ਗੜਬੜੀ ਕਰਨ ਵਾਲਿਆਂ ਨੂੰ ਨਹੀਂ ਬਖਸ਼ਾਂਗੇ- ਕੈਗ ਰਿਪੋਰਟ ''ਤੇ ਕੇਜਰੀਵਾਲ

04/04/2018 10:25:01 AM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੀ ਰਿਪੋਰਟ 'ਚ ਪਾਈਆਂ ਗਈਆਂ ਗੜਬੜੀਆਂ ਲਈ ਦੋਸ਼ੀ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੋਸ਼ਲ ਵੈਲਫੇਅਰ ਸਕੀਮਾਂ 'ਚ ਕੈਗ ਦੀ ਟਿੱਪਣੀ ਦੇ ਹਵਾਲੇ ਤੋਂ ਐੱਲ.ਜੀ. ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਦਿੱਲੀ 'ਚ ਅੱਜ ਰਾਸ਼ਨ ਮਾਫੀਆ ਪੂਰੀ ਤਰ੍ਹਾਂ ਹਾਵੀ ਹੈ ਅਤੇ ਰਿਪੋਰਟ ਤੋਂ ਸਬਕ ਲੈਂਦੇ ਹੋਏ ਰਾਸ਼ਨ ਦੀ ਹੋਮ ਡਿਲਵਰੀ ਦੇ ਪ੍ਰਸਤਾਵ 'ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ। ਸੂਤਰਾਂ ਅਨੁਸਾਰ ਦਿੱਲੀ ਸਰਕਾਰ ਨੇ ਰਿਪੋਰਟ ਨਾਲ ਜੁੜੇ 50 ਮਾਮਲਿਆਂ ਨੂੰ ਸੀ.ਬੀ.ਆਈ. ਜਾਂਚ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ ਹੈ। ਕੈਗ ਵੱਲੋਂ ਵਿੱਤ ਸਾਲ 2016-17 ਲਈ ਦਿੱਲੀ ਦੇ ਵਿੱਤ, ਮਾਲੀਆ, ਸਮਾਜਿਕ ਅਤੇ ਆਰਥਿਕ ਖੇਤਰਾਂ 'ਤੇ ਜਾਰੀ ਤਿੰਨ ਰਿਪੋਰਟਾਂ ਦੇ ਵਿਧਾਨ ਸਭਾ 'ਚ ਪੇਸ਼ ਹੋਣ ਤੋਂ ਬਾਅਦ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ,''ਕੈਗ ਵੱਲੋਂ ਦੱਸੇ ਗਏ ਭ੍ਰਿਸ਼ਟਾਚਾਰ ਅਤੇ ਬੇਨਿਯਮੀ ਦੇ ਹਰ ਮਾਮਲੇ 'ਚ ਸਖਤ ਕਾਰਵਾਈ ਕੀਤੀ ਜਾਵੇਗੀ। ਕੋਈ ਵੀ ਬਖਸ਼ਿਆ ਨਹੀਂ ਜਾਵੇਗਾ।'' ਇਸ ਤੋਂ ਪਹਿਲਾਂ ਰਿਪੋਰਟ ਦੇ ਇਕ ਹਿੱਸੇ ਦੀ ਫੋਟੋ ਪੋਸਟ ਕਰਦੇ ਹੋਏ ਕੇਜਰੀਵਾਲ ਨੇ ਐੱਲ.ਜੀ. ਨੂੰ ਆੜੇ ਹੱਥੀਂ ਲਿਆ ਅਤੇ ਕਿਹਾ,''ਦਿੱਲੀ 'ਚ ਪੂਰਾ ਰਾਸ਼ਨ ਸਿਸਟਮ ਮਾਫੀਆ ਦੀ ਲਪੇਟ 'ਚ ਹੈ। ਇਹੀ ਉਹ ਚੀਜ਼ ਹੈ, ਜਿਸ ਨੂੰ ਐੱਲ.ਜੀ. ਡੋਰਸਟੈੱਪ ਡਿਲਵਰੀ ਨੂੰ ਖਾਰਜ ਕਰ ਕੇ ਬਚਾਉਣਾ ਚਾਹੁੰਦੇ ਹਨ। ਡੋਰਸਟੈੱਪ ਡਿਲਵਰੀ ਇਸ ਮਾਫੀਆ ਨੂੰ ਖਤਮ ਕਰ ਸਕਦੀ ਸੀ।''

ਕੈਗ ਨੇ ਆਪਣੀ ਰਿਪੋਰਟ 'ਚ ਐੱਫ.ਸੀ.ਆਈ. ਦੇ ਗੋਦਾਮਾਂ 'ਚ ਵੰਡ ਕੇਂਦਰ ਤੱਕ ਕਈ ਬੇਨਿਯਮੀਆਂ ਦਾ ਜ਼ਿਕਰ ਕੀਤਾ ਹੈ। ਸਰਕਾਰ ਨੂੰ ਸਭ ਤੋਂ ਵਧ ਇਹ ਗੱਲ ਚੁੱਭ ਰਹੀ ਹੈ ਕਿ ਉਸ ਦੇ ਵੋਟ ਬੈਂਕ ਵਾਲੇ ਤਬਕਿਆਂ ਖਾਸ ਕਰ ਕੇ ਐੱਸ.ਸੀ./ਐੱਸ.ਟੀ. ਅਤੇ ਪਿਛੜਿਆਂ ਨਾਲ ਜੁੜੀਆਂ ਸੋਸ਼ਲ ਵੈਲਫੇਅਰ ਸਕੀਮਾਂ, ਪੈਨਸ਼ਨ ਸਕੀਮ ਅਤੇ ਕਈ ਵਿਕਾਸ ਯੋਜਨਾਵਾਂ ਦੇ ਅਮਲ 'ਚ ਵੀ ਹੀਲਾਹਵਾਲਾ ਕੀਤੀ ਗਈ ਹੈ। ਸਭ ਤੋਂ ਵਧ ਹੈਰਾਨ ਕਰਨ ਵਾਲੇ ਤੱਤ ਦੇ ਤੌਰ 'ਤੇ ਇਹ ਸਾਹਮਣੇ ਆਇਆ ਹੈ ਕਿ ਸਵੱਛ ਭਾਰਤ ਮੁਹਿੰਮ ਦੇ ਅਧੀਨ ਦਿੱਲੀ 'ਚ ਹੁਣ ਤੱਕ ਇਕ ਵੀ ਟਾਇਲਟ ਨਹੀਂ ਬਣਿਆ ਹੈ। ਕੈਗ ਦੀ ਰਿਪੋਰਟ 'ਚ ਡੀ.ਟੀ.ਸੀ. 'ਚ ਪ੍ਰਬੰਧਨ ਦੀ ਕਮੀ ਅਤੇ ਲਾਪਰਵਾਹੀ ਕਾਰਨ ਮਾਲੀਆ ਨੂੰ ਕਰੀਬ ਪੌਨੇ 3 ਕਰੋੜ ਰੁਪਏ ਦੇ ਨੁਕਸਾਨ ਦੀ ਗੱਲ ਕਹੀ ਗਈ ਹੈ। ਨਗਰ ਨਿਗਮਾਂ ਦੇ ਕੰਮਕਾਰ 'ਤੇ ਵੀ ਸਵਾਲ ਚੁੱਕੇ ਗਏ ਹਨ ਅਤੇ ਕਿਹਾ ਗਿਆ ਹੈ ਕਿ ਸੜਕਾਂ ਦੇ ਨਿਰਮਾਣ 'ਚ ਠੇਕੇਦਾਰਾਂ ਦੀ ਲਾਪਰਵਾਹੀ ਅਤੇ ਨਜ਼ਰਅੰਦਾਜੀ ਕਾਰਨ ਕੰਮ ਨਹੀਂ ਹੋਏ। ਰਿਪੋਰਟ 'ਚ ਮੈਡੀਕਲ ਕਾਲਜ ਅਤੇ ਹਸਪਤਾਲਾਂ ਦੇ ਯੰਤਰਾਂ ਅਤੇ ਬੁਨਿਆਦੀ ਢਾਂਚੇ ਦੀ ਕਮੀ ਦੀ ਗੱਲ ਵੀ ਕਹੀ ਗਈ ਹੈ।


Related News