ਬਜਟ 2018: ਕੇਜਰੀਵਾਲ ਨੇ ਕੇਂਦਰ ''ਤੇ ਸੌਤੇਲਾ ਵਤੀਰਾ ਕਰਨ ਦੇ ਦੋਸ਼ ਲਗਾਏ

02/01/2018 5:42:25 PM

ਨਵੀਂ ਦਿੱਲੀ— ਆਮ ਬਜਟ ਨੂੰ ਲੈ ਕੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਦੋਸ਼ ਲਗਾਏ ਕਿ ਕੇਂਦਰ ਦਿੱਲੀ ਨਾਲ 'ਸੌਤੇਲਾ' ਵਤੀਰਾ ਜਾਰੀ ਰੱਖੇ ਹੋਏ ਹੈ।'' ਕੇਜਰੀਵਾਲ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਮਹੱਤਵਪੂਰਨ ਢਾਂਚਾਗਤ ਵਿਕਾਸ ਲਈ ਕੁਝ ਵਿੱਤੀ ਮਦਦ ਦੀ ਉਨ੍ਹਾਂ ਨੂੰ ਆਸ ਸੀ। ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਕੇਂਦਰੀ ਟੈਕਸਾਂ ਅਤੇ ਫੀਸਾਂ 'ਚ ਦਿੱਲੀ ਦੀ ਹਿੱਸੇਦਾਰੀ ਨਾ ਵਧਾਉਣ 'ਤੇ ਨਾਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਿੱਲੀ ਦੇ ਲੋਕਾਂ ਨੂੰ 'ਦੋਯਮ ਦਰਜੇ ਦਾ ਨਾਗਰਿਕ' ਸਮਝਦੀ ਹੈ। ਸਿਸੌਦੀਆ ਨੇ ਕਿਹਾ ਕਿ ਦਿੱਲੀ ਪੁਲਸ ਲਈ ਕਿਸੇ ਯੋਜਨਾ ਦਾ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਦਿੱਲੀ 'ਚ ਪ੍ਰਦੂਸ਼ਣ ਨਾਲ ਮੁਕਾਬਲਾ ਕਰਨ ਖਾਤਰ 2 ਹਜ਼ਾਰ ਇਲੈਕਟ੍ਰਿਕ ਬੱਸਾਂ ਲਈ ਵਿਸ਼ੇਸ਼ ਪੈਕੇਜ ਦੀ ਮੰਗ 'ਤੇ ਵੀ ਧਿਆਨ ਨਹੀਂ ਦਿੱਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਜ਼ਮੀਨ ਦਾ ਮਾਮਲਾ ਕੇਂਦਰ ਸਰਕਾਰ ਦੇ ਅਧੀਨ ਆਉਂਦਾ ਹੈ ਪਰ ਅਣਅਧਿਕ੍ਰਿਤ ਕਾਲੋਨੀਆਂ ਦੇ ਨਿਯਮਿਤੀਕਰਨ ਨੂੰ ਲੈ ਕੇ ਕਿਸੇ ਯੋਜਨਾ ਦਾ ਐਲਾਨ ਨਹੀਂ ਕੀਤਾ ਗਿਆ ਹੈ। ਨਾਲ ਹੀ ਕਲੀਨਿਕ, ਸਕੂਲ, ਹਸਪਤਾਲ ਅਤੇ ਬੱਸ ਡਿਪੋ ਬਣਾਉਣ ਲਈ ਦਿੱਲੀ ਸਰਕਾਰ ਨੂੰ ਹੋਰ ਜ਼ਮੀਨ ਦੇਣ ਬਾਰੇ ਵੀ ਕੋਈ ਐਲਾਨ ਨਹੀਂ ਕੀਤਾ ਗਿਆ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਕੇਂਦਰੀ ਟੈਕਸਾਂ ਅਤੇ ਫੀਸਾਂ 'ਚ ਮਹਾਨਗਰ ਦੀ ਹਿੱਸੇਦਾਰੀ ਵਧਾਉਣ ਦੀ ਮੰਗ ਕਰਦੀ ਰਹੀ ਹੈ। ਕੇਜਰੀਵਾਲ ਨੇ ਟਵੀਟ ਕੀਤਾ,''ਮੈਂ ਦੇਸ਼ ਦੀ ਰਾਜਧਾਨੀ 'ਚ ਢਾਂਚਾਗਤ ਵਿਕਾਸ ਲਈ ਕੁਝ ਵਿੱਤੀ ਮਦਦ ਦੀ ਉਮੀਦ ਕਰ ਰਿਹਾ ਸੀ। ਮੈਨੂੰ ਨਿਰਾਸ਼ਾ ਹੈ ਕਿ ਕੇਂਦਰ ਦਾ ਦਿੱਲੀ ਨਾਲ ਸੌਤੇਲਾ ਵਤੀਰਾ ਜਾਰੀ ਹੈ।'' ਸਿਸੌਦੀਆ ਨੇ ਵੀ ਵਾਰ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਦਾ ਖਿਆਲ ਨਹੀਂ ਕਰਦੀ। ਸਿਸੌਦੀਆ ਕੋਲ ਵਿੱਤ ਵਿਭਾਗ ਵੀ ਹੈ।


Related News