ਕਰਨਾਟਕ : ਜ਼ਿਮਨੀ ਚੋਣਾਂ ਟਾਲਣ ਨੂੰ ਰਾਜ਼ੀ ਚੋਣ ਕਮਿਸ਼ਨ

09/26/2019 6:07:02 PM

ਬੈਂਗਲੁਰੂ— ਕਰਨਾਟਕ 'ਚ ਵਿਧਾਨ ਸਭਾ ਜ਼ਿਮਨੀ ਚੋਣਾਂ ਨੂੰ ਲੈ ਕੇ ਜਾਰੀ ਦੁਚਿੱਤੀ 'ਤੇ ਵਿਰਾਮ ਲੱਗ ਗਿਆ ਹੈ। ਚੋਣ ਕਮਿਸ਼ਨ ਨੇ ਸੁਪਰੀਮ ਕੋਰਟ 'ਚ ਕਿਹਾ ਕਿ ਉਹ 15 ਸੀਟਾਂ 'ਤੇ ਹੋਣ ਵਾਲੀ ਜ਼ਿਮਨੀ ਚੋਣਾਂ ਨੂੰ ਫਿਲਹਾਲ ਟਾਲ ਰਿਹਾ ਹੈ। ਸੁਪਰੀਮ ਕੋਰਟ 'ਚ ਕਰਨਾਟਕ ਦੇ 17 ਵਿਧਾਇਕਾਂ ਦੀ ਅਯੋਗਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਪੈਂਡਿੰਗ ਹੈ, ਜਿਸ 'ਤੇ 22 ਅਕਤੂਬਰ ਨੂੰ ਸੁਣਵਾਈ ਹੋਣੀ ਹੈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਕਰਨਾਟਕ 'ਚ ਵਿਧਾਨ ਸਭਾ ਦੀਆਂ 15 ਸੀਟਾਂ 'ਤੇ 21 ਅਕਤੂਬਰ ਨੂੰ ਚੋਣਾਂ ਕਰਵਾਏ ਜਾਣ ਦਾ ਐਲਾਨ ਕੀਤਾ ਸੀ। ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਣੀ ਸੀ। ਸੂਬੇ ਵਿਚ ਮੌਜੂਦਾ ਭਾਜਪਾ ਸਰਕਾਰ ਤੋਂ ਪਹਿਲਾਂ ਕਾਂਗਰਸ-ਜੇ. ਡੀ. ਐੱਸ. ਗਠਜੋੜ ਦੀ ਸਰਕਾਰ ਸੀ। ਕਰੀਬ 17 ਬਾਗੀ ਵਿਧਾਇਕਾਂ ਨੂੰ ਅਯੋਗ ਠਹਿਰਾਇਆ ਦਿੱਤਾ ਗਿਆ ਸੀ, ਜਿਸ ਦੇ ਚੱਲਦੇ ਇਹ ਸੀਟਾਂ ਖਾਲੀ ਹੋਈਆਂ ਸਨ। 

ਅਯੋਗ ਠਹਿਰਾਏ ਗਏ ਇਨ੍ਹਾਂ 17 ਵਿਧਾਇਕਾਂ ਨੇ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਅਪੀਲ ਕੀਤੀ ਸੀ। ਇਨ੍ਹਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਜ਼ਿਮਨੀ ਚੋਣਾਂ ਲੜਨ ਦੀ ਆਗਿਆ ਦਿੱਤੀ ਜਾਵੇ ਅਤੇ ਇਸ ਨੂੰ ਲੈ ਕੇ ਸੁਪਰੀਮ ਕੋਰਟ ਕੋਈ ਦਿਸ਼ਾ-ਨਿਰਦੇਸ਼ ਜਾਂ ਅੰਤਰਿਮ ਹੁਕਮ ਜਾਰੀ ਕਰੇ। ਸੁਪਰੀਮ ਕੋਰਟ 'ਚ ਉਨ੍ਹਾਂ ਦੀ ਇਸ ਪਟੀਸ਼ਨ 'ਤੇ 22 ਅਕਤੂਬਰ ਨੂੰ ਸੁਣਵਾਈ ਹੋਣੀ ਹੈ। ਇਸ ਨੂੰ ਦੇਖ ਦੇ ਹੋਏ ਚੋਣ ਕਮਿਸ਼ਨ ਨੇ ਫਿਲਹਾਲ ਕਰਨਾਟਕ 'ਚ ਜ਼ਿਮਨੀ ਚੋਣਾਂ ਟਾਲਣ ਦਾ ਫੈਸਲਾ ਕੀਤਾ ਹੈ।


Tanu

Content Editor

Related News