ਕੇਜਰੀਵਾਲ ਨੇ ਸੁਤੰਤਰਤਾ ਸੈਨਾਨੀਆਂ ''ਤੇ ਦਿੱਲੀ ਸਰਕਾਰ ਦੇ ਇਸ਼ਤਿਹਾਰਾਂ ''ਚ ''ਭੁੱਲ'' ਸਵੀਕਾਰ ਕੀਤੀ

03/23/2022 5:55:35 PM

ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੁੱਧਵਾਰ ਨੂੰ ਇਸ ਗੱਲ ਦਾ ਇਸ਼ਾਰਾ ਕੀਤਾ ਕਿ ਸ਼ਹੀਦੀ ਦਿਹਾੜੇ ਮੌਕੇ ਛਪੇ ਦਿੱਲੀ ਸਰਕਾਰ ਦੇ ਇਸ਼ਤਿਹਾਰਾਂ 'ਚ ਸਿਰਫ਼ ਭਗਤ ਸਿੰਘ ਦੀ ਤਸਵੀਰ ਸੀ। ਉਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਸ਼ਹੀਦਾਂ ਨੂੰ ‘ਵੰਡਿਆ ਨਹੀਂ ਜਾਣਾ’ ਚਾਹੀਦਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸੱਚੀ ਇਕ ਭੁੱਲ ਸੀ ਅਤੇ ਇਸ ਨੂੰ ਦੁਹਰਾਇਆ ਨਹੀਂ ਜਾਵੇਗਾ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਨੇ ਦਿੱਲੀ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਪਣੇ ਸੰਬੋਧਨ ਵਿਚ ਇਹ ਮੁੱਦਾ ਉਠਾਇਆ ਸੀ। ਬਿਧੂੜੀ ਨੇ ਸਦਨ ਵਿਚ ਕਿਹਾ,‘‘ਦਿੱਲੀ ਸਰਕਾਰ ਵੱਲੋਂ ਅਖ਼ਬਾਰਾਂ ਵਿਚ ਦਿੱਤੇ ਇਸ਼ਤਿਹਾਰਾਂ 'ਚ ਸਿਰਫ਼ ਭਗਤ ਸਿੰਘ ਦੀ ਫੋਟੋ ਸੀ। ਉਸ ਵਿਚ ਸ਼ਹੀਦਾਂ- ਸੁਖਦੇਵ ਅਤੇ ਰਾਜਗੁਰੂ ਦੀਆਂ ਤਸਵੀਰਾਂ ਅਤੇ ਨਾਂ ਨਹੀਂ ਸਨ। ਦੇਸ਼ ਦੇ ਸ਼ਹੀਦਾਂ ਨੂੰ ਵੰਡਿਆ ਨਹੀਂ ਜਾਣਾ ਚਾਹੀਦਾ।''

ਭਾਜਪਾ ਆਗੂ ਨੇ ਮੁੱਖ ਮੰਤਰੀ ਨੂੰ ਇਸ ਗਲਤੀ ਨੂੰ ਸੁਧਾਰਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਤੋਂ ਦਿੱਲੀ ਵਿਧਾਨ ਸਭਾ ਦੇ ਅਹਾਤੇ 'ਚ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਬੁੱਤਾਂ ਨੇੜੇ ਸ਼ਹੀਦ ਅਸ਼ਫਾਕੁੱਲਾ ਖਾਨ ਦਾ ਬੁੱਤ ਲਗਾਉਣ ਦੀ ਅਪੀਲ ਕੀਤੀ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਭੇਟ ਕਰਦੇ ਹੋਏ ਕੇਜਰੀਵਾਲ ਨੇ ਕਿਹਾ,''ਮੈਂ ਵਿਰੋਧੀ ਧਿਰ ਦੇ ਨੇਤਾ ਨਾਲ ਸਹਿਮਤ ਹਾਂ ਕਿ ਸਾਨੂੰ ਸ਼ਹੀਦਾਂ ਨੂੰ ਵੰਡਣਾ ਨਹੀਂ ਚਾਹੀਦਾ। ਇਹ ਸੱਚਮੁੱਚ ਅੱਜ ਦੇ ਵਿਗਿਆਪਨ ਵਿਚ ਇਕ ਭੁੱਲ ਹੈ। ਮੈਂ ਉਸ ਭੁੱਲ ਨੂੰ ਸਵੀਕਾਰ ਕਰਦਾ ਹਾਂ ਅਤੇ ਭਰੋਸਾ ਦਿਵਾਉਂਦਾ ਹਾਂ ਕਿ ਇਸ ਨੂੰ ਦੁਹਰਾਇਆ ਨਹੀਂ ਜਾਵੇਗਾ।'' ਕੇਜਰੀਵਾਲ ਨੇ ਇਹ ਵੀ ਕਿਹਾ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਭਗਤ ਸਿੰਘ ਦੇ ਸੁਫ਼ਨੇ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ,''ਕਿਸੇ ਵੀ ਪਾਰਟੀ ਦੀ ਕੋਈ ਵੀ ਸਰਕਾਰ ਨੇ ਆਮ ਆਦਮੀ ਲਈ ਕੁਝ ਨਹੀਂ ਕੀਤਾ। ਉਹ ਸਿਰਫ਼ ਗੰਦੀ ਰਾਜਨੀਤੀ 'ਚ ਲੱਗੀ ਰਹੀ। ਮੈਂ ਖੁਸ਼ ਹਾਂ ਕਿ 'ਆਪ' ਸਰਕਾਰ ਆਮ ਲੋਕਾਂ ਲਈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ।''


DIsha

Content Editor

Related News