CM ਖੱਟੜ ਭਲਕੇ ''ਹਰਿਆਣਾ ਕ੍ਰਿਸ਼ੀ ਵਿਕਾਸ ਮੇਲਾ'' ''ਚ ਮੁੱਖ ਮਹਿਮਾਨ ਵਜੋਂ ਹੋਣਗੇ ਸ਼ਾਮਲ
Saturday, Mar 11, 2023 - 06:03 PM (IST)
ਚੰਡੀਗੜ੍ਹ- ਮੁੱਖ ਮੰਤਰੀ ਮਨੋਹਰ ਲਾਲ ਖੱਟੜ 12 ਮਾਰਚ ਨੂੰ ਹਿਸਾਰ ਸਥਿਤ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ 'ਚ ਆਯੋਜਿਤ ‘ਹਰਿਆਣਾ ਕ੍ਰਿਸ਼ੀ ਵਿਕਾਸ ਮੇਲਾ-2023’ ਦੇ ਆਖਰੀ ਦਿਨ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਖੱਟੜ ਨੇ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਹਨ। ਉਹ ਖ਼ੂਨ-ਪਸੀਨ ਇਕ ਕਰ ਕੇ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਂਦੇ ਹਨ। ਦੇਸ਼ ਦੇ ਆਰਥਿਕ ਵਿਕਾਸ 'ਚ ਹਰਿਆਣਾ ਦੇ ਕਿਸਾਨਾਂ ਦਾ ਜ਼ਿਕਰਯੋਗ ਯੋਗਦਾਨ ਹੈ। ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿੱਤ 'ਚ ਕਈ ਸਕੀਮਾਂ ਲਾਗੂ ਕੀਤੀਆਂ ਹਨ, ਜਿਸ ਕਾਰਨ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਈ ਹੈ ਅਤੇ ਉਨ੍ਹਾਂ ਦੀ ਖੁਸ਼ਹਾਲੀ ਦੇ ਦਰਵਾਜ਼ੇ ਵੀ ਖੁੱਲ੍ਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ 'ਚ ਸਰਕਾਰ ਨੇ ਖੇਤੀ ਖੇਤਰ ਦੀਆਂ ਵੱਖ-ਵੱਖ ਯੋਜਨਾਵਾਂ ਲਈ 428 ਕਰੋੜ ਰੁਪਏ ਤੋਂ ਇਲਾਵਾ ਕਿਸਾਨਾਂ ਦੇ ਖਾਤਿਆਂ 'ਚ ਸਿੱਧੇ ਤੌਰ 'ਤੇ 45,000 ਕਰੋੜ ਰੁਪਏ ਜਮ੍ਹਾਂ ਕਰਵਾਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ 'ਮੇਰੀ ਫ਼ਸਲ-ਮੇਰਾ ਬਿਊਰਾ' ਪੋਰਟਲ 'ਤੇ 9 ਲੱਖ ਤੋਂ ਵੱਧ ਕਿਸਾਨ ਨਿਯਮਤ ਤੌਰ 'ਤੇ ਰਜਿਸਟਰ ਕਰਦੇ ਹਨ। ਇਸ ਸਕੀਮ ਨੂੰ ਵਿਆਪਕ ਤੌਰ 'ਤੇ ਅਪਣਾਉਣ ਕਾਰਨ ਸੂਬੇ ਦੀਆਂ ਵੱਖ-ਵੱਖ ਅਭਿਲਾਸ਼ੀ ਸਕੀਮਾਂ ਜਿਵੇਂ ਕਿ 'ਮੇਰਾ ਪਾਣੀ-ਮੇਰੀ ਵਿਰਾਸਤ', 'ਝੋਨੇ ਦੇ ਬੀਜ ਤੋਂ ਸਿੱਧੀ ਬੀਜਾਈ' ਦਾ ਲਾਭ ਸਿੱਧੇ ਤੌਰ 'ਤੇ ਕਿਸਾਨਾਂ ਦੇ ਖਾਤਿਆਂ ਵਿਚ ਭੇਜਣਾ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਮਾਹਰਾਂ ਦੀ ਰਹਿਨੁਮਾਈ ਹੇਠ ਪਿਛਲੇ ਸਾਲ ਸੂਬੇ ਵਿਚ ਕੁਦਰਤੀ ਖੇਤੀ ਬਾਰੇ ਨਵੀਂ ਸਕੀਮ ਸ਼ੁਰੂ ਕੀਤੀ ਗਈ ਸੀ।
ਇਹ ਇਕ ਛੋਟੀ ਪਰ ਕਮਾਲ ਦੀ ਸ਼ੁਰੂਆਤ ਹੈ। ਸਾਲ 2023-24 ਵਿਚ ਕੁਦਰਤੀ ਖੇਤੀ ਨੂੰ ਅਪਣਾਉਣ ਲਈ 20 ਹਜ਼ਾਰ ਏਕੜ ਦਾ ਟੀਚਾ ਰੱਖਿਆ ਗਿਆ ਹੈ ਅਤੇ ਹਰਿਆਣਾ ਦੇਸ਼ ਦਾ ਇਕਲੌਤਾ ਅਜਿਹਾ ਸੂਬਾ ਹੈ, ਜੋ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ 25,000 ਰੁਪਏ ਦੀ ਗ੍ਰਾਂਟ, 20,000 ਰੁਪਏ ਦੀ ਸਰਟੀਫਿਕੇਸ਼ਨ, ਮਾਰਕੀਟਿੰਗ ਅਤੇ ਪ੍ਰੋਸੈਸਿੰਗ ਲਈ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰ ਰਿਹਾ ਹੈ।