ਮੱਕਾ ਮਸਜਿਦ ਧਮਾਕਾ: ਜੱਜ ਰੈੱਡੀ ਦਾ ਅਸਤੀਫਾ ਨਾਮਨਜ਼ੂਰ

04/19/2018 1:21:49 PM

ਨਵੀਂ ਦਿੱਲੀ— ਹੈਦਰਾਬਾਦ ਦੀ ਮੱਕਾ ਮਸਜਿਦ ਧਮਾਕਾ ਮਾਮਲੇ 'ਚ ਫੈਸਲਾ ਸੁਣਾਉਣ ਦੇ ਕੁਝ ਹੀ ਘੰਟਿਆਂ ਬਾਅਦ ਸਪੈਸ਼ਲ ਐੱਨ.ਆਈ.ਏ. ਕੋਰਟ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਰਵਿੰਦਰ ਰੈੱਡੀ ਦੇ ਅਸਤੀਫੇ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਹਾਈ ਕੋਰਟ ਨੇ ਜੱਜ ਰੈੱਡੀ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ। ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਹਾਈ ਕੋਰਟ ਨੇ ਜੱਜ ਰੈੱਡੀ ਨੂੰ ਤੁਰੰਤ ਡਿਊਟੀ 'ਤੇ ਵਾਪਸ ਆਉਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਮੱਕਾ ਮਸਜਿਦ ਧਮਾਕਾ ਕੇਸ 'ਚ ਫੈਸਲਾ ਸੁਣਾਉਣ ਦੇ ਤੁਰੰਤ ਬਾਅਦ ਜੱਜ ਰੈੱਡੀ ਨੇ ਅਹੁਦਾ ਛੱਡ ਦਿੱਤਾ ਸੀ। ਰੈੱਡੀ ਨੇ ਆਪਣੇ ਅਸਤੀਫੇ ਲਈ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਸੀ ਅਤੇ ਕਿਹਾ ਸੀ ਕਿ ਇਸ ਦਾ ਮੱਕਾ ਮਸਜਿਦ ਦੇ ਫੈਸਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਕ ਅਧਿਕਾਰੀ ਨੇ ਕਿਹਾ ਸੀ ਕਿ ਜੱਜ ਰੈੱਡੀ ਕਾਫੀ ਸਮੇਂ ਤੋਂ ਅਸਤੀਫਾ ਦੇਣ 'ਤੇ ਵਿਚਾਰ ਕਰ ਰਹੇ ਸਨ। ਏ.ਆਈ.ਐੱਮ.ਆਈ.ਐੱਮ. ਚੀਫ ਅਸਦੁਦੀਨ ਓਵੈਸੀ ਨੇ ਜੱਜ ਦੇ ਅਸਤੀਫੇ 'ਤੇ ਹੈਰਾਨੀ ਜ਼ਾਹਰ ਕੀਤੀ ਸੀ।

ਜ਼ਿਕਰਯੋਗ ਹੈ ਕਿ ਜੱਜ ਰੈੱਡੀ ਨੇ ਆਪਣੇ ਫੈਸਲੇ 'ਚ ਮੱਕਾ ਮਸਜਿਦ ਧਮਾਕਾ ਮਾਮਲੇ 'ਚ ਫੈਸਲਾ ਸੁਣਾਉਂਦੇ ਹੋਏ ਸਵਾਮੀ ਅਸੀਮਾਨੰਦ ਸਮੇਤ ਸਾਰੇ 5 ਦੋਸ਼ੀਆਂ ਨੂੰ ਸਬੂਤ ਦੀ ਕਮੀ ਕਾਰਨ ਬਰੀ ਕਰ ਦਿੱਤਾ ਸੀ। ਫੈਸਲੇ ਤੋਂ ਬਾਅਦ ਅਸੀਮਾਨੰਦ ਦੇ ਵਕੀਲ ਨੇ ਦੱਸਿਆ,''ਜੱਜ ਨੇ ਆਪਣੇ ਆਦੇਸ਼ 'ਚ ਇਹ ਟਿੱਪਣੀ ਕੀਤੀ ਹੈ ਕਿ ਇਸਤਗਾਸਾ ਪੱਖ ਵੱਲੋਂ ਲਗਾਏ ਗਏ ਦੋਸ਼ਾਂ 'ਚੋਂ ਇਕ ਵੀ ਸਾਬਤ ਨਹੀਂ ਹੋ ਸਕਿਆ ਅਤੇ ਇਸ ਲਈ ਉਨ੍ਹਾਂ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ।'' ਸਵਾਮੀ ਅਸੀਮਾਨੰਦ ਇਸ ਮਾਮਲੇ ਦੇ ਮੁੱਖ ਦੋਸ਼ੀਆਂ 'ਚੋਂ ਇਕ ਸਨ। 18 ਮਈ 2007 ਨੂੰ ਹੋਏ ਇਸ ਧਮਾਕੇ 'ਚ 9 ਲੋਕ ਮਾਰੇ ਗਏ ਸਨ, ਜਦੋਂ ਕਿ 58 ਜ਼ਖਮੀ ਹੋਏ ਸਨ। ਬਾਅਦ 'ਚ ਪ੍ਰਦਰਸ਼ਨਕਾਰੀਆਂ 'ਤੇ ਹੋਈ ਪੁਲਸ ਫਾਇਰਿੰਗ 'ਚ ਵੀ ਕੁਝ ਲੋਕ ਮਾਰੇ ਗਏ ਸਨ। ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ 10 ਦੋਸ਼ੀਆਂ 'ਚੋਂ 8 ਲੋਕਾਂ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ ਸੀ। ਸਾਰੇ 5 ਦੋਸ਼ੀਆਂ ਦੇਵੇਂਦਰ ਗੁਪਤਾ, ਲੋਕੇਸ਼ ਸ਼ਰਮਾ, ਸਵਾਮੀ ਅਸੀਮਾਨੰਦ ਉਰਫ ਨਬਾ ਕੁਮਾਰ ਸਰਕਾਰ, ਭਾਰਤ ਮੋਹਨਲਾਲ ਰਤਨੇਸ਼ਵਰ ਉਰਫ ਭਾਰਤ ਭਾਈ ਅਤੇ ਰਾਜੇਂਦਰ ਚੌਧਰੀ ਨੂੰ ਕੋਰਟ ਨੇ ਬਰੀ ਕਰਨ ਦਾ ਫੈਸਲਾ ਸੁਣਾਇਆ। ਇਨ੍ਹਾਂ ਸਾਰਿਆਂ ਨੂੰ ਮੱਕਾ ਮਸਜਿਦ ਧਮਾਕਾ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ 'ਤੇ ਟ੍ਰਾਇਲ ਚੱਲਿਆ ਸੀ।


Related News