''''ਅੱਤਵਾਦ ਤੇ ਜਿਹਾਦ ਨਾਲ ਹੀ ਸੰਭਵ ਹੈ ਕਸ਼ਮੀਰ ਮੁੱਦੇ ਦਾ ਹੱਲ..!'''', ਲਸ਼ਕਰ ਅੱਤਵਾਦੀ ਨੇ ਦਿੱਤੀ ਖੁੱਲ੍ਹੀ ਧਮਕੀ

Thursday, Jan 15, 2026 - 11:40 AM (IST)

''''ਅੱਤਵਾਦ ਤੇ ਜਿਹਾਦ ਨਾਲ ਹੀ ਸੰਭਵ ਹੈ ਕਸ਼ਮੀਰ ਮੁੱਦੇ ਦਾ ਹੱਲ..!'''', ਲਸ਼ਕਰ ਅੱਤਵਾਦੀ ਨੇ ਦਿੱਤੀ ਖੁੱਲ੍ਹੀ ਧਮਕੀ

ਇੰਟਰਨੈਸ਼ਨਲ ਡੈਸਕ- ਪਹਿਲਗਾਮ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਰਿਸ਼ਤੇ ਪਹਿਲਾਂ ਹੀ ਤਣਾਅਪੂਰਨ ਦੌਰ 'ਚੋਂ ਲੰਘ ਰਹੇ ਹਨ, ਉੱਥੇ ਹੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ ਇਕ ਅੱਤਵਾਦੀ ਦਾ ਭੜਕਾਊ ਤੇ ਹਿੰਸਕ ਬਿਆਨ ਸਾਹਮਣੇ ਆਇਆ ਹੈ, ਜਿਸ ਨੇ ਇਕ ਵਾਰ ਫਿਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਸਰਗਰਮ ਅੱਤਵਾਦੀ ਨੈੱਟਵਰਕ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਲਸ਼ਕਰ ਦੇ ਅੱਤਵਾਦੀ ਅਬੂ ਮੂਸਾ ਕਸ਼ਮੀਰੀ ਨੇ ਖੁੱਲ੍ਹੇ ਮੰਚ ਤੋਂ ਹਿੰਦੂਆਂ ਦੀ ਗਰਦਨ ਕੱਟਣ ਦੀ ਧਮਕੀ ਦਿੱਤੀ ਹੈ। ਉਸ ਦਾ ਇਹ ਬਿਆਨ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਵੀਡੀਓ ਵਿਚ ਦੇਖਿਆ ਗਿਆ ਹੈ, ਹਾਲਾਂਕਿ ਵੀਡੀਓ ਦੇ ਰਿਕਾਰਡ ਹੋਣ ਦੀ ਤਰੀਕ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ।

ਵਾਇਰਲ ਵੀਡੀਓ ਵਿਚ ਅਬੂ ਮੂਸਾ ਕਸ਼ਮੀਰੀ ਕਹਿੰਦਾ ਹੈ ਕਿ ਕਸ਼ਮੀਰ ਮੁੱਦੇ ਦਾ ਹੱਲ ਗੱਲਬਾਤ ਜਾਂ ਕੌਮਾਂਤਰੀ ਅਪੀਲ ਨਾਲ ਨਹੀਂ, ਸਗੋਂ ਅੱਤਵਾਦ ਤੇ ਜਿਹਾਦ ਨਾਲ ਹੀ ਸੰਭਵ ਹੈ। ਉਹ ਭੜਕਾਊ ਭਾਸ਼ਾ ਦੀ ਵਰਤੋਂ ਕਰਦੇ ਹੋਏ ਕਹਿੰਦਾ ਹੈ, “ਕਸ਼ਮੀਰ ਨੂੰ ਆਜ਼ਾਦੀ ਭੀਖ ਮੰਗਣ ਨਾਲ ਨਹੀਂ, ਹਿੰਦੂਆਂ ਦੀ ਗਰਦਨ ਕੱਟਣ ਨਾਲ ਮਿਲੇਗੀ। ਸਾਨੂੰ ਜਿਹਾਦ ਦਾ ਝੰਡਾ ਚੁੱਕਣਾ ਪਵੇਗਾ।” ਇਹ ਬਿਆਨ ਨਾ ਸਿਰਫ਼ ਧਾਰਮਿਕ ਨਫ਼ਰਤ ਨੂੰ ਵਧਾਉਂਦਾ ਹੈ, ਸਗੋਂ ਖੁੱਲ੍ਹੇਆਮ ਹਿੰਸਾ ਦਾ ਸੱਦਾ ਵੀ ਦਿੰਦਾ ਹੈ।

ਜਾਣਕਾਰੀ ਮੁਤਾਬਕ ਅਬੂ ਮੂਸਾ ਕਸ਼ਮੀਰੀ ਲਸ਼ਕਰ-ਏ-ਤੋਇਬਾ ਨਾਲ ਜੁੜੇ ਸੰਗਠਨ ਜੰਮੂ-ਕਸ਼ਮੀਰ ਯੂਨਾਈਟਿਡ ਮੂਵਮੈਂਟ ਦਾ ਮੈਂਬਰ ਹੈ। ਉਸ ਦਾ ਨਾਂ ਅਪ੍ਰੈਲ 2025 ਵਿਚ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਨਾਲ ਵੀ ਜੋੜਿਆ ਗਿਆ ਸੀ, ਹਾਲਾਂਕਿ ਉਸ ਮਾਮਲੇ ਵਿਚ ਜਾਂਚ ਅਜੇ ਵੀ ਜਾਰੀ ਹੈ।


author

Harpreet SIngh

Content Editor

Related News