ਭਾਰਤ ਦਾ ਪਹਿਲਾ ਬੇਹੱਦ ਗਰੀਬੀ ਤੋਂ ਮੁਕਤ ਸੂਬਾ ਬਣਿਆ ਕੇਰਲ

Sunday, Oct 26, 2025 - 08:39 PM (IST)

ਭਾਰਤ ਦਾ ਪਹਿਲਾ ਬੇਹੱਦ ਗਰੀਬੀ ਤੋਂ ਮੁਕਤ ਸੂਬਾ ਬਣਿਆ ਕੇਰਲ

ਤਿਰੂਵਨੰਤਪੁਰਮ -ਭਾਰਤ ਦੇ ਵਿਕਾਸ ਦੀ ਦਿਸ਼ਾ ਵਿਚ ਇਕ ਇਤਿਹਾਸਕ ਕਦਮ ਤਹਿਤ ਕੇਰਲ ਪਹਿਲੀ ਨਵੰਬਰ ਨੂੰ ਦੇਸ਼ ਦਾ ਪਹਿਲਾ ‘ਬੇਹੱਦ ਗਰੀਬੀ ਤੋਂ ਮੁਕਤ ਸੂਬਾ’ ਬਣ ਜਾਵੇਗਾ। ਕੇਰਲ ਦੇ ਸਥਾਪਨਾ ਦਿਵਸ ਦੇ ਮੌਕੇ ’ਤੇ 1 ਨਵੰਬਰ ਨੂੰ ਮੁੱਖ ਮੰਤਰੀ ਪੀ. ਵਿਜਯਨ ਤਿਰੂਵਨੰਤਪੁਰਮ ਦੇ ਸੈਂਟਰਲ ਸਟੇਡੀਅਮ ’ਚ ਇਸਦਾ ਗੈਰ-ਰਸਮੀ ਐਲਾਨ ਕਰਨਗੇ। ਸੂਬਾ ਸਰਕਾਰ ਨੇ ਸਾਰਿਆਂ ਲਈ ਇਕਸਾਰ ਮਾਡਲ ਨਾਲੋਂ ਅਲੱਗ 64,006 ਵਾਂਝੇ ਪਰਿਵਾਰਾਂ ਦੀ ਪਛਾਣ ਕੀਤੀ ਅਤੇ ਹਰੇਕ ਪਰਿਵਾਰ ਦੀਆਂ ਖਾਸ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਅਨੁਸਾਰ ਢੁੱਕਵੀਆਂ ਯੋਜਨਾਵਾਂ ਤਿਆਰ ਕੀਤੀਆਂ ਹਨ।
ਮੁੱਖ ਮੰਤਰੀ 1 ਨਵੰਬਰ ਨੂੰ ਇਸ ਦਾ ਐਲਾਨ ਕਰਨਗੇ। ਇਸ ਪਹਿਲਕਦਮੀ ਨੇ 1,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਉਨ੍ਹਾਂ ਹਜ਼ਾਰਾਂ ਲੋਕਾਂ ਲਈ ਭੋਜਨ, ਰਿਹਾਇਸ਼, ਸਿਹਤ ਸੇਵਾ, ਰੋਜ਼ੀ-ਰੋਟੀ ਅਤੇ ਸਨਮਾਨ ਯਕੀਨੀ ਬਣਾਇਆ ਹੈ ਜੋ ਲੰਬੇ ਸਮੇਂ ਤੋਂ ਹਾਸ਼ੀਏ ’ਤੇ ਜੀਵਨ ਬਤੀਤ ਕਰ ਰਹੇ ਸਨ। ਇਸ ਪ੍ਰੋਗਰਾਮ ਤਹਿਤ ਹੁਣ 20,648 ਪਰਿਵਾਰਾਂ ਦੀ ਭੋਜਨ ਤੱਕ ਪਹੁੰਚ ਯਕੀਨੀ ਹੋ ਗਈ ਹੈ, ਜਿਸ ਵਿਚ 2,210 ਵਿਅਕਤੀਆਂ ਨੂੰ ਰੋਜ਼ਾਨਾ ਤਾਜ਼ਾ ਪਕਾਇਆ ਹੋਇਅਾ ਭੋਜਨ ਮਿਲ ਰਿਹਾ ਹੈ। ਸਿਹਤ ਖੇਤਰ ਵਿਚ 85,721 ਲੋਕ ਡਾਕਟਰੀ ਸਹੂਲਤਾਂ ਅਤੇ ਦਵਾਈਆਂ ਪ੍ਰਾਪਤ ਕਰ ਰਹੇ ਹਨ। ਸਰਕਾਰ ਨੇ 5,400 ਤੋਂ ਵੱਧ ਨਵੇਂ ਘਰਾਂ ਦੀ ਉਸਾਰੀ ਜਾਂ ਉਸਾਰੀ ਕੰਮ ਸ਼ੁਰੂ ਕਰ ਦਿੱਤਾ ਹੈ, 5,522 ਘਰਾਂ ਦੀ ਮੁਰੰਮਤ ਕੀਤੀ ਹੈ ਅਤੇ 2,713 ਭੂਮੀਹੀਣ ਪਰਿਵਾਰਾਂ ਨੂੰ ਜ਼ਮੀਨ ਵੰਡੀ ਹੈ।

ਇਸ ਤੋਂ ਇਲਾਵਾ 21,263 ਲੋਕਾਂ ਨੂੰ ਰਾਸ਼ਨ ਕਾਰਡ, ਆਧਾਰ ਕਾਰਡ ਅਤੇ ਪੈਨਸ਼ਨ ਵਰਗੇ ਜ਼ਰੂਰੀ ਦਸਤਾਵੇਜ਼ ਜਾਰੀ ਕੀਤੇ ਗਏ ਹਨ, ਜਦਕਿ 4,394 ਪਰਿਵਾਰਾਂ ਨੂੰ ਸਥਾਈ ਰੋਜ਼ੀ-ਰੋਟੀ ਪ੍ਰਾਜੈਕਟਾਂ ਲਈ ਸਹਾਇਤਾ ਮਿਲੀ ਹੈ।


author

Hardeep Kumar

Content Editor

Related News