ਕਰਨਾਲ ਮਹਾਪੰਚਾਇਤ: ਕਿਸਾਨਾਂ ਦੀ 11 ਮੈਂਬਰੀ ਕਮੇਟੀ ਨਾਲ ਪ੍ਰਸ਼ਾਸਨ ਦੀ ਬੈਠਕ ਸ਼ੁਰੂ, ਹੋ ਸਕਦੈ ਵੱਡਾ ਫ਼ੈਸਲਾ

Tuesday, Sep 07, 2021 - 01:31 PM (IST)

ਕਰਨਾਲ ਮਹਾਪੰਚਾਇਤ: ਕਿਸਾਨਾਂ ਦੀ 11 ਮੈਂਬਰੀ ਕਮੇਟੀ ਨਾਲ ਪ੍ਰਸ਼ਾਸਨ ਦੀ ਬੈਠਕ ਸ਼ੁਰੂ, ਹੋ ਸਕਦੈ ਵੱਡਾ ਫ਼ੈਸਲਾ

ਕਰਨਾਲ— ਹਰਿਆਣਾ ਦੇ ਕਰਨਾਲ ’ਚ ਬੀਤੀ 28 ਅਗਸਤ ਹੋਏ ਪੁਲਸ ਲਾਠੀਚਾਰਜ ਵਿਰੁੱਧ ਕਿਸਾਨ ਅੱਜ ਮਹਾਪੰਚਾਇਤ ਕਰ ਰਹੇ ਹਨ। ਕਿਸਾਨ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ’ਤੇ ਅੜੇ ਹੋਏ ਹਨ। ਇਸੇ ਦਰਮਿਆਨ ਕਿਸਾਨਾਂ ਦੇ ਵੱਡੇ ਇਕੱਠ ਨੂੰ ਵੇਖਦੇ ਹੋਇਆ ਸਰਕਾਰ ਨੇ ਗੱਲਬਾਤ ਲਈ ਸੱਦਾ ਦਿੱਤਾ ਅਤੇ ਕਿਸਾਨਾਂ ਵਲੋਂ 11 ਮੈਂਬਰੀ ਕਮੇਟੀ ਡੀ. ਸੀ. ਅਤੇ ਐੱਸ. ਪੀ. ਕਰਨਾਲ ਨਾਲ ਗੱਲਬਾਤ ਕਰਨ ਲਈ ਪੁੱਜੀ ਹੈ। ਇਸ ਕਮੇਟੀ ’ਚ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚਢੂਨੀ ਤੋਂ ਇਲਾਵਾ ਹੋਰ ਵੀ ਕਿਸਾਨ ਆਗੂ ਮੌਜੂਦ ਹਨ। ਫ਼ਿਲਹਾਲ ਗੱਲਬਾਤ ਜਾਰੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਸ਼ਾਸਨ ਸਵੀਕਾਰ ਕਰ ਲਵੇਗਾ ਅਤੇ ਕਿਸਾਨਾਂ ਵਲੋਂ ਸਕੱਤਰੇਤ ਦਾ ਘਿਰਾਓ ਨਹੀਂ ਕੀਤਾ ਜਾਵੇਗਾ। 

ਦੱਸ ਦੇਈਏ ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਵਲੋਂ ਲਾਠੀਚਾਰਜ ਵਿਚ ਜ਼ਖਮੀ ਹੋਣ ਮਗਰੋਂ ਜਾਨ ਗੁਆਉਣ ਵਾਲੇ ਕਿਸਾਨ ਦੇ ਪਰਿਵਾਰ 25 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਗਈ। ਚਢੂਨੀ ਨੇ ਹੋਰ ਜ਼ਖਮੀ ਹੋਏ ਕਿਸਾਨਾਂ ਨੂੰ 2-2 ਲੱਖ ਰੁਪਏ ਦੇਣ ਦੀ ਵੀ ਮੰਗ ਕੀਤੀ ਹੈ। ਇਸ ਲਈ ਹਰਿਆਣਾ ਸਰਕਾਰ ਨੂੰ 6 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਉਹ ਅੱਜ ਯਾਨੀ ਕਿ 7 ਸਤੰਬਰ ਨੂੰ ਮਹਾਪੰਚਾਇਤ ਬੁਲਾਉਣਗੇ, ਸਗੋਂ ਅੱਜ ਕਿਸਾਨ ਕਰਨਾਲ ’ਚ ਇਕੱਠੇ ਹੋਏ ਹਨ। ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖ਼ਰਕਾਰ ਕੀ ਫ਼ੈਸਲਾ ਲਿਆ ਜਾਂਦਾ ਹੈ।

ਕੀ ਹੈ ਪੂਰਾ ਮਾਮਲਾ—
ਦੱਸਣਯੋਗ ਹੈ ਕਿ 28 ਅਗਸਤ ਨੂੰ ਕਰਨਾਲ ’ਚ ਭਾਜਪਾ ਦੀ ਸੂਬਾ ਪੱਧਰੀ ਮੀਟਿੰਗ ਦਾ ਕਿਸਾਨਾਂ ਨੇ ਵਿਰੋਧ ਕੀਤਾ ਸੀ।ਇਸ ਦੌਰਾਨ ਕਰਨਾਲ ਦੇ  ਐੱਸ. ਡੀ. ਐੱਮ. ਆਯੁਸ਼ ਸਿਨਹਾ ਨੇ ਪੁਲਸ ਦੇ ਜਵਾਨਾਂ ਨੂੰ ਸੁਰੱਖਿਆ ਨੂੰ ਲੈ ਕੇ ਸਮਝਾ ਰਹੇ ਸਨ। ਉਨ੍ਹਾਂ ਨੇ ਪੁਲਸ ਨੂੰ ਕਿਹਾ ਸੀ ਕਿ ਜੇਕਰ ਕੋਈ ਵੀ ਸੁਰੱਖਿਆ ਘੇਰਾ ਤੋੜਦਾ ਹੈ ਤਾਂ ਉਸ ਦਾ ਸਿਰ ਭੰਨ ਦਿਓ। ਉਨ੍ਹਾਂ ਦਾ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਸ ਹੋ ਗਿਆ ਸੀ। ਵਿਵਾਦ ਮਗਰੋਂ ਹਰਿਆਣਾ ਸਰਕਾਰ ਨੇ ਆਯੁਸ਼ ਸਿਨਹਾ ਦਾ ਤਬਾਦਲਾ ਵਧੀਕ ਸਕੱਤਰ ਦੇ ਤੌਰ ’ਤੇ ਕਰ ਦਿੱਤਾ ਹੈ।


author

Tanu

Content Editor

Related News