PM ਮੋਦੀ ਦੀ ਕੇਰਲ ਯਾਤਰਾ ਤੋਂ ਪਹਿਲਾਂ ਮਿਲੀ ਧਮਕੀ ਭਰੀ ਚਿੱਠੀ, ਦੱਸਿਆ ਜਾਨ ਨੂੰ ਖ਼ਤਰਾ

Saturday, Apr 22, 2023 - 01:30 PM (IST)

ਤਿਰੁਵਨੰਤਪੁਰਮ (ਏਜੰਸੀ)- ਭਾਜਪਾ ਦੀ ਕੇਰਲ ਇਕਾਈ ਨੂੰ ਇਕ ਚਿੱਠੀ ਮਿਲੀ ਹੈ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਦੇ 2 ਦਿਨਾ ਦੌਰੇ ਦੌਰਾਨ ਜਾਨ ਨੂੰ ਖ਼ਤਰਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸੂਤਰਾਂ ਅਨੁਸਾਰ, ਇੱਥੇ ਭਾਜਪਾ ਹੈੱਡ ਕੁਆਰਟਰ 'ਚ 17 ਅਪ੍ਰੈਲ ਨੂੰ ਪਹੁੰਚੀ ਚਿੱਠੀ ਕੇਰਲ ਪੁਲਸ ਨੂੰ ਸੌਂਪ ਦਿੱਤੀ ਗਈ ਹੈ। ਇਸ ਨੂੰ ਭੇਜਣ ਵਾਲੇ ਦਾ ਨਾਮ ਏਰਨਾਕੁਲਮ ਵਾਸੀ ਜੋਸੇਫ ਜੌਨੀ ਹੈ। ਪਾਰਟੀ ਦੇ ਪ੍ਰਧਾਨ ਕੇ. ਸੁਰੇਂਦਰਨ ਨੇ ਪੁਲਸ ਨੂੰ ਚਿੱਠੀ ਸੌਂਪੀ ਹੈ। ਹਾਲਾਂਕਿ ਪੁਲਸ ਵਲੋਂ ਟਰੇਸ ਕੀਤੇ ਗਏ ਜੌਨੀ ਨੇ ਕੁਝ ਵੀ ਗਲ਼ਤ ਕਰਨ ਤੋਂ ਇਨਕਾਰ ਕੀਤਾ ਹੈ। ਕੇਰਲ ਪੁਲਸ ਅਤੇ ਕੇਂਦਰੀ ਏਜੰਸੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਤਮਘਾਤੀ ਬੰਬ ਹਮਲੇ ਦੀ ਧਮਕੀ ਦੇਣ ਵਾਲੀ ਚਿੱਠੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਪ੍ਰੈਲ ਨੂੰ ਕੋਚੀ ਆ ਰਹੇ ਹਨ ਅਤੇ ਰੋਡ ਸ਼ੋਅ 'ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ ਨੌਜਵਾਨਾਂ ਦੀ ਇਕ ਸਭਾ ਨੂੰ ਸੰਬੋਧਨ ਕਰਨਗੇ ਅਤੇ 9 ਵੱਖ-ਵੱਖ ਚਰਚਿਆਂ ਦੇ ਸਰਵਉੱਚ ਮੁਖੀਆਂ ਨਾਲ ਮਿਲਣਗੇ। ਕੋਚੀ 'ਚ ਰਾਤ ਰੁਕਣ ਤੋਂ ਬਾਅਦ ਅਗਲੀ ਸਵੇਰ ਪੀ.ਐੱਮ. ਮੋਦੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣ ਲਈ ਰਾਜ ਦੀ ਰਾਜਧਾਨੀ ਪਹੁੰਚਣਗੇ ਅਤੇ ਫਿਰ ਸੈਂਟਰਲ ਸਟੇਡੀਅਮ ਜਾਣਗੇ, ਜਿੱਥੇ ਉਹ ਕੁਝ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਦੁਪਹਿਰ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਗੁਜਰਾਤ ਰਵਾਨਾ ਹੋਣਗੇ।

ਸੁਰੇਂਦਰਨ ਨੇ ਸ਼ਨੀਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਕੇਰਲ ਪੁਲਸ ਦੇ ਸੀਨੀਅਰ ਖੁਫ਼ੀਆ ਅਧਿਕਾਰੀਆਂ ਵਲੋਂ ਕੀਤੇ ਜਾਣ ਵਾਲੇ ਸੁਰੱਖਿਆ ਉਪਾਵਾਂ 'ਤੇ ਤਿਆਰ ਕੀਤੀ ਗਈ 49 ਪੰਨਿਆਂ ਦੀ ਰਿਪੋਰਟ ਲੀਕ ਹੋਣ ਤੋਂ ਬਾਅਦ ਸੁਰੱਖਿਆ 'ਚ ਗੰਭੀਰ ਲਾਪਰਵਾਹੀ ਹੋਈ ਹੈ। ਰਿਪੋਰਟ 'ਚ ਉਨ੍ਹਾਂ ਦੇ ਦੌਰੇ ਦੌਰਾਨ ਕੀਤੇ ਜਾਣ ਵਾਲੇ ਸਾਰੇ ਉਪਾਵਾਂ ਅਤੇ ਸੀਨੀਅਰ ਪੁਲਸ ਅਧਿਕਾਰੀਆਂ ਦੀ ਭੂਮਿਕਾ ਦਾ ਵੇਰਵਾ ਹੈ ਅਤੇ ਹੁਣ ਰਿਪੋਰਟ ਲੀਕ ਹੋਣ ਦੇ ਨਾਲ ਹੀ ਇਕ ਨਵੀਂ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ,''ਅਸੀਂ ਪੁਲਸ ਨੂੰ ਧਮਕੀ ਭਰੀ ਚਿੱਠੀ ਸੌਂਪੀ ਹੈ। ਇਹ ਵੀ ਹੈਰਾਨ ਕਰਨ ਵਾਲਾ ਹੈ ਕਿ ਕੇਰਲ ਪੁਲਸ ਦੀ ਖੁਫ਼ੀਆ ਰਿਪੋਰਟ 'ਚ ਰਾਜ 'ਚ ਅੱਤਵਾਦੀ ਅਤੇ ਰਾਸ਼ਟਰ ਵਿਰੋਧੀ ਤਾਕਤਾਂ ਦੀ ਮੌਜੂਦਗੀ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇਹ ਹੈਰਾਨੀਜਨਕ ਹੈ ਕਿਉਂਕਿ ਕਿਸੇ ਨੂੰ ਪਤਾ ਨਹੀਂ ਹੈ ਕਿ ਹਮਲੇ ਦਾ ਸਮਾਂ ਕੀ ਹੈ।'' 


DIsha

Content Editor

Related News