'ਸਿੱਧੂ ਮੂਸੇ ਵਾਲਾ ਵਾਂਗ ਮੈਨੂੰ ਵੀ ਮਾਰ ਦੇਣਗੇ', ਐਲਵਿਸ਼ ਯਾਦਵ ਮਾਮਲੇ 'ਚ ਸ਼ਿਕਾਇਤਕਰਤਾ ਨੇ ਦੱਸਿਆ ਜਾਨ ਨੂੰ ਖ਼ਤਰਾ

Wednesday, Mar 06, 2024 - 04:22 PM (IST)

ਗੁਰੂਗ੍ਰਾਮ- ਯੂਟਿਊਬਰ ਐਲਵਿਸ਼ ਯਾਦਵ ਅਤੇ ਗਾਇਕ ਰਾਹੁਲ ਯਾਦਵ ਦੇ ਖਿਲਾਫ ਮਾਮਲਾ ਦਰਜ ਕਰਵਾਉਣ ਵਾਲੇ ਪੀਪੁਲਜ਼ ਫਾਰ ਐਨੀਮਲਜ਼ ਸੰਸਥਾ ਦੇ ਮੈਂਬਰ ਸੌਰਭ ਗੁਪਤਾ ਨੇ ਮੰਗਲਵਾਰ ਨੂੰ ਹਰਿਆਣਾ ਦੇ ਗੁਰੂਗ੍ਰਾਮ ਦੀ ਇਕ ਅਦਾਲਤ ਤੋਂ ਸੁਰੱਖਿਆ ਮੰਗੀ ਅਤੇ ਦਾਅਵਾ ਕੀਤਾ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਗੁਪਤਾ ਨੇ ਅਦਾਲਤ ਨੂੰ ਕਿਹਾ ਕਿ ਉਸ ਨੂੰ ਪੰਜਾਬੀ ਗਾਇਗ ਸਿੱਧੂ ਮੂਸੇ ਵਾਲਾ ਅਤੇ ਇਨੈਲੋ ਆਗੂ ਨਫੇ ਸਿੰਘ ਰਾਠੀ ਵਾਂਗ ਹੀ ਮਾਰਿਆ ਜਾ ਸਕਦਾ ਹੈ।

'ਉਹ ਮੈਨੂੰ ਮਾਰ ਦੇਣਗੇ'

ਸੁਣਵਾਈ ਦੌਰਾਨ ਗੁਪਤਾ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸੁਣਵਾਈ ਲਈ ਇਕ ਹੋਰ ਤਰੀਕ ਦੀ ਮੰਗ ਕਰਦਿਆਂ ਗੁਪਤਾ ਨੇ ਅਦਾਲਤ ਨੂੰ ਕਿਹਾ ਕਿ ਪੁਲਸ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਦੀ ਹੈ ਕਿਉਂਕਿ ਉਸ 'ਤੇ ਵੀ ਮੂਸੇ ਵਾਲਾ ਅਤੇ ਰਾਠੀ ਵਾਂਗ ਹਮਲਾ ਕੀਤਾ ਜਾ ਸਕਦਾ ਹੈ। ਮਾਮਲੇ ਦੀ ਅਗਲੀ ਸੁਣਵਾਈ 28 ਮਾਰਚ ਨੂੰ ਹੋਵੇਗੀ।

ਸੌਰਭ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੂੰ ਲਿਖੀ ਚਿੱਠੀ

ਪੀ.ਐੱਫ.ਏ. ਮੈਂਬਰ ਨੇ ਹਾਲ ਹੀ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ, ਗੁਰੂਗ੍ਰਾਮ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਗੁਰੂਗ੍ਰਾਮ ਪੁਲਸ ਕਮਿਸ਼ਨਰ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਸੀ ਕਿ ਉਸ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਗੁਪਤਾ ਨੇ ਕਿਹਾ ਕਿ ਕਈ ਲੋਕ ਉਨ੍ਹਾਂ 'ਤੇ ਅਲਵਿਸ਼ ਯਾਦਵ ਅਤੇ ਰਾਹੁਲ ਯਾਦਵ ਦੇ ਖਿਲਾਫ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾ ਰਹੇ ਹਨ। ਦੱਸ ਦੇਈਏ ਕਿ ਗੁਪਤਾ ਨੇ ਗਾਜ਼ੀਆਬਾਦ ਦੇ ਨੰਦਗ੍ਰਾਮ ਥਾਣੇ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਐਲਵਿਸ਼ ਯਾਦਵ ਅਤੇ ਰਾਹੁਲ ਯਾਦਵ ਖਿਲਾਫ ਮੁਕੱਦਮਾ 

ਦੱਸ ਦੇਈਏ ਕਿ ਨਵੰਬਰ 2023 ਵਿੱਚ ਪੀ.ਐੱਫ.ਏ. ਦੁਆਰਾ ਕੀਤੇ ਗਏ ਇੱਕ ਸਟਿੰਗ ਆਪ੍ਰੇਸ਼ਨ ਦੇ ਅਧਾਰ ਤੇ ਹਰਿਆਣਾ ਪੁਲਸ ਨੇ 5 ਲੋਕਾਂ ਨੂੰ ਫੜਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਸੱਪ ਬਰਾਮਦ ਕੀਤੇ। ਇਸ ਤੋਂ ਬਾਅਦ ਗੁਪਤਾ ਨੇ ਉੱਤਰ ਪ੍ਰਦੇਸ਼ ਦੇ ਸੈਕਟਰ 51, ਨੋਇਡਾ ਵਿੱਚ ਇੱਕ ਪਾਰਟੀ ਲਈ ਸੱਪ ਦਾ ਜ਼ਹਿਰ ਮੁਹੱਈਆ ਕਰਾਉਣ ਲਈ ਐਲਵਿਸ਼ ਯਾਦਵ ਅਤੇ ਰਾਹੁਲ ਯਾਦਵ ਉਰਫ਼ ਫਾਜ਼ਿਲਪੁਰੀਆ ਸਮੇਤ 6 ਲੋਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਐਲਵੀਸ਼ ਯਾਦਵ ਅਤੇ ਹੋਰਾਂ ਵਿਰੁੱਧ ਜੰਗਲੀ ਜੀਵ (ਸੁਰੱਖਿਆ) ਐਕਟ ਅਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।


Rakesh

Content Editor

Related News