JNU ਦੇ VC ਬੋਲੇ- ਘਟਨਾ ਨਿੰਦਾਯੋਗ, ਹਿੰਸਾ ਕਿਸੇ ਵੀ ਚੀਜ਼ ਦਾ ਹੱਲ ਨਹੀਂ

Tuesday, Jan 07, 2020 - 03:52 PM (IST)

JNU ਦੇ VC ਬੋਲੇ- ਘਟਨਾ ਨਿੰਦਾਯੋਗ, ਹਿੰਸਾ ਕਿਸੇ ਵੀ ਚੀਜ਼ ਦਾ ਹੱਲ ਨਹੀਂ

ਨਵੀਂ ਦਿੱਲੀ— ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) 'ਚ ਹੋਈ ਕੁੱਟਮਾਰ 'ਤੇ ਉੱਥੋਂ ਦੇ ਵਾਈਸ ਚਾਂਸਲਰ ਜਗਦੀਸ਼ ਕੁਮਾਰ ਦਾ ਬਿਆਨ ਆ ਗਿਆ ਹੈ। ਵੀ.ਸੀ. ਨੇ ਨਕਾਬਪੋਸ਼ਾਂ ਦੇ ਹਮਲੇ ਨੂੰ ਮੰਦਭਾਗੀ ਦੱਸਿਆ ਅਤੇ ਵਿਦਿਆਰਥੀਆਂ ਨੂੰ ਨਵੀਂ ਸ਼ੁਰੂਆਤ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਹਿੰਸਾ 'ਚ ਸ਼ਾਮਲ ਲੋਕਾਂ ਵਿਰੁੱਧ ਐਕਸ਼ਨ ਜ਼ਰੂਰ ਲਿਆ ਜਾਵੇਗਾ। ਜਗਦੀਸ਼ ਕੁਮਾਰ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਜੇ.ਐੱਨ.ਯੂ. ਦਾ ਕਲਚਰ ਡਿਬੇਟ ਅਤੇ ਗੱਲਬਾਤ ਕਰ ਕੇ ਹੱਲ ਨਿਕਲਣ ਵਾਲਾ ਹੈ। ਹਿੰਸਾ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੋ ਸਕਦੀ।

ਵਿਦਿਆਰਥੀ ਵਿੰਟਰ ਸੈਸ਼ਨ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ
ਵੀ.ਸੀ. ਨੇ ਦੱਸਿਆ ਕਿ ਜੇ.ਐੱਨ.ਯੂ. ਦੇ ਹਾਲਾਤਾਂ ਨੂੰ ਫਿਰ ਤੋਂ ਆਮ ਕਰਨ ਦੀ ਪੂਰੀ ਕੋਸ਼ਿਸ਼ ਚੱਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਠੱਪ ਪਿਆ ਸਰਵਰ ਸਿਸਟਮ ਵੀ ਫਿਰ ਤੋਂ ਚੱਲਣ ਲੱਗਾ ਹੈ। ਹੁਣ ਵਿਦਿਆਰਥੀ ਵਿੰਟਰ ਸੈਸ਼ਨ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ। ਜਗਦੀਸ਼ ਕੁਮਾਰ ਨੇ ਦੱਸਿਆ ਕਿ ਫਿਲਹਾਲ ਕ੍ਰਾਈਮ ਬਰਾਂਚ ਘਟਨਾ ਦੀ ਜਾਂਚ ਕਰ ਰਿਹਾ ਹੈ ਅਤੇ ਉਹ ਇਸ 'ਤੇ ਜ਼ਿਆਦਾ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਨੇ ਦੱਸਿਆ ਕਿ ਪੁਲਸ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇਗੀ। ਸੀ.ਸੀ.ਟੀ.ਵੀ. ਫੁਟੇਜ ਜਾਂ ਹੋਰ ਜੋ ਵੀ ਸਬੂਤ ਹੋਣਗੇ, ਉਹ ਉਨ੍ਹਾਂ ਨੂੰ ਦਿੱਤੇ ਜਾਣਗੇ। ਵੀ.ਸੀ. ਨੇ ਕਿਹਾ ਕਿ ਭੰਨ-ਤੋੜ 'ਚ ਜੋ ਵੀ ਸ਼ਾਮਲ ਸਨ, ਉਹ ਸਾਰੇ ਜ਼ਿੰਮੇਵਾਰ ਹਨ ਅਤੇ ਉਨ੍ਹਾਂ 'ਤੇ ਐਕਸ਼ਨ ਹੋਵੇਗਾ।

ਸਬੂਤ ਜੁਟਾਉਣ ਲਈ ਪਹੁੰਚੀ ਹੈ ਫੋਰੈਂਸਿਕ ਟੀਮ
ਦੱਸਣਯੋਗ ਹੈ ਕਿ ਜੇ.ਐੱਨ.ਯੂ. ਹਿੰਸਾ ਦੀ ਜਾਂਚ ਦੀ ਜ਼ਿੰਮੇਵਾਰੀ ਕ੍ਰਾਈਮ ਬਰਾਂਚ ਨੂੰ ਦਿੱਤੀ ਗਈ ਹੈ। ਟੀਮ ਮੰਗਲਵਾਰ ਨੂੰ ਕੈਂਪਸ ਪਹੁੰਚੀ ਸੀ। ਸਬੂਤ ਜੁਟਾਉਣ ਲਈ ਫੋਰੈਂਸਿਕ ਐਕਸਪਰਟ ਦੀ ਟੀਮ ਵੀ ਪਹੁੰਚੀ ਸੀ। ਜਾਂਚ ਨੂੰ ਦਿਸ਼ਾ ਦੇਣ ਦੇ ਲਿਹਾਜ ਨਾਲ ਫੋਰੈਂਸਿਕ ਵਿਭਾਗ ਦੀ ਜਾਂਚ ਕਾਫ਼ੀ ਮਹੱਤਵਪੂਰਨ ਮੰਨੀ ਜਾਂਦੀ ਹੈ।


author

DIsha

Content Editor

Related News