ਕਰਨਾਟਕ ''ਚ ਬਾਰਸ਼ ਲਈ ਭਗਵਾਨ ਨੂੰ ਮਨ੍ਹਾ ਰਹੀ ਸਰਕਾਰ, ਮੰਦਰਾਂ ''ਚ ਵਿਸ਼ੇਸ਼ ਪੂਜਾ ਦਾ ਆਦੇਸ਼
Tuesday, Jun 04, 2019 - 05:34 PM (IST)
ਬੈਂਗਲੁਰੂ— ਕਰਨਾਟਕ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਨੇ 6 ਜੂਨ ਨੂੰ ਸਰਕਾਰੀ ਮੰਦਰਾਂ 'ਚ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਇਕ ਵਿਸ਼ੇਸ਼ ਪੂਜਾ ਕਰਵਾਉਣ ਦਾ ਆਦੇਸ਼ ਦਿੱਤਾ ਹੈ ਤਾਂ ਕਿ ਇੱਥੇ ਬਾਰਸ਼ ਹੋ ਸਕੇ। ਹੁਣ ਭਾਜਪਾ ਸਰਕਾਰ ਦੀ ਮੰਸ਼ਾ 'ਤੇ ਸਵਾਲ ਚੁੱਕ ਰਹੀ ਹੈ। ਭਾਜਪਾ ਦਾ ਦੋਸ਼ ਹੈ ਕਿ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਪਾਸ ਕਰਨ ਵਾਲੀ ਸਰਕਾਰ ਅੰਧਵਿਸ਼ਵਾਸ ਦਾ ਸਹਾਰਾ ਲੈ ਰਹੀ ਹੈ। ਮੈਂਗਲੁਰੂ ਨੇੜੇ ਕਦਰਿ ਦੇ ਮੰਜੂਨਾਥ ਸਵਾਮੀ ਮੰਦਰ 'ਚ ਬਾਰਸ਼ ਲਈ ਵਿਸ਼ੇਸ਼ ਪੂਜਾ ਹੋਣ ਜਾ ਰਹੀ ਹੈ। ਕੁਝ ਅਜਿਹੀ ਹੀ ਪੂਜਾ ਕਰਨਾਟਕ ਦੇ ਕਰੀਬ ਸਾਰੇ ਵੱਡੇ ਸਰਕਾਰੀ ਮੰਦਰਾਂ 'ਚ 6 ਜੂਨ ਹੋਵੇਗੀ। ਰਾਜ ਦੇ ਮੁਜਰਈ ਮੰਤਰੀ ਇਸ 'ਚ ਹਿੱਸਾ ਲੈਣਗੇ। ਮੁਜਰਈ ਮੰਤਰੀ ਪੀ.ਟੀ. ਪਰਮੇਸ਼ਵਰ ਨਾਈਕ ਨੇ ਕਿਹਾ ਕਿ ਸਾਰੇ ਵੱਡੇ ਮੰਦਰਾਂ 'ਚ ਇਹ ਪੂਜਾ ਹੋਵੇਗੀ। ਮੈਂ ਅਤੇ ਜਲ ਸਰੋਤ ਮੰਤਰੀ ਡੀ.ਕੇ. ਸ਼ਿਵ ਕੁਮਾਰ ਇਸ 'ਚ ਹਿੱਸਾ ਲਵਾਂਗੇ।
ਪੂਜਾ ਚੁਣੇ ਹੋਏ ਵੱਡੇ ਮੰਦਰਾਂ 'ਚ ਹੋਵੇਗੀ
ਕਰਨਾਟਕ 'ਚ ਕਰੀਬ 36 ਹਜ਼ਾਰ ਮੰਦਰ ਸਰਕਾਰ ਦੇ ਅਧੀਨ ਹਨ ਪਰ ਪੂਜਾ ਚੁਣੇ ਹੋਏ ਵੱਡੇ ਮੰਦਰਾਂ 'ਚ ਹੀ ਹੋਵੇਗੀ। ਇਸ 'ਤੇ 10 ਹਜ਼ਾਰ ਰੁਪਏ ਤੱਕ ਦੀ ਰਕਮ ਖਰਚ ਕੀਤੀ ਜਾ ਸਕਦੀ ਹੈ। ਕਰਨਾਟਕ 'ਚ ਇਕ ਜੂਨ ਤੋਂ ਮਾਨਸੂਨ ਦੀ ਸ਼ੁਰੂਆਤ ਹੋਣੀ ਸੀ ਪਰ ਬਾਰਸ਼ ਹੁਣ ਤੱਕ ਨਹੀਂ ਹੋਈ ਹੈ। ਮਾਨਸੂਨ ਦੀ ਬਾਰਸ਼ ਕਰੀਬ 43 ਫੀਸਦੀ ਘੱਟ ਹੋਣ ਦਾ ਖਦਸ਼ਾ ਹੈ। ਰਾਜ ਦੇ ਕਈ ਤਾਲੁਕਾ ਸੋਕੇ ਦੀ ਲਪੇਟ 'ਚ ਆ ਗਏ ਹਨ। ਜਾਨਵਰਾਂ ਨੂੰ ਚਾਰਾ ਨਹੀਂ ਮਿਲ ਰਿਹਾ ਹੈ। ਫਸਲਾਂ ਗਰਮੀ ਕਾਰਨ ਸੜਨ ਲੱਗੀਆਂ ਹਨ। ਪਾਣੀ ਦਾ ਦੂਰ ਤੱਕ ਨਾਮੋ ਨਿਸ਼ਾਨ ਨਹੀਂ ਹੈ। ਪੀਣ ਵਾਲੇ ਪਾਣੀ ਦੀ ਕਮੀ ਹੋਰ ਵਧ ਗਈ ਹੈ। ਅਜਿਹੇ 'ਚ ਸਰਕਾਰ ਨੇ ਧਰਮ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਸ 'ਤੇ ਵੀ ਸਵਾਲ ਚੁੱਕੇ ਜਾਣ ਲੱਗੇ ਹਨ।
ਸਥਾਈ ਹੱਲ ਲੱਭਣ ਦੀ ਥਾਂ ਜ਼ਿੰਮੇਵਾਰੀ ਭਗਵਾਨ 'ਤੇ ਸੁੱਟੀ
ਭਾਜਪਾ ਦੇ ਬੁਲਾਰੇ ਐੱਸ. ਪ੍ਰੈਕਾਸ਼ ਨੇ ਕਿਹਾ ਕਿ ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਦੀ ਜਗ੍ਹਾ ਸਰਕਾਰ ਨੇ ਸਾਰੀ ਜ਼ਿੰਮੇਵਾਰੀ ਭਗਵਾਨ 'ਤੇ ਸੁੱਟ ਦਿੱਤੀ ਹੈ। ਤਰਕਵਾਦੀ ਨਰਸਿਮਹਾ ਮੂਰਤੀ ਨੇ ਕਿਹਾ ਕਿ ਨੁਕਸਾਨ ਕਿਸਾਨਾਂ ਦਾ ਹੋ ਰਿਹਾ ਹੈ। ਪੂਜਾ ਦੀ ਜਗ੍ਹਾ ਇਹ ਰਕਮ ਕਿਸਾਨਾਂ 'ਚ ਵੰਡ ਦੇਣੀ ਚਾਹੀਦੀ ਹੈ।
