ਆਬਕਾਰੀ ਨੀਤੀ ਮਾਮਲਾ : SC ਕਵਿਤਾ ਦੀ ਜ਼ਮਾਨਤ ਪਟੀਸ਼ਨ ''ਤੇ 12 ਅਗਸਤ ਕਰੇਗਾ ਸੁਣਵਾਈ

Saturday, Aug 10, 2024 - 04:04 PM (IST)

ਆਬਕਾਰੀ ਨੀਤੀ ਮਾਮਲਾ : SC ਕਵਿਤਾ ਦੀ ਜ਼ਮਾਨਤ ਪਟੀਸ਼ਨ ''ਤੇ 12 ਅਗਸਤ ਕਰੇਗਾ ਸੁਣਵਾਈ

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੀ ਆਗੂ ਕੇ. ਕਵਿਤਾ ਦੁਆਰਾ ਦਿੱਲੀ ਆਬਕਾਰੀ ਨੀਤੀ ਘਪਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ 'ਚ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਦੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ 'ਤੇ 12 ਅਗਸਤ ਨੂੰ ਸੁਣਵਾਈ ਕਰੇਗੀ। ਦਿੱਲੀ ਹਾਈ ਕੋਰਟ ਨੇ ਇਕ ਜੁਲਾਈ ਨੂੰ ਦੋਹਾਂ ਮਾਮਲਿਆਂ 'ਚ ਕਵਿਤਾ ਦੀ ਜ਼ਮਾਨਤ ਅਰਜ਼ੀ ਖਾਰਜ ਕਰਦੇ ਹੋਏ ਕਿਹਾ ਸੀ ਕਿ ਦਿੱਲੀ ਆਬਕਾਰੀ ਨੀਤੀ 2021-22 (ਹੁਣ ਰੱਦ ਕੀਤੀ ਗਈ) ਨੂੰ ਬਣਾਉਣ ਅਤੇ ਉਸ ਨੂੰ ਲਾਗੂ ਕਰਨ ਨਾਲ ਸਬੰਧਿਤ ਅਪਰਾਧਿਕ ਸਾਜ਼ਿਸ਼ 'ਚ ਪਹਿਲੀ ਨਜ਼ਰ 'ਚ ਮੁੱਖ ਸਾਜ਼ਿਸ਼ਕਾਰਾਂ 'ਚੋਂ ਇਕ ਹੈ। ਸੁਪਰੀਮ ਕੋਰਟ ਦੀ ਵੈਬਸਾਈਟ 'ਤੇ ਅਪਲੋਡ ਕੀਤੀ ਗਈ 12 ਅਗਸਤ ਦੀ ਵਾਦ ਸੂਚੀ ਦੇ ਅਨੁਸਾਰ, ਜੱਜ ਬੀ.ਆਰ. ਗਵਈ ਅਤੇ ਜੱਜ ਕੇ.ਵੀ. ਵਿਸ਼ਵਨਾਥਨ ਦੀ ਬੈਂਚ ਅਰਜ਼ੀਆਂ 'ਤੇ ਸੁਣਵਾਈ ਕਰੇਗੀ। 

ਹਾਈ ਕੋਰਟ ਨੇ ਕਵਿਤਾ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰਦੇ ਹੋਏ ਕਿਹਾ ਸੀ ਕਿ ਹਾਲੇ ਜ਼ਮਾਨਤ ਦੇਣ ਦਾ ਕੋਈ ਮਾਮਲਾ ਨਹੀਂ ਬਣਦਾ ਕਿਉਂਕਿ ਜਾਂਚ ਮਹੱਤਵਪੂਰਨ ਪੜਾਅ 'ਚ ਹੈ। ਅਦਾਲਤ ਨੇ ਔਰਤ ਹੋਣ ਦੇ ਆਧਾਰ 'ਤੇ ਰਾਹਤ ਲਈ ਕਵਿਤਾ ਦੀ ਜ਼ਮਾਨਤਅਰਜ਼ੀ ਨੂੰ ਖਾਰਿਜ ਕਰਦੇ ਹੋਏ ਕਿਹਾ ਸੀ ਕਿ ਇਕ ਸਾਬਕਾ ਸੰਸਦ ਮੈਂਬਰ ਹੋਣ ਦੇ ਨਾਤੇ ਬੀਆਰਐੱਸ ਦੀ ਆਗੂ ਕਿਸੇ ਕਮਜ਼ੋਰ ਔਰਤ ਦੇ ਬਰਾਬਰ ਨਹੀਂ ਹੈ ਅਤੇ ਹਾਈ ਕੋਰਟ ਉਨ੍ਹਾਂ 'ਤੇ ਲਗੇ 'ਗੰਭੀਰ ਦੋਸ਼ਾਂ' ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਧੀ ਕਵਿਤਾ 'ਤੇ 'ਸਾਊਥ ਗਰੁੱਪ' ਨਾਮੀ ਸ਼ਰਾਬ ਗਿਰੋਹ ਦੇ ਹੋਰ ਮੈਂਬਰਾਂ ਅਤੇ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਦੇ ਨਾਲ ਮਿਲ ਕੇ ਸਾਜ਼ਿਸ਼ ਕਰਨ ਦਾ ਦੋਸ਼ ਹੈ, ਜਿਸ ਤਹਿਤ ਸ਼ਰਾਬ 'ਲਾਇਸੈਂਸ' ਦੇ ਬਦਲੇ ਦਿੱਲੀ ਦੀ ਸੱਤਾਧਾਰੀ ਪਾਰਟੀ ਨੂੰ 100 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ। ਇਸ ਪੈਸੇ ਦਾ ਇਕ ਵੱਡਾ ਹਿੱਸਾ ਕਥਿਤ ਤੌਰ 'ਤੇ 'ਆਪ' ਨੇ 2022 'ਚ ਗੋਆ ਵਿਧਾਨ ਸਭਾ ਚੋਣ ਮੁਹਿੰਮ 'ਤੇ ਖਰਚ ਕੀਤਾ ਸੀ। ਵਿਧਾਨ ਸਭਾ ਮੈਂਬਰ ਕਵਿਤਾ 'ਤੇ ਅਪਰਾਧ ਤੋਂ 292 ਕਰੋੜ ਰੁਪਏ ਦੀ ਆਮਦਨੀ ਪ੍ਰਾਪਤ ਕਰਨ ਅਤੇ ਇਸ ਦਾ ਉਪਯੋਗ ਕਰਨ ਦਾ ਆਰੋਪ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੇ ਸ਼ਰਾਬ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ 'ਚ ਕਵਿਤਾ ਨੂੰ 15 ਮਾਰਚ ਨੂੰ ਹੈਦਰਾਬਾਦ 'ਚ ਉਨ੍ਹਾਂ ਦੇ ਬੰਜਾਰਾ ਹਿਲਸ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ, ਜਦਕਿ ਸੀਬੀਆਈ ਨੇ ਕਥਿਤ ਘਪਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਮਾਮਲੇ 'ਚ ਉਨ੍ਹਾਂ ਨੂੰ 11 ਅਪ੍ਰੈਲ ਨੂੰ ਤਿਹਾੜ ਜੇਲ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News