CM ਕੇਜਰੀਵਾਲ ਨੇ ਡਾ. ਅਮਿਤ ਦੀ ਪਤਨੀ ਨੂੰ ਸੌਂਪਿਆ ਆਰਥਿਕ ਮਦਦ ਦਾ ਚੈੱਕ

Tuesday, Sep 14, 2021 - 03:59 PM (IST)

CM ਕੇਜਰੀਵਾਲ ਨੇ ਡਾ. ਅਮਿਤ ਦੀ ਪਤਨੀ ਨੂੰ ਸੌਂਪਿਆ ਆਰਥਿਕ ਮਦਦ ਦਾ ਚੈੱਕ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਵਿਡ-19 ਡਿਊਟੀ ਦੌਰਾਨ ਡਾ. ਅਮਿਤ ਸਿੰਘ ਦਾਮੀਆ ਦੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਣ ’ਤੇ ਉਨ੍ਹਾਂ ਦੀ ਪਤਨੀ ਮਨਮੀਤ ਅਲੰਗ ਨੂੰ ਆਰਥਿਕ ਮਦਦ ਦੇ ਤੌਰ ’ਤੇ ਅੱਜ 10 ਲੱਖ ਰੁਪਏ ਦਾ ਚੈੱਕ ਸੌਂਪਿਆ। ਕੇਜਰੀਵਾਲ ਨੇ ਕਿਹਾ ਕਿ ਅਸੀਂ ਫਰੰਟ ਲਾਈਨ ਵਰਕਰਾਂ ਨਾਲ ਹਮੇਸ਼ਾ ਖੜ੍ਹੇ ਹਾਂ। ਸਾਨੂੰ ਸਵਰਗੀਯ ਡਾ. ਅਮਿਤ ਸਿੰਘ ਦੀ ਸੇਵਾ ’ਤੇ ਬਹੁਤ ਮਾਣ ਹੈ। ਅਸੀਂ ਉਨ੍ਹਾਂ ਦੀ ਜ਼ਿੰਦਗੀ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਉਮੀਦ ਕਰਦਾ ਹਾਂ ਕਿ ਇਸ ਆਰਥਿਕ ਮਦਦ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਥੋੜ੍ਹੀ ਮਦਦ ਮਿਲ ਜਾਵੇਗੀ। ਇਹ ਆਰਥਿਕ ਮਦਦ ਮੁੱਖ ਮੰਤਰੀ ਰਾਹਤ ਫੰਡ ਤੋਂ ਪ੍ਰਦਾਨ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਮਰਹੂਮ ਡਾ. ਦਾਮੀਆ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਡਾ. ਸਿੰਘ ਨੇ ਕੋਰੋਨਾ ਦੌਰਾਨ ਲਗਾਤਾਰ ਡਿਊਟੀ ਕੀਤੀ ਅਤੇ ਪੂਰੀ ਲਗਨ ਨਾਲ ਕੋਰੋਨਾ ਮਰੀਜ਼ਾਂ ਦੀ ਸੇਵਾ ਕੀਤੀ। ਮੈਂ ਉਨ੍ਹਾਂ ਦੇ ਪਰਿਵਾਰ ਨੂੰ ਅੱਜ ਮਿਲਿਆ ਅਤੇ ਪਰਿਵਾਰ ਨੂੰ ਆਰਥਿਕ ਮਦਦ ਦੇ ਰੂਪ ਵਿਚ 10 ਲੱਖ ਰੁਪਏ ਦਾ ਚੈੱਕ ਸੌਂਪਿਆ। ਇਹ ਸਾਡੇ ਵਲੋਂ ਮਦਦ ਦੀ ਇਕ ਛੋਟੀ ਜਿਹੀ ਕੋਸ਼ਿਸ਼ ਹੈ। ਡਾ. ਦਾਮੀਆ ਦੀ ਪਤਨੀ ਮਨਮੀਤ ਨੇ ਆਰਥਿਕ ਮਦਦ ਦੇਣ ਲਈ ਮੁੱਖ ਮੰਤਰੀ ਕੇਜਰੀਵਾਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦਿੱਲੀ ਸਰਕਾਰ ਮੇਰੇ ਬੁਰੇ ਸਮੇਂ ’ਚ ਨਾਲ ਖੜ੍ਹੀ ਰਹੀ, ਇਸ ਲਈ ਮੈਂ ਉਨ੍ਹਾਂ ਦੀ ਬਹੁਤ ਧੰਨਵਾਦੀ ਹਾਂ।

ਦੱਸਣਯੋਗ ਹੈ ਕਿ ਡਾ. ਅਮਿਤ ਸਵਾਮੀ ਵਿਵੇਕਾਨੰਦ ਹਸਪਤਾਲ ਦੇ ਅਨੇਸਥੀਸੀਆ ਵਿਭਾਗ ਵਿਚ ਕੰਟਰੈਕਟ ਦੇ ਆਧਾਰ ’ਤੇ ਸੀਨੀਅਰ ਰੈਜੀਡੈਂਟ ਦੇ ਰੂਪ ਵਿਚ ਤਾਇਨਾਤ ਸਨ। ਉਹ ਕੋਰੋਨਾ ਦੀ ਡਿਊਟੀ ’ਤੇ ਸਨ ਅਤੇ ਡਿਊਟੀ ਦੌਰਾਨ ਹੀ ਉਨ੍ਹਾਂ ਨੂੰ 13 ਮਈ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਹਰਿਆਣਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਪਰਿਵਾਰ ’ਚ ਕਮਾਉਣ ਵਾਲੇ ਉਹ ਇਕੱਲੇ ਸਨ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ, ਮਾਂ ਅਤੇ ਇਕ ਬੱਚਾ ਹੈ।


author

Tanu

Content Editor

Related News