ਕਰਨਾਟਕ: ਬੰਤਵਾਲ ''ਚ ਟੋਲ ਪਲਾਜ਼ਾ ਕਰਮਚਾਰੀ ’ਤੇ ਹਮਲੇ ਦੇ ਮਾਮਲੇ ’ਚ ਦੋ ਮੁਲਜ਼ਮ ਗ੍ਰਿਫ਼ਤਾਰ
Tuesday, Dec 30, 2025 - 04:12 PM (IST)
ਮੰਗਲੁਰੂ (ਭਾਸ਼ਾ): ਕਰਨਾਟਕ ਦੇ ਦੱਖਣ ਕਨੜ ਜ਼ਿਲ੍ਹੇ ਦੇ ਬੰਤਵਾਲ ਤਾਲੁਕ ਅਧੀਨ ਬ੍ਰਹਮਰਕੂਟਲੂ ਟੋਲ ਗੇਟ ’ਤੇ ਟੋਲ ਪਲਾਜ਼ਾ ਕਰਮਚਾਰੀ ’ਤੇ ਹਮਲਾ ਕਰਨ ਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਸੋਮਵਾਰ ਤੜਕੇ ਵਾਪਰੀ ਸੀ।
ਪੁਲਸ ਮੁਤਾਬਕ, ਕਾਸਰਗੋਡ ਜ਼ਿਲ੍ਹੇ ਦੇ ਮੁਲੇਰੀਆ ਨਿਵਾਸੀ ਪ੍ਰਸ਼ਾਂਤ ਬੀ. (25) ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਪ੍ਰਸ਼ਾਂਤ ਟੋਲ ਪਲਾਜ਼ਾ ’ਤੇ ਇੰਚਾਰਜ ਵਜੋਂ ਡਿਊਟੀ ’ਤੇ ਮੌਜੂਦ ਸਨ, ਜਦੋਂ ਗਲਤ ਦਿਸ਼ਾ ਤੋਂ ਇੱਕ ਲਾਰੀ ਟੋਲ ਗੇਟ ’ਤੇ ਆ ਪਹੁੰਚੀ। ਪੁਲਸ ਨੇ ਦੱਸਿਆ ਕਿ ਟੋਲ ਕਰਮਚਾਰੀਆਂ ਵੱਲੋਂ ਬਾਰ-ਬਾਰ ਕਹਿਣ ਦੇ ਬਾਵਜੂਦ ਲਾਰੀ ਚਾਲਕ ਨੇ ਟੋਲ ਫੀਸ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਟੋਲ ਗੇਟ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਟੋਲ ਕਰਮਚਾਰੀ ਅੰਕਿਤ ਅਤੇ ਰੋਹਿਤ ਨੇ ਇਸ ’ਤੇ ਇਤਰਾਜ਼ ਜਤਾਇਆ ਤਾਂ ਲਾਰੀ ਚਾਲਕ ਅਤੇ ਉਸ ਦੇ ਸਾਥੀ ਨੇ ਉਨ੍ਹਾਂ ਨਾਲ ਗਾਲੀ-ਗਲੋਚ ਕਰਦਿਆਂ ਮਾਰਪੀਟ ਕੀਤੀ।
ਪੁਲਸ ਅਨੁਸਾਰ, ਇਸ ਦੌਰਾਨ ਇੱਕ ਪਿਕਅੱਪ ਵਾਹਨ ਵਿੱਚ ਹੋਰ ਦੋ ਵਿਅਕਤੀ ਵੀ ਟੋਲ ਬੂਥ ਖੇਤਰ ਵਿੱਚ ਆ ਗਏ, ਜਿਸ ਤੋਂ ਬਾਅਦ ਸਥਿਤੀ ਹੋਰ ਗੰਭੀਰ ਹੋ ਗਈ। ਦੋਵੇਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਟੋਲ ਬੂਥ ਖੇਤਰ ਵਿੱਚ ਦਾਖ਼ਲ ਹੋ ਕੇ ਟੋਲ ਕਰਮਚਾਰੀਆਂ ’ਤੇ ਹਮਲਾ ਕੀਤਾ। ਇਸ ਮਾਮਲੇ ਸਬੰਧੀ ਬੰਤਵਾਲ ਟਾਊਨ ਪੁਲਸ ਨੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਜਾਂਚ ਤੋਂ ਬਾਅਦ ਪੁਲਸ ਨੇ ਲਾਰੀ ਚਾਲਕ ਭਰਤ (23) ਤੇ ਉਸ ਦੇ ਸਾਥੀ ਤੇਜਸ (26) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਹੀ ਚਿਕਮਗਲੂਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
