ਖੜਗੇ ਨੂੰ ‘ਇੰਡੀਆ’ ਦੀ ਕਮਾਨ, ਨਿਤੀਸ਼ ਨੇ ਠੁਕਰਇਆ ਕਨਵੀਨਰ ਦਾ ਅਹੁਦਾ : ਸੂਤਰ

Sunday, Jan 14, 2024 - 11:36 AM (IST)

ਖੜਗੇ ਨੂੰ ‘ਇੰਡੀਆ’ ਦੀ ਕਮਾਨ, ਨਿਤੀਸ਼ ਨੇ ਠੁਕਰਇਆ ਕਨਵੀਨਰ ਦਾ ਅਹੁਦਾ : ਸੂਤਰ

ਨਵੀਂ ਦਿੱਲੀ (ਭਾਸ਼ਾ)- ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦਾ ਪ੍ਰਧਾਨ ਬਣਾਏ ਜਾਣ ਲਈ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਨਾਂ ’ਤੇ ਸ਼ਨੀਵਾਰ ਨੂੰ ਸਹਿਮਤੀ ਬਣ ਗਈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਡਿਜੀਟਲ ਮਾਧਿਅਮ ਰਾਹੀਂ ਮੁਲਾਕਾਤ ਕੀਤੀ ਅਤੇ ਗੱਠਜੋੜ ਦੇ ਵੱਖ-ਵੱਖ ਪਹਿਲੂਆਂ ਅਤੇ ਅਪ੍ਰੈਲ-ਮਈ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ’ਤੇ ਚਰਚਾ ਕੀਤੀ। ਸੂਤਰਾਂ ਨੇ ਦੱਸਿਆ ਕਿ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.), ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਤੇ ਸਮਾਜਵਾਦੀ ਪਾਰਟੀ (ਐੱਸ. ਪੀ.) ਦੇ ਆਗੂ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਸੂਤਰਾਂ ਮੁਤਾਬਕ ਖੜਗੇ ਨੂੰ ‘ਇੰਡੀਆ’ ਦਾ ਪ੍ਰਧਾਨ ਬਣਾਉਣ ’ਤੇ ਆਮ ਸਹਿਮਤੀ ਬਣੀ। ਪ੍ਰਧਾਨ ਦੇ ਅਹੁਦੇ ’ਤੇ ਨਿਯੁਕਤੀ ਬਾਰੇ ਅਧਿਕਾਰਤ ਐਲਾਨ ਦੀ ਉਡੀਕ ਹੈ। ਸੂਤਰਾਂ ਨੇ ਦੱਸਿਆ ਕਿ ਨੇਤਾਵਾਂ ਨੇ ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂਨਾਈਟਿਡ) ਦੇ ਪ੍ਰਧਾਨ ਨਿਤੀਸ਼ ਕੁਮਾਰ ਨੂੰ ਵਿਰੋਧੀ ਗੱਠਜੋੜ ਦਾ ਕਨਵੀਨਰ ਬਣਾਉਣ ਦਾ ਫੈਸਲਾ ਵੀ ਕੀਤਾ ਸੀ, ਪਰ ਕੁਮਾਰ ਨੇ ਕਨਵੀਨਰ ਬਣਨ ਤੋਂ ਇਨਕਾਰ ਕਰ ਦਿੱਤਾ। ਹੁਣ ਜਿਨ੍ਹਾਂ ਪਾਰਟੀਆਂ ਦੇ ਨੁਮਾਇੰਦੇ ਮੀਟਿੰਗ ਵਿਚ ਹਾਜ਼ਰ ਨਹੀਂ ਸਨ, ਉਨ੍ਹਾਂ ਨਾਲ ਸਲਾਹ ਕਰ ਕੇ ਅੰਤਿਮ ਫੈਸਲਾ ਲਿਆ ਜਾਵੇਗਾ।

ਪਵਾਰ ਨੇ ਕਿਹਾ, ਕਨਵੀਨਰ ਦੀ ਕੋਈ ਲੋੜ ਨਹੀਂ

ਮੀਟਿੰਗ ਦੀ ਸਮਾਪਤੀ ਤੋਂ ਬਾਅਦ ਪੁਣੇ ਵਿਚ ਸ਼ਰਦ ਪਵਾਰ ਨੇ ਕਿਹਾ- ਇੰਡੀਆ ਬਲਾਕ ਦੇ ਮੈਂਬਰਾਂ ਵਿਚ ਕੋਈ ਵਿਵਾਦ ਨਹੀਂ ਹੈ। ਮੀਟਿੰਗ ਵਿਚ ਨਿਤੀਸ਼ ਕੁਮਾਰ ਦਾ ਨਾਂ ਕਨਵੀਨਰ ਵਜੋਂ ਸੁਝਾਇਆ ਗਿਆ ਸੀ। ਬਾਅਦ ਵਿਚ ਸਹਿਮਤੀ ਬਣੀ ਕਿ ਪਾਰਟੀ ਮੁਖੀਆਂ ਦੀ ਟੀਮ ਬਣਾਈ ਜਾਣੀ ਚਾਹੀਦੀ ਹੈ। ਕਨਵੀਨਰ ਨਿਯੁਕਤ ਕਰਨ ਦੀ ਕੋਈ ਲੋੜ ਨਹੀਂ ਹੈ।

ਇਹ ਵੀ ਪੜ੍ਹੋ : ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ PM ਮੋਦੀ ਤੋਂ ਬਾਅਦ ਭਾਜਪਾ ਆਗੂ RP ਸਿੰਘ ਨੇ ਵੀ ਰੱਖਿਆ ਵਰਤ

28 ਪਾਰਟੀਆਂ ਵਾਲੇ ਗੱਠਜੋੜ ਦੀ ਬੈਠਕ ’ਚ ਆਈਆਂ 9 ਪਾਰਟੀਆਂ, ਸਪਾ, ਸ਼ਿਵ ਸੈਨਾ, ਟੀ. ਐੱਮ. ਸੀ. ਰਹੀਆਂ ਦੂਰ

28 ਪਾਰਟੀਆਂ ਦੇ ਇਸ ਗੱਠਜੋੜ ਵਿਚ ਸਿਰਫ 9 ਪਾਰਟੀਆਂ ਹੀ ਵਰਚੁਅਲ ਮੀਟਿੰਗ ਵਿਚ ਸ਼ਾਮਲ ਹੋਈਆਂ। ਮੀਟਿੰਗ ਵਿਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਲਾਲੂ ਯਾਦਵ ਅਤੇ ਤੇਜਸਵੀ ਯਾਦਵ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਮਰ ਅਬਦੁੱਲਾ (ਨੈਸ਼ਨਲ ਕਾਨਫਰੰਸ), ਸੀਤਾਰਾਮ ਯੇਚੁਰੀ, ਡੀ ਰਾਜਾ, ਸ਼ਰਦ ਪਵਾਰ ਅਤੇ ਡੀ. ਐੱਮ. ਕੇ. ਵਲੋਂ ਤਾਮਿਲਨਾਡੂ ਦੇ ਸੀ. ਐੱਮ. ਐੱਮ. ਕੇ. ਸਟਾਲਿਨ ਸ਼ਾਮਲ ਹੋਏ। ਤ੍ਰਿਣਮੂਲ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਸ਼ਿਵ ਸੈਨਾ ਦੇ ਊਧਵ ਠਾਕਰੇ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ।

ਨੱਢਾ ਨੇ ਕਿਹਾ- ਵਰਚੁਅਲ ਗੱਠਜੋੜ ਸਿਰਫ ਵਰਚੁਅਲ ਮੀਟਿੰਗਾਂ ਹੀ ਕਰੇਗਾ

‘ਇੰਡੀਆ’ ਗੱਠਜੋੜ ਦੀ ਵਰਚੁਅਲ ਮੀਟਿੰਗ ਬਾਰੇ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੇ ਕਿਹਾ - ਜਦੋਂ ਮੈਂ ਅੱਜ ‘ਇੰਡੀਆ’ ਗੱਠਜੋੜ ਦੀ ਮੀਟਿੰਗ ਬਾਰੇ ਸੁਣਿਆ ਤਾਂ ਮੈਂ ਪੁੱਛਿਆ ਕਿ ਮੀਟਿੰਗ ਕਿੱਥੇ ਹੋ ਰਹੀ ਹੈ ਤਾਂ ਮੈਨੂੰ ਪਤਾ ਲੱਗਾ ਕਿ ਇਹ ਇਕ ਵਰਚੁਅਲ ਮੀਟਿੰਗ ਹੈ। ਵਰਚੁਅਲ ਗੱਠਜੋੜ ਸਿਰਫ ਵਰਚੁਅਲ ਮੀਟਿੰਗਾਂ ਹੀ ਕਰੇਗਾ। ਇਸ ਤੋਂ ਵੱਧ ਉਹ ਕੁਝ ਨਹੀਂ ਕਰ ਸਕਦੇ। ਪ੍ਰਧਾਨ ਮੰਤਰੀ ਮੋਦੀ ਦਾ ਏਜੰਡਾ ਵਿਕਸਿਤ ਭਾਰਤ, ਯੁਵਾ ਸਸ਼ਕਤੀਕਰਨ, ਮਹਿਲਾ ਸਸ਼ਕਤੀਕਰਨ, ਗਰੀਬੀ ਘਟਾਉਣਾ ਹੈ ਪਰ ਉਨ੍ਹਾਂ (ਵਿਰੋਧੀ ਧਿਰ) ਦਾ ਏਜੰਡਾ ਕੀ ਹੈ?

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News