ਕੇਰਲ ਹੜ੍ਹ : ਸੈਮਸੰਗ ਤੇ ਮਾਰੂਤੀ ਨੇ ਦਾਨ ਕੀਤੇ 5.5 ਕਰੋੜ ਰੁਪਏ
Wednesday, Aug 22, 2018 - 08:17 PM (IST)
ਨਵੀਂ ਦਿੱਲੀ—ਦੱਖਣੀ ਕੋਰੀਆ ਦੀ ਇਲੈਕਟ੍ਰਾਨਿਕਸ ਕੰਪਨੀ ਸੈਮਸੰਗ ਨੇ ਕੇਰਲ ਰਾਹਤ ਕਾਰਜਾਂ ਲਈ 2 ਕਰੋੜ ਰੁਪਏ ਦਾ ਦਾਨ ਦਿੱਤਾ ਹੈ। ਕੰਪਨੀ ਨੇ ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਸੈਮਸੰਗ ਇਲੈਕਟ੍ਰਾਨਿਕਸ ਦੇ ਆਈ.ਟੀ. ਅਤੇ ਮੋਬਾਇਲ ਕੰਮਿਊਨੀਕੇਸ਼ਨ ਡਿਵੀਜ਼ਨ ਦੇ ਪ੍ਰੈਸੀਡੈਂਟ ਅਤੇ ਸੀ.ਈ.ਓ. ਡੀਜੇ ਕੋਹ ਨੇ ਕਿਹਾ ਕਿ ਅਸੀਂ ਕੇਰਲ ਨੂੰ ਰਾਹਤ ਕਾਰਜ ਲਈ 3 ਲੱਖ ਡਾਲਰ ਦਾਨ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਭਾਵਿਤਾਂ ਦੀ ਜਲਦ ਹੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। 1924 ਤੋਂ ਬਾਅਦ ਕੇਰਲ 'ਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹੜ੍ਹ ਹੈ, ਇਸ ਨਾਲ ਸੂਬੇ 'ਚ ਲਗਭਗ 10 ਲੱਖ ਲੋਕ 3000 ਰਾਹਤ ਕੈਂਪਾਂ 'ਚ ਸ਼ਰਣ ਲੈਣ ਲਈ ਮਜ਼ਬੂਰ ਹੋਏ ਹਨ। ਦੇਸ਼ਭਰ 'ਚ 29 ਮਈ ਤੋਂ ਸ਼ੁਰੂ ਹੋਏ ਮੀਂਹ ਨਾਲ ਹੁਣ ਤੱਕ ਕੁਲ 370 ਮੌਤਾਂ ਹੋ ਚੁੱਕੀਆਂ ਹਨ।
ਮਾਰੂਤੀ ਸੁਜ਼ੂਕੀ ਅਤੇ ਕਰਮਚਾਰੀਆਂ ਨੇ ਦਿੱਤੇ 3.5 ਕਰੋੜ ਰੁਪਏ
ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਅਤੇ ਉਸ ਦੇ ਕਰਮਚਾਰੀਆਂ ਨੇ ਕੇਰਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ 3.5 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ। ਮਾਰੂਤੀ ਨੇ ਬਿਆਨ 'ਚ ਕਿਹਾ ਕਿ ਉਸ ਨੇ ਸਰਕਾਰ ਦੇ ਰਾਹਤ, ਪੁਨਰ ਨਿਰਮਾਣ ਅਤੇ ਪੁਨਰਵਾਸ ਕਾਰਜਾਂ ਨੂੰ ਮਜ਼ਬੂਤੀ ਦੇਣ ਲਈ ਪ੍ਰਧਾਨ ਮੰਤਰਰੀ ਰਾਸ਼ਟਰੀ ਰਾਹਤ ਕੋਸ਼ 'ਚ ਦੋ ਕਰੋੜ ਰੁਪਏ ਦਿੱਤੇ ਹਨ। ਇਸ ਤੋਂ ਇਲਾਵਾ ਕੰਪਨੀ ਦੇ ਕਰਮਚਾਰੀਆਂ ਨੇ ਡੇਢ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਇਸ ਤੋਂ ਪਹਿਲਾਂ ਬਜਾਜ ਆਟੋ ਨੇ ਵੀ ਕੇਰਲ ਦੀ ਮਦਦ ਲਈ 2 ਕਰੋੜ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਸੀ। ਰਿਲਾਇੰਸ ਫਾਊਂਡੇਸ਼ਨ ਨੇ ਵੀ 21 ਕਰੋੜ ਰੁਪਏ ਦੀ ਮਦਦ ਦਿੱਤੀ ਹੈ।
