ਕੇਜਰੀਵਾਲ ਸਰਕਾਰ ਨੇ ਕੇਂਦਰ ਤੋਂ ਮੰਗੀ 5 ਹਜ਼ਾਰ ਕਰੋੜ ਦੀ ਮਦਦ, ਕਿਹਾ- ਤਨਖਾਹ ਦੇਣ ਨੂੰ ਪੈਸੇ ਨਹੀਂ
Sunday, May 31, 2020 - 02:34 PM (IST)
ਨਵੀਂ ਦਿੱਲੀ- ਕੋਰੋਨਾ ਵਾਇਰਸ ਆਫ਼ਤ ਦਰਮਿਆਨ ਦਿੱਲੀ ਸਰਕਾਰ ਨੇ ਕੇਂਦਰ ਤੋਂ 5 ਹਜ਼ਾਰ ਕਰੋੜ ਰੁਪਏ ਦੀ ਮਦਦ ਮੰਗੀ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਕੋਲ ਸਟਾਫ ਨੂੰ ਤਨਖਾਹ ਦੇਣ ਤੱਕ ਦੇ ਪੈਸੇ ਨਹੀਂ ਹੈ, ਇਸ ਲਈ ਪੈਸਾ ਜਲਦ ਤੋਂ ਜਲਦ ਦਿੱਤਾ ਜਾਣਾ ਚਾਹੀਦਾ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਹ ਗੱਲ ਪ੍ਰੈੱਸ ਕਾਨਫਰੰਸ ਅਤੇ ਟਵੀਟ ਦੋਹਾਂ ਰਾਹੀਂ ਕਹੀ। ਉਨ੍ਹਾਂ ਕਿਹਾ ਕਿ ਮੈਂ ਕੇਂਦਰੀ ਵਿੱਤ ਮੰਤਰੀ ਨੂੰ ਚਿੱਠੀ ਲਿੱਖ ਕੇ ਦਿੱਲੀ ਲਈ 5 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਦੀ ਮੰਗ ਕੀਤੀ ਹੈ। ਸਿਸੋਦੀਆ ਅਨੁਸਾਰ, ਕੋਰੋਨਾ ਅਤੇ ਫਿਰ ਤਾਲਾਬੰਦੀ ਕਾਰਨ ਦਿੱਲੀ ਸਰਕਾਰ ਦਾ ਟੈਕਸ ਕਲੈਕਸ਼ਨ ਕਰੀਬ 85 ਫੀਸਦੀ ਹੇਠਾਂ ਚੱਲ ਰਿਹਾ ਹੈ। ਇਸ ਲਈ ਇਸ ਮਦਦ ਦੀ ਜ਼ਰੂਰਤ ਹੈ। ਇਹ ਵੀ ਕਿਹਾ ਗਿਆ ਹੈ ਕਿ ਕੇਂਦਰ ਵਲੋਂ ਬਾਕੀ ਸੂਬਿਆਂ ਨੂੰ ਜਾਰੀ ਆਫ਼ਤ ਰਾਹਤ ਫੰਡ ਤੋਂ ਵੀ ਕੋਈ ਰਾਸ਼ੀ ਦਿੱਲੀ ਤੋਂ ਨਹੀਂ ਮਿਲੀ ਹੈ।
ਸਿਸੋਦੀਆ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਦਿੱਲੀ ਸਰਕਾਰ ਦੇ ਮਾਲੀਆ ਦਾ ਰੀਵਿਊ ਕੀਤਾ ਹੈ। ਹਾਲੇ ਦਿੱਲੀ ਸਰਕਾਰ ਨੂੰ ਤਨਖਾਹ ਦੇਣ ਅਤੇ ਜ਼ਰੂਰੀ ਖਰਚਿਆਂ ਲਈ 3500 ਕਰੋੜ ਰੁਪਏ ਦੀ ਜ਼ਰੂਰਤ ਹੈ। ਹਾਲੇ ਤੱਕ ਕੁੱਲ 1735 ਕਰੋੜ ਰੁਪਏ ਦਾ ਮਾਲੀਆ ਮਿਲਿਆ ਹੈ, ਜਦੋਂ ਕਿ ਹਾਲੇ ਤੱਕ 7000 ਕਰੋੜ ਰੁਪਏ ਦਾ ਮਾਲੀਆ ਆਉਣਾ ਸੀ। ਕੇਂਦਰ ਤੋਂ ਤੁਰੰਤ ਰਾਹਤ ਦੇ ਤੌਰ 'ਤੇ ਕਰਮਚਾਰੀਆਂ ਦੀ ਤਨਖਾਹ ਅਤੇ ਜ਼ਰੂਰੀ ਕੰਮਕਾਰ ਲਈ 5 ਹਜ਼ਾਰ ਕਰੋੜ ਦੀ ਮੰਗ ਕੀਤੀ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਸਿਸੋਦੀਆ ਨੇ ਅੱਗੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਤੁਰੰਤ 5 ਹਜ਼ਾਰ ਕਰੋੜ ਰੁਪਏ ਦੀ ਮਦਦ ਦੇਣ, ਕਿਉਂਕਿ ਆਫਤ ਰਾਹਤ ਫੰਡ ਤੋਂ ਦਿੱਲੀ ਨੂੰ ਪੈਸਾ ਨਹੀਂ ਮਿਲਿਆ ਹੈ, ਜਦੋਂ ਕਿ ਬਾਕੀ ਸੂਬਿਆਂ ਨੂੰ ਮਿਲਿਆ ਹੈ। ਤਾਲਾਬੰਦੀ ਕਾਰਨ ਆਈਆਂ ਆਰਥਿਕ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੂੰ ਤੁਰੰਤ 5 ਹਜ਼ਾਰ ਕਰੋੜ ਰੁਪਏ ਦੀ ਜ਼ਰੂਰਤ ਹੈ।