ਕੇਜਰੀਵਾਲ ਨੇ RSS ਮੁਖੀ ਮੋਹਨ ਭਾਗਵਤ ਨੂੰ ਲਿਖੀ ਚਿੱਠੀ, ਪੁੱਛੇ 5 ਸਵਾਲ

Wednesday, Sep 25, 2024 - 12:13 PM (IST)

ਨਵੀਂ ਦਿੱਲੀ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ RSS ਮੁਖੀ ਮੋਹਨ ਭਾਗਵਤ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਜ਼ਰੀਏ ਉਨ੍ਹਾਂ ਨੇ 5 ਸਵਾਲ ਪੁੱਛੇ ਹਨ। ਕੇਜਰੀਵਾਲ ਨੇ ਕਿਹਾ ਕਿ ਜਿਸ ਕਾਨੂੰਨ ਤਹਿਤ ਲਾਲਕ੍ਰਿਸ਼ਨ ਅਡਵਾਨੀ ਨੂੰ 75 ਪਾਰ ਹੋਣ 'ਤੇ ਸੇਵਾਮੁਕਤ ਕੀਤਾ ਗਿਆ, ਕੀ ਉਹ ਪ੍ਰਧਾਨ ਮੰਤਰੀ ਮੋਦੀ 'ਤੇ ਨਿਯਮ ਲਾਗੂ ਨਹੀਂ ਹੋਵੇਗਾ? 

ਕੇਜਰੀਵਾਲ ਨੇ ਆਪਣੀ ਚਿੱਠੀ 'ਚ ਕਿਹਾ ਕਿ ਇਹ ਚਿੱਠੀ ਇਕ ਸਿਆਸੀ ਪਾਰਟੀ ਦੇ ਨੇਤਾ ਦੀ ਹੈਸੀਅਤ ਨਾਲ ਨਹੀਂ ਲਿਖ ਰਿਹਾ ਹਾਂ ਸਗੋਂ ਇਸ ਦੇਸ਼ ਦੇ ਇਕ ਆਮ ਨਾਗਰਿਕ ਵਜੋਂ ਲਿਖ ਰਿਹਾ ਹਾਂ। ਅੱਜ ਦੇਸ਼ ਦੇ ਹਾਲਾਤ ਨੂੰ ਲੈ ਕੇ ਮੈਂ ਬਹੁਤ ਚਿੰਤਤ ਹਾਂ। ਜਿਸ ਦਿਸ਼ਾ ਵਿਚ ਕੇਂਦਸ ਸਰਕਾਰ ਦੇਸ਼ ਅਤੇ ਦੇਸ਼ ਦੀ ਸਿਆਸਤ ਲੈ ਕੇ ਜਾ ਰਹੀ ਹੈ, ਇਹ ਪੂਰੇ ਦੇਸ਼ ਲਈ ਹਾਨੀਕਾਰਕ ਹੈ। ਜੇਕਰ ਇਹ ਹੀ ਚੱਲਦਾ ਰਿਹਾ ਤਾਂ ਲੋਕਤੰਤਰ ਖ਼ਤਮ ਹੋ ਜਾਵੇਗਾ। 

ਅਰਵਿੰਦ ਕੇਜਰੀਵਾਲ ਦੇ 5 ਸਵਾਲ

1. ਦੇਸ਼ ਭਰ ਵਿਚ ਕਈ ਤਰ੍ਹਾਂ ਦੇ ਲਾਲਚ ਦੇ ਕੇ ਜਾਂ ED-CBI ਦੀਆਂ ਧਮਕੀਆਂ ਦੇ ਕੇ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਨੂੰ ਡੇਗਿਆ ਜਾ ਰਿਹਾ ਹੈ। ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਤੋੜਿਆ ਜਾ ਰਿਹਾ ਹੈ। ਕੀ ਇਸ ਤਰ੍ਹਾਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣਾ ਦੇਸ਼ ਅਤੇ ਦੇਸ਼ ਦੇ ਲੋਕਤੰਤਰ ਲਈ ਸਹੀ ਹੈ? ਕਿਸੇ ਵੀ ਬੇਈਮਾਨ ਤਰੀਕੇ ਨਾਲ ਸੱਤਾ ਹਾਸਲ ਕਰਨਾ, ਕੀ ਇਹ ਤੁਹਾਨੂੰ ਜਾਂ RSS ਨੂੰ ਮਨਜ਼ੂਰ ਹੈ?

PunjabKesari

2. ਦੇਸ਼ ਦੇ ਕੁਝ ਨੇਤਾਵਾਂ ਨੂੰ ਖੁਦ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਨੇ ਜਨਤਕ ਮੰਚ ਤੋਂ ਭ੍ਰਿਸ਼ਟਾਚਾਰੀ ਕਿਹਾ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਭਾਜਪਾ ਪਾਰਟੀ ਵਿਚ ਸ਼ਾਮਲ ਕਰ ਲਿਆ। ਉਦਾਹਰਣ ਵਜੋਂ 28 ਜੂਨ, 2023 ਨੂੰ ਇਕ ਜਨਤਕ ਭਾਸ਼ਣ 'ਚ ਪ੍ਰਧਾਨ ਮੰਤਰੀ ਮੋਦੀ ਨੇ ਇਕ ਜਨਤਕ ਭਾਸ਼ਣ ਇਕ ਪਾਰਟੀ ਅਤੇ ਉਸ ਦੇ ਇਕ ਨੇਤਾ 'ਤੇ 70 ਹਜ਼ਾਰ ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਲਗਾਇਆ। ਉਸ ਦੇ ਕੁਝ ਦਿਨਾਂ ਬਾਅਦ ਉਸ ਪਾਰਟੀ ਨੂੰ ਤੋੜ ਕੇ ਉਸੇ ਨੇਤਾ ਦੀ ਸਰਕਾਰ ਬਣਾ ਦਿੱਤੀ ਗਈ ਅਤੇ ਉਹੀ ਨੇਤਾ ਜਿਸ ਨੂੰ ਕੱਲ੍ਹ ਤੱਕ ਭ੍ਰਿਸ਼ਟ ਕਿਹਾ ਜਾਂਦਾ ਸੀ, ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਗਿਆ। ਅਜਿਹੇ ਕਈ ਮਾਮਲੇ ਹਨ ਜਦੋਂ ਦੂਜੀਆਂ ਪਾਰਟੀਆਂ ਦੇ ਭ੍ਰਿਸ਼ਟ ਨੇਤਾਵਾਂ ਨੂੰ ਭਾਜਪਾ ਵਿਚ ਸ਼ਾਮਲ ਕੀਤਾ ਗਿਆ ਸੀ। ਕੀ ਤੁਸੀਂ ਜਾਂ RSS ਵਰਕਰਾਂ ਨੇ ਅਜਿਹੀ ਭਾਜਪਾ ਦੀ ਕਲਪਨਾ ਕੀਤੀ ਸੀ? ਕੀ ਇਹ ਸਭ ਦੇਖ ਕੇ ਤੁਹਾਨੂੰ ਦਰਦ ਨਹੀਂ ਹੁੰਦਾ?

3. ਭਾਜਪਾ ਉਹ ਪਾਰਟੀ ਸੀ ਜਿਸ ਦਾ ਜਨਮ RSS ਦੀ ਕੁੱਖ ਤੋਂ ਹੋਇਆ ਸੀ। ਜੇਕਰ ਭਾਜਪਾ ਭੰਬਲਭੂਸੇ ਵਿਚ ਪਵੇ ਤਾਂ ਉਸ ਨੂੰ ਸਹੀ ਰਸਤੇ 'ਤੇ ਲਿਆਉਣਾ RSS ਦੀ ਜ਼ਿੰਮੇਵਾਰੀ ਹੈ। ਕੀ ਤੁਸੀਂ ਕਦੇ ਪ੍ਰਧਾਨ ਮੰਤਰੀ ਨੂੰ ਇਹ ਸਭ ਗਲਤ ਕੰਮ ਕਰਨ ਤੋਂ ਰੋਕਿਆ ਹੈ?

4. ਜੇ.ਪੀ. ਨੱਡਾ ਨੇ ਲੋਕ ਸਭਾ ਚੋਣਾਂ ਦੌਰਾਨ ਕਿਹਾ ਸੀ ਕਿ ਭਾਜਪਾ ਨੂੰ ਹੁਣ RSS ਦੀ ਲੋੜ ਨਹੀਂ ਹੈ। ਇਕ ਤਰ੍ਹਾਂ ਨਾਲ RSS ਭਾਜਪਾ ਦੀ ਮਾਂ ਹੈ। ਕੀ ਪੁੱਤ ਇੰਨਾ ਵੱਡਾ ਹੋ ਗਿਆ ਹੈ ਕਿ ਮਾਂ ਨੂੰ ਅੱਖਾਂ ਦਿਖਾਉਣ ਲੱਗ ਪਿਆ ਹੈ? ਮੈਨੂੰ ਪਤਾ ਲੱਗਾ ਹੈ ਕਿ ਨੱਡਾ ਜੀ ਦੇ ਇਸ ਬਿਆਨ ਨੇ ਹਰ RSS ਵਰਕਰ ਨੂੰ ਡੂੰਘਾ ਦੁੱਖ ਪਹੁੰਚਾਇਆ ਹੈ। ਦੇਸ਼ ਜਾਣਨਾ ਚਾਹੁੰਦਾ ਹੈ ਕਿ ਉਨ੍ਹਾਂ ਦੇ ਬਿਆਨ ਨਾਲ ਤੁਹਾਡੇ ਦਿਲ 'ਤੇ ਕੀ ਬੀਤੀ?

5. ਤੁਸੀਂ ਸਾਰਿਆਂ ਨੇ ਮਿਲ ਕੇ ਇਕ ਕਾਨੂੰਨ ਬਣਾਇਆ ਸੀ ਕਿ ਭਾਜਪਾ ਆਗੂ 75 ਸਾਲ ਦੀ ਉਮਰ ਤੋਂ ਬਾਅਦ ਹੀ ਸੇਵਾਮੁਕਤ ਹੋਣਗੇ। ਇਸ ਕਾਨੂੰਨ ਦਾ ਵਿਆਪਕ ਪ੍ਰਚਾਰ ਕੀਤਾ ਗਿਆ ਅਤੇ ਇਸ ਕਾਨੂੰਨ ਦੇ ਤਹਿਤ ਅਡਵਾਨੀ ਜੀ ਅਤੇ ਮੁਰਲੀ ​​ਮਨੋਹਰ ਜੋਸ਼ੀ ਜੀ ਵਰਗੇ ਭਾਜਪਾ ਦੇ ਕਈ ਸੀਨੀਅਰ ਨੇਤਾ ਸੇਵਾਮੁਕਤ ਹੋਏ। ਪਿਛਲੇ ਦਸ ਸਾਲਾਂ ਵਿਚ ਇਸ ਕਾਨੂੰਨ ਤਹਿਤ ਭਾਜਪਾ ਦੇ ਕਈ ਹੋਰ ਆਗੂ ਸੇਵਾਮੁਕਤ ਹੋ ਗਏ ਜਿਵੇਂ ਖੰਡੂਰੀ ਜੀ, ਸ਼ਾਂਤਾ ਕੁਮਾਰ ਜੀ, ਸੁਮਿਤਾ ਮਹਾਜਨ ਜੀ ਆਦਿ। ਹੁਣ ਅਮਿਤ ਸ਼ਾਹ ਜੀ ਕਹਿੰਦੇ ਹਨ ਕਿ ਇਹ ਕਾਨੂੰਨ ਮੋਦੀ ਜੀ 'ਤੇ ਲਾਗੂ ਨਹੀਂ ਹੋਵੇਗਾ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਜਿਸ ਕਾਨੂੰਨ ਤਹਿਤ ਅਡਵਾਨੀ ਜੀ ਨੂੰ ਸੇਵਾਮੁਕਤ ਕੀਤਾ ਗਿਆ ਸੀ, ਉਹ ਕਾਨੂੰਨ ਹੁਣ ਮੋਦੀ ਜੀ 'ਤੇ ਲਾਗੂ ਨਹੀਂ ਹੋਵੇਗਾ? ਕੀ ਕਾਨੂੰਨ ਸਾਰਿਆਂ ਲਈ ਬਰਾਬਰ ਨਹੀਂ ਹੋਣਾ ਚਾਹੀਦਾ?

ਅੱਜ ਹਰ ਭਾਰਤੀ ਦੇ ਮਨ ਵਿਚ ਇਹ ਸਵਾਲ ਉੱਭਰ ਰਹੇ ਹਨ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਨ੍ਹਾਂ ਸਵਾਲਾਂ 'ਤੇ ਗੌਰ ਕਰੋਗੇ ਅਤੇ ਲੋਕਾਂ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦਿਓਗੇ।


Tanu

Content Editor

Related News