ਕਾਨਪੁਰ ਮੁਕਾਬਲਾ : ਤਿੰਨ ਹੋਰ ਪੁਲਸ ਮੁਲਾਜ਼ਮ ਮੁਅੱਤਲ ਕੀਤੇ ਗਏ

Monday, Jul 06, 2020 - 01:47 PM (IST)

ਕਾਨਪੁਰ ਮੁਕਾਬਲਾ : ਤਿੰਨ ਹੋਰ ਪੁਲਸ ਮੁਲਾਜ਼ਮ ਮੁਅੱਤਲ ਕੀਤੇ ਗਏ

ਕਾਨਪੁਰ-  ਕਾਨਪੁਰ 'ਚ ਮੁੱਖ ਦੋਸ਼ੀ ਵਿਕਾਸ ਦੁਬੇ ਦੇ ਘਰ ਦੇ ਬਾਹਰ ਹੋਏ ਮੁਕਾਬਲੇ 'ਚ 8 ਪੁਲਸ ਮੁਲਾਜ਼ਮਾਂ ਦੇ ਸ਼ਹੀਦ ਹੋਣ ਦੀ ਘਟਨਾ ਤੋਂ ਬਾਅਦ ਡਿਊਟੀ 'ਚ ਲਾਪਰਵਾਹੀ ਵਰਤਣ ਲਈ ਤਿੰਨ ਹੋਰ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੀਨੀਅਰ ਪੁਲਸ ਸੁਪਰਡੈਂਟ ਦਿਨੇਸ਼ ਕੁਮਾਰ ਪੀ ਨੇ ਦੱਸਿਆ ਕਿ ਮੁਅੱਤਲ ਹੋਣ ਵਾਲਿਆਂ 'ਚ ਸਬ ਇੰਸਪੈਕਟਰ- ਕੁੰਵਰਪਾਲ, ਕ੍ਰਿਸ਼ਨ ਕੁਮਾਰ ਅਤੇ ਕਾਂਸਟੇਬਲ ਰਾਜੀਵ ਹਨ। ਇਹ ਸਾਰੇ ਚੌਬੇਪੁਰ ਥਾਣੇ 'ਚ ਤਾਇਨਾਤ ਸਨ। ਤਿੰਨਾਂ ਵਿਰੁੱਧ ਸ਼ੁਰੂਆਤੀ ਜਾਂਚ ਸ਼ੁਰੂ ਕੀਤੀ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਪੁਲਸ ਮੁਲਾਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਜੇਕਰ ਜਾਂਚ ਦੌਰਾਨ ਉਨ੍ਹਾਂ ਦੀ ਭੂਮਿਕਾ ਜਾਂ ਸਾਜਿਸ਼ ਸਾਹਮਣੇ ਆਈ ਤਾਂ ਉਨ੍ਹਾਂ ਵਿਰੁੱਧ ਅੱਗੇ ਕਾਰਵਾਈ ਕੀਤੀ ਜਾਵੇਗੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤਿੰਨੋਂ ਪੁਲਸ ਮੁਲਾਜ਼ਮ ਚੌਬੇਪੁਰ ਦੇ ਥਾਣਾ ਇੰਚਾਰਜ ਵਿਨੇ ਤਿਵਾੜੀ ਨਾਲ ਵਿਕਾਸ ਦੁਬੇ ਦੇ ਘਰ ਬੁੱਧਵਾਰ ਨੂੰ ਗਏ ਸਨ। ਸਥਾਨਕ ਕਾਰੋਬਾਰੀ ਰਾਹੁਲ ਤਿਵਾੜੀ ਦੀ ਸ਼ਿਕਾਇਤ 'ਤੇ ਪੁਲਸ ਉੱਥੇ ਦਬਿਸ਼ ਦੇਣ ਗਈ ਸੀ। ਰਾਹੁਲ ਨੂੰ ਵਿਕਾਸ ਦੁਬੇ ਨੇ ਪੁਲਸ ਦੀ ਮੌਜੂਦਗੀ 'ਚ ਕੁੱਟਿਆ ਸੀ। ਜਦੋਂ ਤਿਵਾੜੀ ਨੇ ਵਿਚ-ਬਚਾਅ ਦੀ ਕੋਸ਼ਿਸ਼ ਕੀਤੀ ਤਾਂ ਦੁਬੇ ਨੇ ਉਨ੍ਹਾਂ ਦਾ ਮੋਬਾਇਲ ਖੋਹ ਕੇ ਉਨ੍ਹਾਂ ਨਾਲ ਹੀ ਬਦਸਲੂਕੀ ਕੀਤੀ ਸੀ। ਉਸ ਤੋਂ ਬਾਅਦ ਦੋਹਾਂ ਦਰਮਿਆਨ ਕਹਾਸੁਣੀ ਅਤੇ ਧੱਕਾਮੁੱਕੀ ਵੀ ਹੋਈ ਅਤੇ ਫਿਰ ਪੁਲਸ ਘਰੋਂ ਚੱਲੀ ਗਈ। ਮੁਕਾਬਲੇ ਦੀ ਵਾਰਦਾਤ ਤੋਂ ਬਾਅਦ ਵਿਨੇ ਤਿਵਾੜੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।


author

DIsha

Content Editor

Related News