ਕਰਨਾਟਕ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਗਰਭਵਤੀ ਜਨਾਨੀ ਸਮੇਤ 7 ਲੋਕਾਂ ਦੀ ਮੌਤ
Sunday, Sep 27, 2020 - 02:57 PM (IST)

ਕਲਬੁਰਗੀ— ਕਰਨਾਟਕ ’ਚ ਕਲਬੁਰਗੀ ਜ਼ਿਲ੍ਹੇ ਦੇ ਸਵਾਲਗੀ ਪਿੰਡ ਕੋਲ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਇਕ ਗਰਭਵਤੀ ਜਨਾਨੀ ਸਮੇਤ ਇਕ ਹੀ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹਾਦਸੇ ਦੇ ਸ਼ਿਕਾਰ ਹੋਏ ਸਾਰੇ ਲੋਕ ਇਕ ਹੀ ਪਰਿਵਾਰ ਦੇ ਮੈਂਬਰ ਹਨ ਅਤੇ ਕੁਲਬਰਗੀ ਜ਼ਿਲ੍ਹੇ ਦੇ ਆਲੰਦ ਤਾਲੁਕਾ ਦੇ ਵਾਸੀ ਹਨ।
ਪੁਲਸ ਮੁਤਾਬਕ ਮਿ੍ਰਤਕਾਂ ’ਚ 3 ਜਨਾਨੀਆਂ ਸ਼ਾਮਲ ਹਨ। ਪੁਲਸ ਨੇ ਦੱਸਿਆ ਕਿ ਉਹ ਲੋਕ ਕਾਰ ਵਿਚ ਸਵਾਰ ਹੋ ਕੇ ਪਰਿਵਾਰ ਦੀ ਗਰਭਵਤੀ ਜਨਾਨੀ ਨੂੰ ਹਸਪਤਾਲ ’ਚ ਦਾਖ਼ਲ ਕਰਾਉਣ ਜਾ ਰਹੇ ਸਨ। ਇਸ ਦੌਰਾਨ ਇਨ੍ਹਾਂ ਦੀ ਕਾਰ ਦੀ ਕਲਬੁਰਗੀ ਦੇ ਸਵਾਲਗੀ ਪਿੰਡ ਕੋਲ ਸੜਕ ਕੰਢੇ ਖੜ੍ਹੇ ਇਕ ਟਰੱਕ ਨਾਲ ਟੱਕਰ ਹੋ ਗਈ, ਜਿਸ ਕਾਰਨ ਕਾਰ ’ਚ ਸਵਾਰ 7 ਲੋਕਾਂ ਦੀ ਮੌਤ ਹੋ ਗਈ।
ਮਿ੍ਰਤਕਾਂ ਦੀ ਪਛਾਣ ਇਰਫਾਨ ਬੇਗਮ, ਰੂਬੀਆ ਬੇਗਮ, ਅਬੇਦਾਬੀ ਬੇਗਮ, ਜਯਾਜੂੂਨਾਬੀ, ਮੁਨੀਰ, ਮੁਹੰਮਦ ਅਲੀ, ਸ਼ੌਕਤ ਅਲੀ ਦੇ ਰੂਪ ਵਿਚ ਕੀਤੀ ਗਈ ਹੈ। ਇਹ ਸਾਰੇ ਆਲੰਦ ਤਾਲੁਕ ਦੇ ਇਕ ਪਿੰਡ ਦੇ ਰਹਿਣ ਵਾਲੇ ਸਨ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਇਸ ਸਿਲਸਿਲੇ ’ਚ ਮਾਮਲਾ ਦਰਜ ਕਰ ਲਿਆ ਹੈ।