ਕਰਨਾਲ: ਨਹੀਂ ਮੰਨੀ ਸਰਕਾਰ, ਕਿਸਾਨ ਆਗੂ ਬੋਲੇ- ਜਾਰੀ ਰਹੇਗਾ ਸਾਡਾ ਧਰਨਾ
Wednesday, Sep 08, 2021 - 06:27 PM (IST)
ਕਰਨਾਲ— ਕਰਨਾਲ ’ਚ ਕਿਸਾਨ ਆਗੂਆਂ ਅਤੇ ਪ੍ਰਸ਼ਾਸਨ ਵਿਚਾਲੇ ਅੱਜ ਹੋਈ ਬੈਠਕ ਵੀ ਬੇਸਿੱਟਾ ਰਹੀ। ਕਰੀਬ 3 ਘੰਟੇ ਚੱਲੀ ਇਸ ਬੈਠਕ ’ਚ ਕੀ ਗੱਲਬਾਤ ਹੋਈ ਹੈ, ਇਸ ਨੂੰ ਕਿਸਾਨ ਆਗੂਆਂ ਵਲੋਂ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਗਿਆ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੱਸਿਆ ਕਿ ਕਈ ਦੌਰ ਦੀ ਗੱਲਬਾਤ ਮਗਰੋਂ ਵੀ ਪ੍ਰਸ਼ਾਸਨ ਅੜਿਆ ਹੈ। ਸਰਕਾਰ, ਕਰਨਾਲ ਲਾਠੀਚਾਰਜ ਸਮੇਂ ਦੇ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ. ) ਆਯੁਸ਼ ਸਿਨਹਾ ਨੂੰ ਸਸਪੈਂਡ ਕਰਨ ਅਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਨ ਲਈ ਤਿਆਰ ਨਹੀਂ ਹੈ। ਇਸ ਲਈ ਕਰਨਾਲ ’ਚ ਮਿੰਨੀ ਸਕੱਤਰੇਤ ਅੱਗੇ ਸਾਡਾ ਧਰਨਾ ਜਾਰੀ ਰਹੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਆਯੁਸ਼ ਸਿਨਹਾ ਖ਼ਿਲਾਫ਼ ਕਾਰਵਾਈ ਕਰਨਾ ਸਾਡੀ ਸਭ ਤੋਂ ਪਹਿਲੀ ਮੰਗ ਹੈ। ਸਰਕਾਰ ਕਾਰਵਾਈ ਕਰਨ ਲਈ ਸਹਿਮਤ ਨਹੀਂ ਹੈ, ਜਿਸ ਕਾਰਨ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ।
ਇਹ ਵੀ ਪੜ੍ਹੋ: ਕਰਨਾਲ: ਧਰਨੇ ’ਤੇ ਡਟੇ ‘ਖੂੰਡੇ ਵਾਲੇ ਬਾਬੇ’ ਦੀ ਸਰਕਾਰ ਨੂੰ ਲਲਕਾਰ, ਵੀਡੀਓ ’ਚ ਸੁਣੋ ਕੀ ਬੋਲੇ
ਟਿਕੈਤ ਨੇ ਕਿਹਾ ਕਿ ਉੱਤਰ ਪ੍ਰਦੇਸ਼, ਪੰਜਾਬ ਅਤੇ ਹੋਰ ਥਾਵਾਂ ਤੋਂ ਕਿਸਾਨ ਇੱਥੇ ਧਰਨਾ ਪ੍ਰਦਰਸ਼ਨ ’ਚ ਸ਼ਾਮਲ ਹੋਣਗੇ। ਦਿੱਲੀ ਵਿਚ ਸਾਡੇ ਵਿਰੋਧ ਦੇ ਨਾਲ-ਨਾਲ ਇਹ ਅੰਦੋਲਨ ਵੀ ਹੁਣ ਤੱਕ ਜਾਰੀ ਰਹੇਗਾ, ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ। ਸਾਡੀ ਪਹਿਲੀ ਮੰਗ ਹੀ ਇਹ ਹੈ ਕਿ ਅਧਿਕਾਰੀ ਨੂੰ ਸਸਪੈਂਡ ਕੀਤਾ ਜਾਵੇ। ਅਸੀਂ ਤੈਅ ਕੀਤਾ ਹੈ ਕਿ ਸਾਡਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਸਾਡਾ ਧਰਨਾ ਇੱਥੇ ਹੀ ਰਹੇਗਾ।
ਇਹ ਵੀ ਪੜ੍ਹੋ: ਕਰਨਾਲ: ਕਿਸਾਨਾਂ ਨੇ ਮਿੰਨੀ ਸਕੱਤਰੇਤ ਅੱਗੇ ਲਾਏ ਪੱਕੇ ਡੇਰੇ, ਕਿਹਾ- ‘ਮੰਗਾਂ ਮੰਨਣ ਤੱਕ ਡਟੇ ਰਹਾਂਗੇ’
ਦੱਸ ਦਈਏ ਕਿ ਕਰਨਾਲ ਦੀ ਨਵੀਂ ਅਨਾਜ ਮੰਡੀ ‘ਚ ਮਹਾਪੰਚਾਇਤ ਸੱਦੀ ਗਈ ਸੀ। ਕਿਸਾਨਾਂ ਅਤੇ ਕਰਨਾਲ ਪ੍ਰਸ਼ਾਸਨ ਵਿਚਾਲੇ ਹੋਈ ਬੈਠਕ ‘ਚ ਕੋਈ ਹੱਲ ਨਹੀਂ ਨਿਕਲਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ। ਕਿਸਾਨਾਂ ਨੇ ਕੁਝ ਦਿਨ ਪਹਿਲਾ ਕਰਨਾਲ ਵਿੱਚ ਹੋਏ ਲਾਠੀਚਾਰਜ ਦੇ ਵਿਰੁੱਧ ਮੰਗਲਵਾਰ ਨੂੰ ਇਹ ਪ੍ਰਦਰਸ਼ਨ ਕੀਤਾ ਹੈ। ਪੁਲਸ ਨੇ ਕਿਸਾਨਾਂ ਨੂੰ ਰੋਕਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ ਪਰ ਕਿਸਾਨ ਅੱਗੇ ਵਧਦੇ ਗਏ, ਜਿਨ੍ਹਾਂ ਨੇ ਸਕੱਤਰੇਤ ਮੂਹਰੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀ ਕਿਸਾਨ ‘ਕਿਸਾਨਾਂ ਦੇ ਸਿਰ ਭੰਨਣ’ ਦਾ ਆਦੇਸ਼ ਦੇਣ ਵਾਲੇ ਐੱਸ. ਡੀ. ਐੱਮ. ਅਤੇ ਲਾਠੀਚਾਰਜ ਕਰਨ ਵਾਲੇ ਪੁਲਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ’ਤੇ ਅੜੇ ਹਨ।
ਇਹ ਵੀ ਪੜ੍ਹੋ: ਜਲ ਤੋਪਾਂ ਅੱਗੇ ਨਹੀਂ ਝੁਕੇ ਕਿਸਾਨ, ਮਿੰਨੀ ਸਕੱਤਰੇਤ ਜਾ ਲਾਇਆ ਧਰਨਾ