ਚੰਦਰਸ਼ੇਖਰ ਰਾਓ ਨੇ ਹਜ਼ਾਰਾਂ ਕਰੋੜ ਦਾ ਕੀਤਾ ਘਪਲਾ : ਅਮਿਤ ਸ਼ਾਹ
Saturday, Nov 25, 2023 - 11:45 AM (IST)
ਹੈਦਰਾਬਾਦ, (ਭਾਸ਼ਾ)- ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦੇ ਪ੍ਰਧਾਨ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ (ਕੇ. ਸੀ. ਆਰ.) ’ਤੇ ਆਪਣਾ ਹਮਲਾ ਤੇਜ਼ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਕਿਹਾ ਕਿ ਜੇ ਭਾਰਤੀ ਜਨਤਾ ਪਾਰਟੀ ਤੇਲੰਗਾਨਾ ਦੀ ਸੱਤਾ ’ਚ ਆਉਂਦੀ ਹੈ ਤਾਂ ਘਪਲਿਆਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਨੂੰ ਸੀਖਾਂ ਪਿੱਛੇ ਭੇਜਿਆ ਜਾਵੇਗਾ।
ਅਰਮੂਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਦੋਸ਼ ਲਾਇਆ ਕਿ ਕੇ. ਸੀ. ਆਰ. ਨੇ ਹਜ਼ਾਰਾਂ ਕਰੋੜ ਰੁਪਏ ਦਾ ਘਪਲਾ ਕੀਤਾ ਹੈ। ਉਨ੍ਹਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਸ ਸਬੰਧੀ ਉਨ੍ਹਾਂ ਵਿਰੁੱਧ ਕੁਝ ਨਹੀਂ ਕੀਤਾ ਜਾਵੇਗਾ। ਉਹ ਡੂੰਘੀ ਨੀਂਦ ਨਾ ਲੈਣ। ਉਨ੍ਹਾਂ ਦਾ ਸਮਾਂ ਪੂਰਾ ਹੋ ਗਿਆ ਹੈ। ਜੋ ਵੀ ਘਪਲੇ ਹੋਏ ਹਨ, ਭਾਜਪਾ ਸਰਕਾਰ ਉਨ੍ਹਾਂ ਦੀ ਜਾਂਚ ਕਰੇਗੀ ਤੇ ਭ੍ਰਿਸ਼ਟਾਚਾਰੀਆਂ ਨੂੰ ਜੇਲ ਭੇਜੇਗੀ।
ਸ਼ਾਹ ਨੇ ਮਿਆਪੁਰ ਜ਼ਮੀਨ ਘਪਲੇ ਸਮੇਤ ਕਈ ਘਪਲਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਦੁਹਰਾਇਆ ਕਿ ਜੇ ਭਾਜਪਾ ਸੂਬੇ ਦੀ ਸੱਤਾ ’ਚ ਆਉਂਦੀ ਹੈ ਤਾਂ ਉਹ ਮੁਸਲਮਾਨਾਂ ਲਈ 4 ਫੀਸਦੀ ਕੋਟਾ ਖਤਮ ਕਰ ਦੇਵੇਗੀ। ਉਹ ਓ. ਬੀ. ਸੀ. ਅਤੇ ਅਨੁਸੂਚਿਤ ਜਨਜਾਤੀਆਂ ਨੂੰ ਲਾਭ ਦੇਵੇਗੀ। ਨਾਲ ਹੀ ਅਯੁੱਧਿਆ ਸਥਿਤ ਰਾਮ ਮੰਦਿਰ ਦੇ ਮੁਫ਼ਤ ਦਰਸ਼ਨਾਂ ਦਾ ਪ੍ਰਬੰਧ ਕੀਤਾ ਜਾਵੇਗਾ।