਹਾ ਕਿ ਭਾਜਪਾ ਦੇ ਲੋਕਾਂ ਨੂੰ ਗਲੀਆਂ ਜਾਂ ਘਰਾਂ ਵਿਚ ਵੜਨ ਵੀ ਨਾ ਦਿਓ। ਕਿਸਾਨਾਂ ਨਾਲ ਜ਼ੁਲਮ ਹੋ ਰਿਹਾ ਹੈ ਅਤੇ ਭਾਜਪਾਈ ਨੇਤਾ ਆਪਣੇ ਏ. ਸੀ. ਵਾਲੇ ਕਮਰਿਆਂ ਵਿਚ ਐਸ਼ ਕਰ ਰਹੇ ਹਨ। ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਕਿਸਾਨ ਤਿਆਰ ਰਹਿਣ।

2-2 ਕਾਨੂੰਨ ਇਕੱਠੇ ਕਿਵੇਂ ਚੱਲ ਸਕਦੇ ਹਨ?
ਚੰਡੀਗੜ੍ਹ ਤੋਂ ਪਹੁੰਚੇ ਐਡਵੋਕੇਟ ਪ੍ਰੀਤਕੰਵਲ ਗਿੱਲ ਨੇ ਕਿਹਾ ਕਿ ਖੇਤੀ ਕਾਨੂੰਨ 1960 ਵਿਚ ਬਣਿਆ ਸੀ, ਜੋ ਅੱਜ ਤਕ ਲਾਗੂ ਹੈ। ਸਰਕਾਰ ਨੇ ਪਹਿਲਾਂ ਅਜਿਹੇ ਕਾਨੂੰਨ ਬਣਾਏ ਹਨ, ਜਿਨ੍ਹਾਂ ਦਾ ਪੂਰੀ ਦੁਨੀਆ ਵਿਚ ਵਿਰੋਧ ਹੋ ਰਿਹਾ ਹੈ। ਇਕੱਠੇ 2 ਕਾਨੂੰਨ ਕਿਵੇਂ ਚੱਲ ਸਕਦੇ ਹਨ? ਜੇ ਅਜਿਹਾ ਹੈ ਤਾਂ ਸਾਰੇ ਕਾਨੂੰਨ 2-2 ਬਣਾਏ ਜਾਣ। ਸਿਵਲ ਪ੍ਰੋਸੀਜਰ ਐਕਟ, ਕ੍ਰਿਮੀਨਲ ਪ੍ਰੋਸੀਜਰ ਐਕਟ ਨੂੰ ਵੀ 2-2 ਐਕਟ ਬਣਾ ਦਿਓ। ਜਿਸ ਨੂੰ ਜੋ ਐਕਟ ਚੰਗਾ ਲੱਗੇਗਾ, ਉਸੇ ਨੂੰ ਚੁਣ ਲਵੇਗਾ। ਹੋਣਾ ਇਹ ਚਾਹੀਦਾ ਸੀ ਕਿ ਪਹਿਲਾਂ ਇਕ ਐਕਟ ਨੂੰ ਖਤਮ ਕਰਦੇ, ਫਿਰ ਦੂਜੇ ਐਕਟ ਨੂੰ ਚਲਾਉਂਦੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


cherry

Content Editor

Related News