ਨੋਟਾਂ ਦੇ ਆਕਾਰ ''ਚ ਫਰਕ ''ਤੇ ਜਵਾਬ ਦੇਣ ਮੋਦੀ : ਕਪਿਲ ਸਿੱਬਲ
Wednesday, Aug 09, 2017 - 07:30 AM (IST)

ਨਵੀਂ ਦਿੱਲੀ— ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਨੋਟਬੰਦੀ ਦੇ ਮਗਰੋਂ ਛਾਪੇ ਗਏ 500 ਅਤੇ 2000 ਦੇ ਨਵੇਂ ਨੋਟਾਂ 'ਚ ਗੜਬੜੀ 'ਤੇ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਹੈ। ਇਹ ਮੰਗ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਇਥੇ ਵਿਸ਼ੇਸ਼ ਪ੍ਰੈੱਸ ਕਾਨਫਰੰਸ 'ਚ ਕੀਤੀ। ਉਨ੍ਹਾਂ ਕਿਹਾ ਕਿ 500 ਰੁਪਏ ਦੇ 3 ਤਰ੍ਹਾਂ ਦੇ ਨੋਟ ਬਾਜ਼ਾਰ ਵਿਚ ਚੱਲ ਰਹੇ ਹਨ ਅਤੇ 2000 ਦੇ ਨੋਟਾਂ 'ਚ ਵੀ ਕਾਫੀ ਫਰਕ ਹੈ। ਇਥੋਂ ਤਕ ਕਿ ਇਕ ਬੰਡਲ 'ਚ ਇਕ ਹੀ ਮੁੱਲ ਦੇ ਕ੍ਰਮਵਾਰ ਰੱਖੇ ਗਏ 2 ਨੋਟਾਂ ਦਾ ਡਿਜ਼ਾਈਨ, ਰੂਪ-ਰੰਗ ਅਤੇ ਆਕਾਰ 'ਚ ਵੀ ਫਰਕ ਹੈ। ਇਸ ਨਾਲ ਭਰਮ ਦੀ ਹਾਲਤ ਪੈਦਾ ਹੋ ਗਈ ਹੈ ਅਤੇ ਦੇਸ਼ ਦੀ ਵਿੱਤੀ ਹਾਲਤ 'ਤੇ ਵੀ ਸਵਾਲ ਉਠ ਰਹੇ ਹਨ। ਇਸ ਲਈ ਪ੍ਰਧਾਨ ਮੰਤਰੀ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਦੇ ਅਨੁਸਾਰ 500 ਰੁਪਏ ਦੇ ਨੋਟ ਦੀ ਲੰਬਾਈ 150 ਮਿ. ਮੀ. ਅਤੇ ਚੌੜਾਈ 66 ਮਿ. ਮੀ. ਹੈ ਪਰ ਬਾਜ਼ਾਰ ਵਿਚ 155, 153 ਅਤੇ 151 ਮਿ. ਮੀ. ਦੇ 500 ਰੁਪਏ ਦੇ ਨੋਟ ਮੌਜੂਦ ਹਨ। ਇਨ੍ਹਾਂ ਦੇ ਆਕਾਰ ਦੇ ਇਲਾਵਾ ਡਿਜ਼ਾਈਨ ਅਤੇ ਫੀਚਰਜ਼ 'ਚ ਵੀ ਫਰਕ ਹੈ। ਅਸ਼ੋਕ ਚੱਕਰ ਦੀ ਥਾਂ 'ਤੇ ਵੀ ਫਰਕ ਹੈ ਅਤੇ ਨੋਟ ਦੇ ਰੰਗ 'ਚ ਵੀ ਅੰਤਰ ਹੈ। ਇਸੇ ਤਰ੍ਹਾਂ ਦੇ ਫਰਕ 2000 ਦੇ ਨੋਟਾਂ 'ਤੇ ਵੀ ਹਨ। ਸ਼੍ਰੀ ਸਿੱਬਲ ਨੇ ਕਿਹਾ ਕਿ ਇਕ ਨੋਟ ਭਾਰਤੀ ਰਿਜ਼ਰਵ ਬੈਂਕ ਛਾਪ ਕੇ ਜਾਰੀ ਕਰ ਰਿਹਾ ਹੈ ਤਾਂ ਦੂਸਰਾ ਨੋਟ ਕੌਣ ਛਾਪ ਰਿਹਾ ਹੈ, ਕਿਸ ਪ੍ਰਿੰਟਿੰਗ ਪ੍ਰੈੱਸ ਤੋਂ ਉਹ ਨੋਟ ਛਪ ਰਹੇ ਹਨ ਅਤੇ ਕਿਸ ਦੇ ਹੁਕਮ 'ਤੇ ਛਾਪੇ ਜਾ ਰਹੇ ਹਨ, ਇਹ ਨੋਟ ਦੇਸ਼ ਵਿਚ ਹੀ ਛਪ ਰਹੇ ਹਨ ਜਾਂ ਵਿਦੇਸ਼ ਤੋਂ ਛਪ ਕੇ ਆ ਰਹੇ ਹਨ।