ਬੈਠਕ ਤੋਂ ਪਹਿਲਾਂ ਜੋਗਿੰਦਰ ਸਿੰਘ ਉਗਰਾਹਾਂ ਦਾ ਬਿਆਨ, ਕਿਹਾ- ਅੱਜ ਵੀ ਹੱਲ ਨਿਕਲਣ ਦੀ ਨਹੀਂ ਕੋਈ ਉਮੀਦ (ਵੀਡੀਓ)

Friday, Jan 08, 2021 - 01:45 PM (IST)

ਨਵੀਂ ਦਿੱਲੀ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ ਅੱਜ ਯਾਨੀ ਸ਼ੁੱਕਰਵਾਰ ਨੂੰ 44ਵਾਂ ਦਿਨ ਹੈ। ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਅੱਜ 2 ਵਜੇ 8ਵੇਂ ਦੌਰ ਦੀ ਗੱਲਬਾਤ ਹੋਵੇਗੀ। ਭਾਰਤੀ ਕਿਸਾਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅੱਜ ਦੀ ਬੈਠਕ 'ਚ ਵੀ ਕੁਝ ਹੱਲ ਨਹੀਂ ਨਿਕਲੇਗਾ। ਉਨ੍ਹਾਂ ਨੇ ਕਿਹਾ ਕਿ ਤੋਮਰ ਸਾਹਿਬ ਜੀ ਨੇ ਕਿਹਾ ਕਿ ਖੇਤੀ ਕਾਨੂੰਨ ਤੋਂ ਬਿਨਾਂ ਜਿਹੜੀ ਵੀ ਤਜਵੀਜ਼ ਰੱਖੋਗੇ, ਉਸ 'ਤੇ ਗੌਰ ਕੀਤਾ ਜਾਵੇਗਾ। ਉਗਰਾਹਾਂ ਨੇ ਕਿਹਾ ਕਿ ਅਸੀਂ ਸਿਰਫ਼ ਬੈਠਕ ਕਰਨ ਲਈ ਨਹੀਂ ਆਏ ਹਾਂ। ਉਨ੍ਹਾਂ ਨੇ ਕਿਹਾ ਕਿ ਜੇਕਰ ਖੇਤੀ ਕਾਨੂੰਨ 'ਤੇ ਗੱਲ ਨਹੀਂ ਕਰਨੀ ਹੈ ਤਾਂ ਬੈਠਕ ਕਰਨ ਦਾ ਕੀ ਮਤਲਬ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਕਿਸਾਨ ਵਾਪਸ ਮੁੜਨ ਵਾਲੇ ਨਹੀਂ ਹਨ। 

ਇਹ ਵੀ ਪੜ੍ਹੋ : ਨਰੇਂਦਰ ਤੋਮਰ ਦਾ ਵੱਡਾ ਬਿਆਨ, ਰੱਦ ਨਹੀਂ ਹੋਣਗੇ ਖੇਤੀਬਾੜੀ ਕਾਨੂੰਨ,ਹੋਰ ਕਿਸੇ ਵੀ ਤਜਵੀਜ਼ 'ਤੇ ਵਿਚਾਰ ਨੂੰ ਤਿਆਰ

 

ਦੱਸਣਯੋਗ ਹੈ ਕਿ ਕਿਸਾਨ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ 8ਵੇਂ ਦੌਰ ਦੀ ਗੱਲਬਾਤ ਹੋਣੀ ਹੈ। ਇਸ ਤੋਂ ਪਹਿਲਾਂ 4 ਜਨਵਰੀ ਨੂੰ ਹੋਈ ਬੈਠਕ ਦੇ ਬੇਨਤੀਜਾ ਰਹਿਣ ਤੋਂ ਬਾਅਦ ਇਹ ਬੈਠਕ ਅਹਿਮ ਹੈ। ਸਰਕਾਰ ਨੇ 30 ਦਸੰਬਰ ਨੂੰ 6ਵੇਂ ਦੌਰ ਦੀ ਗੱਲਬਾਤ 'ਚ ਕਿਸਾਨਾਂ ਦੀ ਬਿਜਲੀ ਸਬਸਿਡੀ ਅਤੇ ਪਰਾਲੀ ਸਾੜਨ ਸੰਬੰਧੀ 2 ਮੰਗਾਂ ਨੂੰ ਮੰਨ ਲਿਆ ਸੀ। ਇਸ ਤੋਂ ਪਹਿਲਾਂ ਕਿਸੇ ਵੀ ਬੈਠਕ 'ਚ ਕੋਈ ਸਫ਼ਲਤਾ ਨਹੀਂ ਮਿਲੀ ਸੀ। 8ਵੇਂ ਦੌਰ ਦੀ ਬੈਠਕ ਤੋਂ ਪਹਿਲਾਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੱਲ ਦੇ ਇਤਿਹਾਸਕ ਟਰੈਕਟਰ ਮਾਰਚ ਦਾ ਅਸਰ ਅੱਜ ਦੀ ਬੈਠਕ 'ਚ ਦੇਖਣ ਨੂੰ ਮਿਲੇਗਾ। 

ਨੋਟ : ਜੋਗਿੰਦਰ ਸਿੰਘ ਉਗਰਾਹਾਂ ਦੇ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ? 


DIsha

Content Editor

Related News