ਕੇਜਰੀਵਾਲ-ਨਿਤੀਸ਼ ਮੁਲਾਕਾਤ : ਕਾਂਗਰਸ ਦੀ ‘ਆਪ’ ਨੂੰ ਨਾਂਹ

Sunday, Sep 11, 2022 - 04:49 PM (IST)

ਕੇਜਰੀਵਾਲ-ਨਿਤੀਸ਼ ਮੁਲਾਕਾਤ : ਕਾਂਗਰਸ ਦੀ ‘ਆਪ’ ਨੂੰ ਨਾਂਹ

ਨਵੀਂ ਦਿੱਲੀ– ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਕਿਹਾ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਹਰਾਉਣ ਲਈ ਸਾਰੇ ਇਕੋ-ਜਿਹੇ ਵਿਚਾਰਧਾਰਾ ਵਾਲੇ ਦਲਾਂ ਨੂੰ ਇਕੱਠਿਆਂ ਲਿਆਉਣ ਦੇ ਵਿਰੁੱਧ ਨਹੀਂ ਹੈ ਪਰ ‘ਆਪ’ ਦਾ ਕਾਂਗਰਸ ਨਾਲ ਕੋਈ ਲੈਣਾ-ਦੇਣਾ ਨਹੀਂ ਹੋਵੇਗਾ ਕਿਉਂਕਿ ਪਾਰਟੀ ਨੇ ਆਪਣਾ ਆਧਾਰ ਗੁਆ ਦਿੱਤਾ ਹੈ ਅਤੇ ਇਸ ਦੇ ਮੁੜ-ਵਸੇਬੇ ਦੀ ਕੋਈ ਸੰਭਾਵਨਾ ਨਹੀਂ ਹੈ।

ਕੇਜਰੀਵਾਲ ਨੇ ਇਹ ਵੀ ਵਿਚਾਰ ਪ੍ਰਗਟ ਕੀਤਾ ਕਿ ਕਾਂਗਰਸ ਦੇ ਸੀਨੀਅਰ ਨੇਤਾ ਆਏ ਦਿਨ ਪਾਰਟੀ ਬਦਲ ਰਹੇ ਹਨ। ਹਾਲਾਂਕਿ ਇਕ ਤੋਂ ਬਾਅਦ ਇਕ ਸੂਬਿਆਂ ’ਚ ਕਾਂਗਰਸ ਕਾਰਕੁੰਨ ਆਮ ਆਦਮੀ ਪਾਰਟੀ ’ਚ ਆ ਰਹੇ ਹਨ। ਉਨ੍ਹਾਂ ਨੇ ਨਿਤੀਸ਼ ਕੁਮਾਰ ਨੂੰ ਦੱਸਿਆ ਕਿ ‘ਆਪ’ ਆਪਣੀ ਜਨਸਮਰਥਕ ਨੀਤੀਆਂ ਦੇ ਕਾਰਨ ਸੂਬਿਆਂ ’ਚ ਕਾਂਗਰਸ ਦਾ ਸਥਾਨ ਲੈ ਰਹੀ ਹੈ।

ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਮੋਦੀ ਸਰਕਾਰ ਨੂੰ ਹਰਾਉਣ ਦੀ ਰਣਨੀਤੀ ਤਿਆਰ ਕਰਨ ’ਤੇ ਦੋਵਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਰਸਮੀ ਬੈਠਕ ਸੀ, ਇਸ ਲਈ ਉਹ ਇਸ ਕੋਸ਼ਿਸ਼ ਨੂੰ ਅੱਗੇ ਵਧਾਉਣ ’ਤੇ ਸਹਿਮਤ ਹੋਏ। ਹਾਲਾਂਕਿ ਨਿਤੀਸ਼ ਦਾ ਯਕੀਨੀ ਤੌਰ ’ਤੇ ਮੰਣਨਾ ਹੈ ਕਿ ਕਾਂਗਰਸ ਦੇ ਬਿਨਾ ਰਾਸ਼ਟਰੀ ਪੱਧਰ ’ਤੇ ਕੋਈ ਵਿਵਹਾਰਕ ਬਦਲ ਨਹੀਂ ਹੋ ਸਕਦਾ ਹੈ। ਜਦ (ਯੂ) ਦੇ ਸੀਨੀਅਰ ਜਨਰਲ ਸਕੱਤਰ ਕੇ. ਸੀ. ਤਿਆਗੀ ਨੇ ਕਿਹਾ ਨਿਤੀਸ਼ ਦੀ ਪੱਕੀ ਸੋਚ ਹੈ ਕਿ ਕਾਂਗਰਸ ਅਤੇ ਖੱਬੇਪੱਖੀਆਂ ਤੋਂ ਬਿਨਾਂ ਕੋਈ ਅਸਰਦਾਰ ਅਤੇ ਵਿਵਹਾਰਕ ਰਾਸ਼ਟਰੀ ਬਦਲ ਨਹੀਂ ਹੋ ਸਕਦਾ ਹੈ।

ਨਿਤੀਸ਼ ਕੁਮਾਰ ਨੇ ਦਿੱਲੀ ’ਚ ਆਪਣੇ 4 ਦਿਨਾਂ ਦੌਰੇ ਦੌਰਾਨ ਰਾਹੁਲ ਗਾਂਧੀ (ਕਾਂਗਰਸ) ਅਤੇ ਸ਼ਰਦ ਪਵਾਰ (ਰਕਾਂਪਾ) ਸਮੇਤ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਕਈ ਬੈਠਕਾਂ ਕੀਤੀਆਂ। ਨਿਤੀਸ਼ ਦਾ ਵਿਚਾਰ ਇਹ ਹੈ ਕਿ ਪਹਿਲਾਂ ਇਕ ‘ਘੱਟੋ-ਘੱਟ ਸਾਂਝਾ ਪ੍ਰੋਗਰਾਮ ਤਿਆਰ ਕੀਤਾ ਜਾਵੇ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਮਤਭੇਦਾਂ ਨੂੰ ਬਾਅਦ ’ਚ ਸੁਲਝਾਇਆ ਜਾ ਸਕਦਾ ਹੈ। ਉਹ ਛੇਤੀ ਹੀ ਨਵੀਨ ਪਟਨਾਇਕ ਅਤੇ ਹੋਰ ਨੇਤਾਵਾਂ ਨੂੰ ਮਿਲਣ ਲਈ ਓਡਿਸ਼ਾ ਜਾਣ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਆਮ ਆਦਮੀ ਪਾਰਟੀ ਕਾਂਗਰਸ ਦੇ ਨਾਲ ਕਿਸੇ ਵੀ ਗਠਜੋੜ ਲਈ ਉਤਸ਼ਾਹਿਤ ਨਹੀਂ ਹੈ ਅਤੇ ਉਹ ਆਪਣਾ ਧਿਆਨ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ’ਤੇ ਕੇਂਦ੍ਰਿਤ ਕਰ ਰਹੀ ਹੈ, ਜਿਥੇ ਇਸ ਸਾਲ ਦੇ ਅਖੀਰ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ‘ਆਪ’ ਦਿੱਲੀ ਅਤੇ ਪੰਜਾਬ ’ਚ ਕਾਂਗਰਸ ਨੂੰ ਹਰਾ ਕੇ ਸੱਤਾ ’ਤੇ ਕਾਬਜ਼ ਹੋ ਚੁੱਕੀ ਹੈ।


author

Rakesh

Content Editor

Related News