ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਪੱਤਰਕਾਰ ਮੀਡੀਆ ਟੂਰ ਦੇ ਤਹਿਤ ਮਿਜ਼ੋਰਮ ਪਹੁੰਚੇ

Sunday, Mar 22, 2026 - 11:44 PM (IST)

ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਪੱਤਰਕਾਰ ਮੀਡੀਆ ਟੂਰ ਦੇ ਤਹਿਤ ਮਿਜ਼ੋਰਮ ਪਹੁੰਚੇ

ਜਲੰਧਰ (ਸਾਹਨੀ) - ਪੱਤਰ ਸੂਚਨਾ ਦਫ਼ਤਰ ਜਲੰਧਰ ਵੱਲੋਂ 22 ਤੋਂ 28 ਮਾਰਚ ਤੱਕ ਪੀ. ਆਈ. ਬੀ. ਆਈਜ਼ੌਲ ਦੇ ਸਹਿਯੋਗ ਨਾਲ ਆਯੋਜਿਤ ਮੀਡੀਆ ਟੂਰ ਦੇ ਤਹਿਤ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਪੱਤਰਕਾਰਾਂ ਦਾ ਵਫ਼ਦ ਅੱਜ ਆਈਜ਼ੌਲ, ਮਿਜ਼ੋਰਮ ਪਹੁੰਚਿਆ। ਪੱਤਰਕਾਰਾਂ ਦੇ ਇਸ ਵਫ਼ਦ ਦੀ ਅਗਵਾਈ ਪੀ. ਆਈ. ਬੀ. ਜਲੰਧਰ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਡਾ. ਵਿਕਰਮ ਸਿੰਘ ਕਰ ਰਹੇ ਹਨ।
ਆਈਜ਼ੌਲ ਪਹੁੰਚਣ ’ਤੇ ਪੀ. ਆਈ. ਬੀ. ਆਈਜ਼ੌਲ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਡਾ. ਰਾਜੀਵ ਲੌਰੇਮਬਮ ਨੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ। ਪੱਤਰਕਾਰਾਂ ਦਾ ਸਵਾਗਤ ਕਰਦੇ ਹੋਏ ਡਾ. ਲੌਰੇਮਬਮ ਨੇ ਵੱਖ-ਵੱਖ ਖੇਤਰਾਂ ਦੇ ਪੱਤਰਕਾਰਾਂ ਵਿਚਕਾਰ ਪੇਸ਼ਾਵਰ ਸੰਵਾਦ ਅਤੇ ਗਿਆਨ ਸਾਂਝਾ ਕਰਨ ਨੂੰ ਮਜ਼ਬੂਤ ਕਰਨ ਵਿਚ ਅਜਿਹੇ ਮੀਡੀਆ ਦੌਰਿਆਂ ਦੀ ਮਹੱਤਤਾ ’ਤੇ ਚਾਨਣਾ ਪਾਇਆ।

ਉਨ੍ਹਾਂ ਦੱਸਿਆ ਕਿ ਇਸ ਮੀਡੀਆ ਟੂਰ ਦੌਰਾਨ ਪੱਤਰਕਾਰਾਂ ਦਾ ਵਫ਼ਦ ਸਾਈਰੰਗ ਰੇਲਵੇ ਸਟੇਸ਼ਨ ਅਤੇ ਥੇਨਜ਼ੌਲ ਸੋਲਰ ਪਾਵਰ ਪਲਾਂਟ ਸਮੇਤ ਵੱਖ-ਵੱਖ ਵਿਕਾਸ ਪ੍ਰਾਜੈਕਟ ਸਥਾਨਾਂ ਦਾ ਦੌਰਾ ਕਰੇਗਾ। ਪੱਤਰਕਾਰਾਂ ਵੱਲੋਂ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਤਾਂ ਜੋ ਸੂਬੇ ਵਿਚ ਕੀਤੀਆਂ ਜਾ ਰਹੀਆਂ ਵੱਖ-ਵੱਖ ਵਿਕਾਸ ਗਤੀਵਿਧੀਆਂ ਬਾਰੇ ਡੂੰਘੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।

ਇਸ ਮੌਕੇ ਡਾ. ਵਿਕਰਮ ਸਿੰਘ ਨੇ ਕਿਹਾ ਕਿ ਪੀ. ਆਈ. ਬੀ. ਵੱਲੋਂ ਆਯੋਜਿਤ ਮੀਡੀਆ ਟੂਰ ਪੱਤਰਕਾਰਾਂ ਨੂੰ ਦੂਜੇ ਸੂਬਿਆਂ ’ਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਸਮਝਣ ਦਾ ਇਕ ਵਧੀਆ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਜਿਹੀਆਂ ਪਹਿਲਕਦਮੀਆਂ ਦੇ ਸੰਪਰਕ ਵਿਚ ਆਉਣ ਨਾਲ ਪੱਤਰਕਾਰਾਂ ਨੂੰ ਨਵੇਕਲੇ ਤਰੀਕਿਆਂ ਅਤੇ ਵਿਕਾਸ ਮਾਡਲਾਂ ਬਾਰੇ ਸਮਝ ਪ੍ਰਾਪਤ ਕਰਨ ਵਿਚ ਮਦਦ ਮਿਲ ਸਕਦੀ ਹੈ, ਜੋ ਉਨ੍ਹਾਂ ਦੇ ਆਪਣੇ ਖੇਤਰਾਂ ਲਈ ਪ੍ਰੇਰਨਾ ਦਾ ਕੰਮ ਵੀ ਕਰ ਸਕਦੇ ਹਨ।


author

Inder Prajapati

Content Editor

Related News